ਮਿ੍ਤਕਾਂ ’ਚ ਫਗਵਾੜਾ ਦੇ ਸੋਂਧੀ ਪਰਿਵਾਰ ਦੀ ਨੂੰਹ ਵੀ ਹੈ ਸ਼ਾਮਲ
ਕਪੂਰਥਲਾ/ਬਿਊਰੋ ਨਿਊਜ਼ : ਆਸਟਰੇਲੀਆ ਦੇ ਵਿਕਟੋਰੀਆ ’ਚ 4 ਪੰਜਾਬੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਚਾਰੋਂ ਵਿਅਕਤੀ ਇਕ ਹੀ ਪਰਿਵਾਰ ਨਾਲ ਸਬੰਧਤ ਸਨ ਅਤੇ ਇਹ ਫਿਲਿਪ ਆਈਲੈਂਡ ’ਤੇ ਘੁੰਮਣ ਲਈ ਗਏ ਸਨ, ਜਿੱਥੇ ਇਹ ਪਾਣੀ ਵਿਚ ਡੁੱਬ ਗਏ। ਮਿ੍ਰਤਕਾਂ ’ਚ ਫਗਵਾੜਾ ਦੇ ਸਮਾਜਸੇਵੀ ਸੋਂਧੀ ਪਰਿਵਾਰ ਦੀ ਨੂੰਹ ਵੀ ਸ਼ਾਮਲ ਹੈ, ਜਿਸ ਦੀ ਪਹਿਚਾਣ ਰੀਮਾ ਸੋਂਧੀ ਪਤਨੀ ਸੰਜੀਵ ਸੋਂਧੀ ਨਿਵਾਸੀ ਫਗਵਾੜਾ ਦੇ ਰੂਪ ਵਿਚ ਹੋਈ ਹੈ। ਇਸ ਹਾਦਸੇ ਦੀ ਪੁਸ਼ਟੀ ਆਸਟਰੇਲੀਆ ਸਥਿਤ ਭਾਰਤੀ ਹਾਈ ਕਮਿਸ਼ਨਰ ਵੱਲੋਂ ਕੀਤੀ ਗਈ। ਮਰਨ ਵਾਲਿਆਂ ਤਿੰਨ ਵਿਅਕਤੀਆਂ ਦੀ ਉਮਰ ਲਗਭਗ 20 ਸਾਲ ਦੱਸੀ ਜਾ ਰਹੀ ਹੈ ਜਦਕਿ ਰੀਮਾ ਸੋਂਧੀ ਦੀ ਉਮਰ 40 ਸਾਲ ਸੀ। ਇਹ ਘਟਨਾ 24 ਜਨਵਰੀ ਦੀ ਹੈ ਅਤੇ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਦੇ ਲਗਭਗ ਤਿੰਨ ਵਜੇ ਫਿਲਿਪ ਆਈਲੈਂਡ ’ਤੇ 4 ਵਿਅਕਤੀਆਂ ਦੇ ਡੁੱਬਣ ਸਬੰਧੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਬਚਾਅ ਟੀਮ ਮੌਕੇ ’ਤੇ ਪਹੁੰਚੀ ਅਤੇ ਟੀਮ ਨੇ ਪਾਣੀ ’ਚ ਡੁੱਬੇ ਚਾਰੋਂ ਵਿਅਕਤੀਆਂ ਨੂੰ ਬਾਹਰ ਕੱਢਿਆ ਅਤੇ ਇਨ੍ਹਾਂ ਨੂੰ ਮੁੱਢਲੀ ਸਹਾਇਤਾ ਵਜੋਂ ਸੀਪੀਆਰ ਦੇ ਕੇ ਹੋਸ਼ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਮਿ੍ਰਤਕਾਂ ਦੇ ਸਰੀਰ ਵਿਚ ਕੋਈ ਹਿਲਜੁਲ ਨਹੀਂ ਹੋਈ ਅਤੇ ਇਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ।