Breaking News
Home / ਪੰਜਾਬ / ਆਮ ਆਦਮੀ ਪਾਰਟੀ ਦਾ ਝਾੜੂ ਹੋਇਆ ਤੀਲਾ-ਤੀਲਾ

ਆਮ ਆਦਮੀ ਪਾਰਟੀ ਦਾ ਝਾੜੂ ਹੋਇਆ ਤੀਲਾ-ਤੀਲਾ

ਖਹਿਰਾ ਤੇ ਅਮਨ ਅਰੋੜਾ ਦਾ ਸਿਆਸੀ ਭਵਿੱਖ ਦਾਅ ‘ਤੇ ਲੱਗਾ
ਚੰਡੀਗੜ੍ਹ/ਬਿਊਰੋ ਨਿਊਜ਼ : ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮੇਜਰ ਜਨਰਲ (ਸੇਵਾ ਮੁਕਤ) ਸੁਰੇਸ਼ ਖਜੂਰੀਆ ਦੀ ਨਮੋਸ਼ੀ ਭਰੀ ਹਾਰ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਮੀਤ ਪ੍ਰਧਾਨ ਅਮਨ ਅਰੋੜਾ ਦਾ ਸਿਆਸੀ ਭਵਿੱਖ ਦਾਅ ‘ਤੇ ਲਾ ਦਿੱਤਾ ਹੈ।
ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਖਜੂਰੀਆ ਦੀ ਜ਼ਮਾਨਤ ਜ਼ਬਤ ਹੋ ਗਈ ਹੈ, ਜਦੋਂ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁੱਚਾ ਸਿੱਘ ਛੋਟੇਪੁਰ ਨੇ ਇਸ ਹਲਕੇ ਵਿੱਚ ‘ਆਪ’ ਦੀ ਟਿਕਟ ਤੋਂ ਚੋਣ ਲੜ ਕੇ 1.72 ਲੱਖ ਦੇ ਕਰੀਬ ਵੋਟਾਂ ਹਾਸਲ ਕੀਤੀਆਂ ਸਨ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਿੱਥੇ ਹਾਈ ਕਮਾਂਡ ਦਾ ਦਿੱਲੀ ਪੱਤਾ ਨਹੀਂ ਚੱਲਿਆ ਸੀ, ਉਥੇ ਹੁਣ ‘ਆਪ’ ਲੀਡਰਸ਼ਿਪ ਦਾ ਸੂਬਾਈ ਪੱਤਾ ਵੀ ਝੜ ਗਿਆ ਹੈ। ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਭਗਵੰਤ ਮਾਨ ਅਤੇ ਖਹਿਰਾ ਨੇ ਦੋਸ਼ ਲਾਏ ਸਨ ਕਿ ਸੂਬਾਈ ਸਿਆਸਤ ਵਿੱਚ ਹਾਈ ਕਮਾਨ ਦੀ ਵਾਧੂ ਦਖ਼ਲਅੰਦਾਜ਼ੀ ਤੇ ਟਿਕਟਾਂ ਦੀ ਗ਼ਲਤ ਵੰਡ ਕਾਰਨ ਹਾਰ ਹੋਈ ਹੈ। ਹੁਣ ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਪੰਜਾਬ ਲੀਡਰਸ਼ਿਪ ਨੇ ਹਾਈ ਕਮਾਨ ਨੂੰ ਪੂਰੀ ਤਰ੍ਹਾਂ ਲਾਂਭੇ ਕਰ ਕੇ ਖਜੂਰੀਆ ਨੂੰ ਉਮੀਦਵਾਰ ਚੁਣਿਆ ਸੀ ਤੇ ਚੋਣ ਪ੍ਰਚਾਰ ਦਾ ਬੀੜਾ ਵੀ ਆਪਣੇ ਮੋਢਿਆਂ ‘ਤੇ ਚੁੱਕਿਆ ਸੀ। ਉਂਜ, ਪੰਜਾਬ ਇਕਾਈ ਦੇ ਸਾਬਕਾ ਇੰਚਾਰਜ ਸੰਜੇ ਸਿੰਘ ਚੋਣ ਪ੍ਰਕਿਰਿਆ ਦੌਰਾਨ ਇਕ ਰਾਤ ਗੁਰਦਾਸਪੁਰ ਰਹੇ ਸਨ, ਪਰ ਉਨ੍ਹਾਂ ਕਿਸੇ ਚੋਣ ਮੀਟਿੰਗ ਜਾਂ ਰੈਲੀ ਵਿੱਚ ਹਿੱਸਾ ਨਹੀਂ ਲਿਆ। ਇਸ ਕਾਰਨ ਪੰਜਾਬ ਇਕਾਈ ਦੇ ਤਿੰਨ ਸਿਖ਼ਰਲੇ ਆਗੂਆਂ ਲਈ ਇਹ ਹਾਰ ਵੱਡਾ ਸਿਆਸੀ ਝਟਕਾ ਹੈ। ਮਾਨ ਤਕਰੀਬਨ ਪੂਰੇ ਚੋਣ ਪ੍ਰਚਾਰ ਵਿੱਚ ਡਟੇ ਰਹੇ, ਪਰ ਮੀਤ ਪ੍ਰਧਾਨ ਅਮਨ ਅਰੋੜਾ ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨੀਂ ਹੀ ਕੈਨੇਡਾ ਤੋਂ ਵਾਪਸ ਆ ਕੇ ਸ਼ਾਮਲ ਹੋਏ। ਦੂਜੇ ਪਾਸੇ, ਖਹਿਰਾ ਮੁਢਲੇ ਦੌਰ ਵਿੱਚ ਗੁਰਦਾਸਪੁਰ ਚੋਣ ਪ੍ਰਚਾਰ ਕਰਨ ਜਾਂਦੇ ਰਹੇ ਹਨ, ਪਰ ਮੁੱਖ ਤੌਰ ‘ਤੇ ਚੋਣ ਪ੍ਰਚਾਰ ਦੀ ਕਮਾਨ ਮਾਨ ਦੇ ਹੱਥ ਵਿੱਚ ਹੀ ਸੀ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …