ਸਥਾਨਕ ਲੋਕਾਂ ਨੇ ਕਿਹਾ, 1971 ਤੋਂ ਬਾਅਦ ਪਹਿਲੀ ਵਾਰ ਅਜਿਹੇ ਹਾਲਾਤ
ਜੰਮੂ/ਬਿਊਰੋ ਨਿਊਜ਼
ਜੰਮੂ ਖੇਤਰ ਵਿਚ ਅੰਤਰ ਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਵਲੋਂ ਅੱਜ ਵੀ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। ਕਠੂਆ, ਸਾਂਬਾ ਅਤੇ ਆਰ ਐਸ ਪੁਰਾ ਦੀਆਂ ਬਸਤੀਆਂ ਅਤੇ ਚੌਕੀਆਂ ‘ਤੇ ਮੋਰਟਾਰ ਦਾਗੇ ਗਏ। ਇਸ ਨਾਲ ਪਿਛਲੇ 24 ਘੰਟਿਆਂ ਦੌਰਾਨ 7 ਆਮ ਨਾਗਰਿਕਾਂ ਦੀ ਮੌਤ ਹੋ ਗਈ। ਬੀਐਸਐਫ ਦੇ 5 ਜਵਾਨਾਂ ਸਮੇਤ 35 ਵਿਅਕਤੀ ਜ਼ਖ਼ਮੀ ਵੀ ਹੋ ਗਏ। ਬੀਐਸਐਫ ਨੇ ਪਿਛਲੇ ਨੌਂ ਦਿਨਾਂ ਵਿਚ ਇਲਾਕੇ ਦੇ ਕਰੀਬ ਸੌ ਪਿੰਡਾਂ ਵਿਚੋਂ 76 ਹਜ਼ਾਰ ਵਿਅਕਤੀਆਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 1971 ਦੀ ਜੰਗ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਅਜਿਹੀ ਗੋਲੀਬਾਰੀ ਦਾ ਸਾਹਮਣਾ ਕੀਤਾ ਹੈ। ਆਰ ਐਸ ਪੁਰਾ ਅਤੇ ਅਰਨੀਆ ਦੇ ਕੈਂਪਾਂ ਵਿਚ ਆਏ ਵਿਅਕਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਲੱਗਦਾ ਹੈ ਕਿ ਜਿਵੇਂ ਉਹ ਜੰਗ ਨਾਲ ਘਿਰੇ ਕਿਸੇ ਇਲਾਕੇ ਵਿਚ ਰਹਿ ਰਹੇ ਹੋਣ।