238 ਵਿਅਕਤੀਆਂ ਦੀ ਹੋਈ ਮੌਤ, 900 ਤੋਂ ਵੱਧ ਜ਼ਖਮੀ
ਭੁਵਨੇਸ਼ਵਰ/ਬਿਊਰੋ ਨਿਊਜ਼ : ਓੜੀਸਾ ਦੇ ਬਾਲਾਸੋਰ ’ਚ ਲੰਘੀ ਸ਼ਾਮ ਤਿੰਨ ਟਰੇਨਾਂ ਦੇ ਆਪਸ ਵਿਚ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਰੇਲ ਹਾਦਸੇ ਦੌਰਾਨ 238 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 900 ਤੋਂ ਜ਼ਿਆਦਾ ਯਾਤਰੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਰੇਲਵੇ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 650 ਵਿਅਕਤੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਜਾ ਚੁੱਕਿਆ ਹੈ। ਹਾਦਸਾ ਬਾਲਾਸੋਰ ਦੇ ਬਹਾਨਗਾ ਬਾਜ਼ਾਰ ਸਟੇਸ਼ਨ ਦੇ ਕੋਲ ਲੰਘੀ ਸ਼ਾਮ ਲਗਭਗ 7 ਵਜੇ ਵਾਪਰਿਆ। ਰੇਲਵੇ ਵਿਭਾਗ ਅਨੁਸਾਰ ਯਸ਼ਵੰਤਪੁਰਾ-ਹਾਵੜਾ ਦੁਰੰਤੋ ਐਕਸਪ੍ਰੈਸ ਅਤੇ ਕੋਲਕਾਤਾ-ਚੇਨਈ ਕੋਰੋਮੰਡਲ ਐਕਸਪ੍ਰੈਸ ਬਹਾਨਗਾ ਸਟੇਸ਼ਨ ਦੇ ਕੋਲ ਡਿਰੇਲ ਹੋ ਗਈਆਂ ਸਨ, ਇਸ ਤੋਂ ਬਾਅਦ ਦੁਰਤੋ ਐਕਸਪ੍ਰੈਸ ਟਰੇਨ ਨਾਲ ਵਾਲੇ ਟਰੈਕ ’ਤੇ ਖੜ੍ਹੀ ਮਾਲਗੱਡੀ ਨਾਲ ਟਕਰਾ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ ਡਿਰੇਲ ਹੋਈਆਂ ਸਨ, ਜਿਸ ਕਾਰਨ ਕੁੱਝ ਡੱਬੇ ਦੂਜੀ ਪਟੜੀ ’ਤੇ ਪਲਟ ਗਏ ਅਤੇ ਦੂਜੇ ਪਾਸੇ ਤੋਂ ਆ ਰਹੀ ਯਸ਼ਵੰਤਪੁਰਾ-ਹਾਵੜਾ ਐਕਸਪ੍ਰੈਸ ਨਾਲ ਟਕਰਾ ਗਏ। ਇਸ ਤੋਂ ਬਾਅਦ ਦੋਵੇਂ ਟਰੇਨ ਦੀਆਂ ਕੁੱਝ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਹ ਬੋਗੀਆਂ ਟਰੈਕ ’ਤੇ ਖੜ੍ਹੀ ਮਾਲਗੱਡੀ ਨਾਲ ਟਕਰਾ ਗਈਆਂ ਅਤੇ ਕੁੱਝ ਬੋਗੀਆਂ ਮਾਲਗੱਡੀ ਉਪਰ ਚੜ੍ਹ ਗਈਆਂ। ਇਸ ਭਿਆਨਕ ਰੇਲ ਹਾਦਸੇ ’ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।