ਪ੍ਰਧਾਨ ਮੰਤਰੀ ਨੇ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਦਿੱਤੀ ਵਧਾਈ; ਰਾਜਨਾਥ ਨੇ ਸਕੀਮ ਨੂੰ ਅਹਿਮ ਤੇ ਬੇਮਿਸਾਲ ਸੁਧਾਰ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਅਗਨੀਪਥ ਸਕੀਮ ਦੇ ਮੋਢੀ ਬਣਨ ‘ਤੇ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਵਧਾਈ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਹ ਕਾਇਆ-ਕਲਪ ਵਾਲੀ ਨੀਤੀ ਹੈ, ਜੋ ਹਥਿਆਰਬੰਦ ਬਲਾਂ ਨੂੰ ਮਜ਼ਬੂਤ ਕਰਨ ਤੇ ਭਵਿੱਖ ਦੇ ਹਾਣ ਦਾ ਬਣਾਉਣ ਵਿੱਚ ਵੱਡੀ ਤਬਦੀਲੀ ਸਾਬਤ ਹੋਵੇਗੀ। ਇਨ੍ਹਾਂ ਨਵੇਂ ਰੰਘਰੂਟਾਂ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ‘ਲੀਹੋਂ ਹਟਵੀਂ’ ਇਹ ਸਕੀਮ ਮਹਿਲਾਵਾਂ ਨੂੰ ਹੋਰ ਸਸ਼ੱਕਤ ਬਣਾਏਗੀ। ਅਧਿਕਾਰਤ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਅਗਨੀਵੀਰ ਹਥਿਆਰਬੰਦ ਬਲਾਂ ਨੂੰ ਵਧੇਰੇ ਨੌਜਵਾਨ ਤੇ ਨਵੀਆਂ ਤਕਨੀਕਾਂ ਦੀ ਵਧੇਰੇ ਵਰਤੋਂ ਕਰਨ ਦੇ ਯੋਗ ਬਣਾਉਣਗੇ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਗਨੀਪਥ ਸਕੀਮ ਨੂੰ ਹਥਿਆਰਬੰਦ ਬਲਾਂ ਵਿੱਚ ‘ਸਭ ਤੋਂ ਅਹਿਮ ਤੇ ਬੇਮਿਸਾਲ ਸੁਧਾਰਾਂ’ ‘ਚੋਂ ਇਕ ਦੱਸਿਆ।
ਅਗਨੀਵੀਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਕਨੀਕੀ ਤੌਰ ‘ਤੇ ਮੋਹਰੀ ਰਹਿਣ ਵਾਲੇ ਇਹ ਫੌਜੀ ਸਾਡੇ ਹਥਿਆਰਬੰਦ ਬਲਾਂ ਵਿੱਚ ‘ਅਹਿਮ ਭੂਮਿਕਾ’ ਨਿਭਾਉਣਗੇ। ਉਨ੍ਹਾਂ ਕਿਹਾ ਕਿ ਖਾਸ ਕਰਕੇ ਨੌਜਵਾਨਾਂ ਦੀ ਮੌਜੂਦਾ ਪੀੜ੍ਹੀ ‘ਚ ਇਹ ਸਮਰੱਥਾ ਹੈ ਤੇ ਅਗਨੀਵੀਰ ਆਉਣ ਵਾਲੇ ਸਮੇਂ ‘ਚ ਹਥਿਆਰਬੰਦ ਬਲਾਂ ‘ਚ ਮੋਹਰੀ ਭੂਮਿਕਾ ਨਿਭਾਉਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਨਵਾਂ ਭਾਰਤ’ ਨਵੇਂ ਜੋਸ਼ ਨਾਲ ਭਰਿਆ ਹੈ ਤੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਤੇ ਇਨ੍ਹਾਂ ਨੂੰ ‘ਆਤਮ ਨਿਰਭਰ’ ਬਣਾਉਣ ਲਈ ਯਤਨ ਜਾਰੀ ਹਨ।
ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਜੰਗ ਲੜਨ ਦੇ ਢੰਗ ਤਰੀਕੇ ਬਦਲਦੇ ਜਾ ਰਹੇ ਹਨ। ਅਗਨੀਵੀਰਾਂ ਦੀ ਸਮਰੱਥਾ ਦੀ ਤਾਰੀਫ਼ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਜਜ਼ਬਾ ਹਥਿਆਰਬੰਦ ਬਲਾਂ ਦੀ ਬਹਾਦਰੀ ਦਾ ਪ੍ਰਛਾਵਾਂ ਹੈ, ਜਿਨ੍ਹਾਂ ਦੇਸ਼ ਦੇ ਝੰਡੇ ਨੂੰ ਹਮੇਸ਼ਾ ਉੱਚਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਨੀਵੀਰ 21ਵੀਂ ਸਦੀ ਵਿੱਚ ਦੇਸ਼ ਨੂੰ ਮੋਹਰੇ ਹੋ ਕੇ ਅਗਵਾਈ ਦੇਣਗੇ। ਮੋਦੀ ਨੇ ਕਿਹਾ ਕਿ ਉਹ ਤਿੰਨਾਂ ਹਥਿਆਰਬੰਦ ਸੈਨਾਵਾਂ ਵਿੱਚ ਮਹਿਲਾ ਅਗਨੀਵੀਰਾਂ ਨੂੰ ਵੇਖਣ ਲਈ ਬੇਤਾਬ ਹਨ। ਉਨ੍ਹਾਂ ਸਿਆਚਿਨ ਵਿੱਚ ਤਾਇਨਾਤ ਮਹਿਲਾ ਫੌਜੀਆਂ ਤੇ ਆਧੁਨਿਕ ਜੰਗੀ ਜਹਾਜ਼ ਚਲਾ ਰਹੀਆਂ ਮਹਿਲਾਵਾਂ ਦੀ ਵੀ ਮਿਸਾਲ ਦਿੱਤੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਰਾਸ਼ਟਰ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਕਈ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਅਗਨੀਪਥ ਸਕੀਮ ‘ਸਭ ਤੋਂ ਅਹਿਮ ਤੇ ਬੇਮਿਸਾਲ ਸੁਧਾਰਾਂ’ ਵਿੱਚੋਂ ਇਕ ਹੈ।
ਸਿੰਘ ਨੇ ਕਿਹਾ ਕਿ ਆਲਮੀ ਚੁਣੌਤੀਆਂ ਤੇ ਭੂ-ਸਿਆਸੀ ਬੇਯਕੀਨੀ ਦੇ ਮੱਦੇਨਜ਼ਰ ਦੇਸ਼ ਦੇ ਸੁਰੱਖਿਆ ਸੰਦਾਂ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਸਿਖਰਲੀ ਤਰਜੀਹ ਹੈ। ਉਨ੍ਹਾਂ ਸਕੀਮ ਨੂੰ ਮਿਲੇ ਬੇਮਿਸਾਲ ਹੁਲਾਰੇ ਦੀ ਸ਼ਲਾਘਾ ਕੀਤੀ। ਰੱਖਿਆ ਮੰਤਰੀ ਨੇ ਕਿਹਾ, ”ਵਿੱਤ ਮੰਤਰਾਲੇ ਦੇ ਸਹਿਯੋਗ ਨਾਲ ਅਗਨੀਵੀਰਾਂ, ਜੋ ਸਵੈ-ਰੁਜ਼ਗਾਰ ਸ਼ੁਰੂ ਕਰਨਾ ਚਾਹੁਣਗੇ, ਨੂੰ ਸੇਵਾ ਮਗਰੋਂ ਕਿਫਾਇਤੀ ਦਰਾਂ ‘ਤੇ ਕਰਜ਼ੇ ਦੇਣ ਲਈ ਪ੍ਰਬੰਧ ਕੀਤੇ ਗਏ ਹਨ। ਅਗਨੀਵੀਰ ਸਿਰਫ਼ ਸੁਰੱਕਸ਼ਾਵੀਰ ਹੀ ਨਹੀਂ ਬਲਕਿ ਸਮਰਿਧੀਵੀਰ ਵੀ ਬਣਨਗੇ।”