Breaking News
Home / ਭਾਰਤ / ਭਾਜਪਾ ਨੇ ਚੋਣ ਬਾਂਡ ਰਾਹੀਂ 1,068 ਕਰੋੜ ਜੁਟਾਏ : ਸੰਜੈ ਸਿੰਘ

ਭਾਜਪਾ ਨੇ ਚੋਣ ਬਾਂਡ ਰਾਹੀਂ 1,068 ਕਰੋੜ ਜੁਟਾਏ : ਸੰਜੈ ਸਿੰਘ

ਹਾਕਮ ਧਿਰ ਨੂੰ ਚੰਦਾ ਦੇਣ ਵਾਲੀਆਂ ਸ਼ੱਕੀ ਕੰਪਨੀਆਂ ਦੀ ਜਾਂਚ ਮੰਗੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਆਰੋਪ ਲਾਇਆ ਕਿ ਭਾਜਪਾ ਨੂੰ ਸ਼ੱਕੀ ਰਿਕਾਰਡ ਵਾਲੀਆਂ 45 ਕੰਪਨੀਆਂ ਤੋਂ ਚੋਣ ਬਾਂਡ ਦੇ ਰੂਪ ਵਿੱਚ 1,068 ਕਰੋੜ ਰੁਪਏ ਮਿਲੇ ਹਨ। ਪਾਰਟੀ ਨੇ ਇਸ ਦੀ ਕੇਂਦਰੀ ਜਾਂਚ ਏਜੰਸੀਆਂ ਤੋਂ ਜਾਂਚ ਕਰਾਉਣ ਦੀ ਮੰਗ ਦੁਹਰਾਈ। ‘ਆਪ’ ਵੱਲੋਂ ਲਾਏ ਗਏ ਆਰੋਪਾਂ ‘ਤੇ ਭਾਜਪਾ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਭਾਜਪਾ ਨੇ ਇੱਕ ਯੋਜਨਾਬੱਧ ਢੰਗ ਨਾਲ ਚੋਣ ਬਾਂਡਾਂ ਰਾਹੀਂ ਵੱਡੀ ਮਾਤਰਾ ‘ਚ ਰਕਮ ਹਾਸਲ ਕਰਕੇ ਭ੍ਰਿਸ਼ਟਾਚਾਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ, ‘ਕੋਈ 45 ਸ਼ੱਕੀ ਕੰਪਨੀਆਂ ਹਨ ਜਿਨ੍ਹਾਂ ਨੇ ਭਾਜਪਾ ਨੂੰ 1,068 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਇਹ ਜਾਂ ਤਾਂ ਘਾਟੇ ‘ਚ ਚੱਲ ਰਹੀਆਂ ਹਨ ਜਾਂ ਉਨ੍ਹਾਂ ਕੋਈ ਟੈਕਸ ਨਹੀਂ ਦਿੱਤਾ ਹੈ ਜਾਂ ਆਪਣੇ ਮੁਨਾਫੇ ਤੋਂ ਕਿਤੇ ਵੱਧ ਦਾਨ ਕਰ ਦਿੱਤਾ ਹੈ।’
ਉਨ੍ਹਾਂ ਕਿਹਾ ਕਿ ਈਡੀ ਤੇ ਸੀਬੀਆਈ ਨੂੰ ਇਸ ਚੋਣ ਬਾਂਡ ਘੁਟਾਲੇ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਭਾਜਪਾ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ‘ਆਪ’ ਕੋਈ ਸਖਤ ਕਦਮ ਚੁੱਕੇਗੀ।
ਉਨ੍ਹਾਂ ਕਿਹਾ, ’33 ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਪਿਛਲੇ ਸੱਤ ਸਾਲਾਂ ਦੌਰਾਨ ਘਾਟਾ ਇੱਕ ਕਰੋੜ ਰੁਪਏ ਦਾ ਹੈ ਅਤੇ ਇਨ੍ਹਾਂ ਕੰਪਨੀਆਂ ਨੇ ਭਾਜਪਾ ਨੂੰ ਚੋਣ ਬਾਂਡ ਰਾਹੀਂ 450 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। 17 ਕੰਪਨੀਆਂ ਅਜਿਹੀਆਂ ਜਿਨ੍ਹਾਂ ਨੇ ਜ਼ੀਰੋ ਟੈਕਸ ਜਾਂ ਨੈਗੇਟਿਵ ਟੈਕਸ ਭਰਿਆ ਹੈ ਤੇ ਉਨ੍ਹਾਂ ਨੂੰ ਟੈਕਸ ‘ਚ ਛੋਟ ਦਿੱਤੀ ਗਈ ਹੈ। ਛੇ ਕੰਪਨੀਆਂ ਨੇ ਭਾਜਪਾ ਨੂੰ 600 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ ਜੋ ਇਨ੍ਹਾਂ ਦੇ ਮੁਨਾਫੇ ਤੋਂ ਕਈ ਗੁਣਾ ਵੱਧ ਹੈ।’ ਉਨ੍ਹਾਂ ਕਿਹਾ ਕਿ ਈਡੀ ਤੇ ਸੀਬੀਆਈ ਨੂੰ ਇਨ੍ਹਾਂ ਕੰਪਨੀਆਂ ਤੇ ਭਾਜਪਾ ਆਗੂਆਂ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ, ‘ਸੁਪਰੀਮ ਕੋਰਟ ਦਾ ਸ਼ੁਕਰੀਆ ਜਿਸ ਨੇ ਸਾਰੇ ਅੰਕੜੇ ਜਨਤਕ ਕੀਤੇ ਹਨ। ਮੈਂ ਜਿਸ ਚੀਜ਼ ਦਾ ਖੁਲਾਸਾ ਕਰ ਰਿਹਾ ਹਾਂ, ਉਹ ਇੱਕ ਮੁਕੰਮਲ ਲੜੀ ਹੈ।’ ‘ਆਪ’ ਆਗੂ ਨੇ ਕਿਹਾ, ‘ਭਾਰਤੀ ਏਅਰਟੈੱਲ ਨੇ ਭਾਜਪਾ ਨੂੰ 200 ਕਰੋੜ ਰੁਪਏ ਦਾ ਚੰਦਾ ਦਿੱਤਾ ਪਰ ਸਾਲ 2017-23 ਦੌਰਾਨ ਕੰਪਨੀ ਨੂੰ 77 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਿਆ ਤੇ ਇਸ ਨੂੰ 8200 ਕਰੋੜ ਰੁਪਏ ਦੇ ਟੈਕਸ ਦੀ ਛੋਟ ਦਿੱਤੀ ਗਈ। ਕੁਝ ਰਾਹਤਾਂ ਅਦਾਲਤੀ ਹੁਕਮਾਂ ‘ਤੇ ਦਿੱਤੀਆਂ ਗਈਆਂ।’ ਉਨ੍ਹਾਂ ਕਿਹਾ, ‘ਡੀਐੱਲਐੱਫ ਨੇ ਭਾਜਪਾ ਨੂੰ 25 ਕਰੋੜ ਰੁਪਏ ਦਿੱਤੇ ਪਰ ਇਸ ਨੂੰ ਸੱਤ ਸਾਲਾਂ ਦੌਰਾਨ 130 ਕਰੋੜ ਰੁਪਏ ਦਾ ਘਾਟਾ ਪਿਆ। ਇਸ ਨੂੰ 20 ਕਰੋੜ ਰੁਪਏ ਦੀ ਟੈਕਸ ਛੋਟ ਮਿਲੀ। ਸਟੀਲ ਸਟੈਟਿਕ ਇੰਜਨੀਅਰਿੰਗ ਨੇ 12 ਕਰੋੜ ਰੁਪਏ ਦਾ ਚੰਦਾ ਦਿੱਤਾ ਪਰ ਇਸ ਨੂੰ ਸੱਤ ਸਾਲਾਂ ਦੌਰਾਨ 150 ਕਰੋੜ ਰੁਪਏ ਦਾ ਘਾਟਾ ਪਿਆ ਤੇ 20 ਕਰੋੜ ਰੁਪਏ ਦੀ ਟੈਕਸ ਛੋਟ ਮਿਲੀ।’ ਉਨ੍ਹਾਂ ਦਾਅਵਾ ਕੀਤਾ, ‘ਧਾਲੀਵਾਲ ਇਨਫਰਾਸਟ੍ਰੱਕਚਰ ਨੇ 115 ਕਰੋੜ ਰੁਪਏ ਦੇ ਬਾਂਡ ਖਰੀਦੇ ਅਤੇ ਭਾਜਪਾ ਨੂੰ 25 ਕਰੋੜ ਰੁਪਏ ਦਿੱਤੇ ਪਰ ਜ਼ੀਰੋ ਟੈਕਸ ਦਾ ਭੁਗਤਾਨ ਕੀਤਾ ਅਤੇ ਸੱਤ ਸਾਲਾਂ ਦੌਰਾਨ ਕੰਪਨੀ ਦਾ ਘਾਟਾ 299 ਰੁਪਏ ਰਿਹਾ। ਪੀਆਰਐੱਲ ਡਿਵੈਲਪਰਜ਼ ਨੇ 20 ਕਰੋੜ ਦੇ ਚੋਣ ਬਾਂਡ ‘ਚੋਂ ਭਾਜਪਾ ਨੂੰ 10 ਕਰੋੜ ਰੁਪਏ ਦਿੱਤੇ ਅਤੇ 4.7 ਕਰੋੜ ਰੁਪਏ ਦੀ ਟੈਕਸ ਛੋਟ ਹਾਸਲ ਕੀਤੀ ਪਰ ਕੰਪਨੀ ਦਾ ਘਾਟਾ 1,550 ਕਰੋੜ ਰੁਪਏ ਦਾ ਸੀ।’
ਸੰਜੈ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਸ਼ਰਤ ਰੈੱਡੀ ਦੀ ਕੰਪਨੀ ਉਜਵਲਾ ਫਾਰਮਾ ਨੇ ਭਾਜਪਾ ਨੂੰ 15 ਕਰੋੜ ਰੁਪਏ ਚੰਦੇ ਵਜੋਂ ਦਿੱਤੇ ਅਤੇ ਕੰਪਨੀ ਦਾ ਘਾਟਾ 28 ਕਰੋੜ ਰੁਪਏ ਦਾ ਸੀ। ਕੰਪਨੀ ਨੂੰ 7.20 ਕਰੋੜ ਰੁਪਏ ਦੀ ਟੈਕਸ ਛੋਟ ਮਿਲੀ।
ਮੈਤਰਾ ਐਨਰਜੀ ਨੇ ਭਾਜਪਾ ਨੂੰ 19 ਕਰੋੜ ਦੇ ਬਾਂਡ ‘ਚੋਂ 10 ਕਰੋੜ ਰੁਪਏ ਦਿੱਤੇ ਪਰ ਸੱਤ ਸਾਲਾਂ ਦੌਰਾਨ ਕੰਪਨੀ ਦਾ ਘਾਟਾ 86 ਕਰੋੜ ਰੁਪਏ ਰਿਹਾ। ਇਸ ਨੂੰ ਵੀ 126 ਕਰੋੜ ਰੁਪਏ ਦੇ ਟੈਕਸ ਦੀ ਛੋਟ ਦਿੱਤੀ ਗਈ।

Check Also

ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਵੱਕਾਰ ਨੂੰ ਢਾਹ ਲਗਾਈ : ਡਾ. ਮਨਮੋਹਨ ਸਿੰਘ

ਪੰਜਾਬ ’ਚ ਵੋਟਿੰਗ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਦੀ ਚਿੱਠੀ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ …