Breaking News
Home / ਪੰਜਾਬ / ਡੇਢ ਮਹੀਨੇ ‘ਚ ਡੇਢ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਹੇਮਕੁੰਟ ਸਾਹਿਬ ਟੇਕਿਆ ਮੱਥਾ

ਡੇਢ ਮਹੀਨੇ ‘ਚ ਡੇਢ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਹੇਮਕੁੰਟ ਸਾਹਿਬ ਟੇਕਿਆ ਮੱਥਾ

ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਇਸ ਵਾਰ ਵੱਧ ਸੰਗਤਾਂ ਪਹੁੰਚੀਆਂ
ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਚੱਲ ਰਹੀ ਯਾਤਰਾ ਤਹਿਤ ਡੇਢ ਮਹੀਨੇ ਵਿੱਚ ਲਗਪਗ 1 ਲੱਖ 70 ਹਜ਼ਾਰ ਸ਼ਰਧਾਲੂਆਂ ਨੇ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਿਆ ਹੈ। ਇਹ ਪਿਛਲੇ ਪੰਜ ਸਾਲਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਪ੍ਰਵਾਨ ਕੀਤੀ ‘ਰੋਪਵੇਅ ਯੋਜਨਾ’ ਦਾ ਕੰਮ ਸ਼ੁਰੂ ਕੀਤਾ ਜਾਵੇ। ਪਹਿਲੇ ਪੜਾਅ ਤਹਿਤ ਗੁਰਦੁਆਰਾ ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਰੋਪਵੇਅ ਤਿਆਰ ਕੀਤਾ ਜਾਣਾ ਹੈ। ਸੰਨ 2013 ਵਿੱਚ ਉਤਰਾਖੰਡ ਵਿੱਚ ਹੜ ਆਏ ਸਨ ਤੇ ਉਸ ਕੁਦਰਤੀ ਆਫ਼ਤ ਤੋਂ ਬਾਅਦ ਪਹਿਲੀ ਵਾਰ ਏਨੀ ਵੱਡੀ ਗਿਣਤੀ ਸ਼ਰਧਾਲੂਆਂ ਨੇ ਹੇਮਕੁੰਟ ਯਾਤਰਾ ਕੀਤੀ ਹੈ। ਇਹ ਯਾਤਰਾ 24 ਮਈ ਨੂੰ ਸ਼ੁਰੂ ਹੋਈ ਸੀ ਤੇ ਅਕਤੂਬਰ ਦੇ ਸ਼ੁਰੂ ਤੱਕ ਜਾਰੀ ਰਹੇਗੀ। ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਮਈ ਤੋਂ ਅਕਤੂਬਰ ਤੱਕ 1 ਲੱਖ 30 ਹਜ਼ਾਰ ਯਾਤਰੂ ਆਏ ਸਨ, ਜਦਕਿ ਉਸ ਤੋਂ ਪਿਛਲੇ ਸਾਲ ਸਿਰਫ਼ 86 ਹਜ਼ਾਰ ਯਾਤਰੂ ਪੁੱਜੇ ਸਨ। ਇਸ ਵੇਲੇ ਔਸਤਨ 1200 ਤੋਂ 1500 ਯਾਤਰੂ ਰੋਜ਼ਾਨਾ ਪੁੱਜ ਰਹੇ ਹਨ। ਹੇਮਕੁੰਟ ਸਾਹਿਬ ਟਰੱਸਟ ਦੇ ਮੀਤ ਪ੍ਰਧਾਨ ਅਤੇ ਉਤਰਾਖੰਡ ਘੱਟ ਗਿਣਤੀ ਕਮਿਸ਼ਨ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਤੱਕ ਯਾਤਰਾ ਕੀਤੀ। ਉਨਾਂ ਆਖਿਆ ਕਿ ਸਰਕਾਰ ਨੂੰ ਗੁਰਦੁਆਰਾ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਤੱਕ ਪ੍ਰਵਾਨ ਕੀਤੀ ਰੋਪਵੇਅ ਯੋਜਨਾ ਸ਼ੁਰੂ ਕਰਨੀ ਚਾਹੀਦੀ ਹੈ। ਇਸ ਸਬੰਧੀ ਟੈਂਡਰ ਜਾਰੀ ਹੋ ਗਏ ਸਨ ਅਤੇ ਕੰਮ ਕਰਨ ਵਾਲੀ ਕੰਪਨੀ ਦੀ ਵੀ ਚੋਣ ਹੋ ਗਈ ਸੀ ਪਰ ਹੁਣ ਤੱਕ ਕੰਪਨੀ ਵੱਲੋਂ ਕੰਮ ਸ਼ੁਰੂ ਨਹੀਂ ਕੀਤਾ ਗਿਆ। ਲਗਪਗ 47 ਕਰੋੜ ਰੁਪਏ ਦੀ ਯੋਜਨਾ ਤਹਿਤ ਛੇ ਕਿਲੋਮੀਟਰ ਰਸਤੇ ‘ਤੇ ਰੋਪਵੇਅ ਬਣਾਇਆ ਜਾਵੇਗਾ।

Check Also

ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਮੋਹਾਲੀ ਏਅਰਪੋਰਟ ਤੋਂ ਕੀਤਾ ਗਿਫ਼ਤਾਰ

ਪਿਛਲੇ ਕਿਸਾਨ ਅੰਦੋਲਨ ਦੌਰਾਨ ਨਵਦੀਪ ਵਾਟਰ ਕੈਨਨ ਬੁਆਏ ਨਾਲ ਹੋਇਆ ਸੀ ਪ੍ਰਸਿੱਧ ਚੰਡੀਗੜ੍ਹ/ਬਿਊਰੋ ਨਿਊਜ਼ : …