Breaking News
Home / ਭਾਰਤ / ਮੋਦੀ ਨੇ ਭਾਰਤੀਆਂ ਨੂੰ ਕਿਹਾ ਆਤਮ ਨਿਰਭਰ ਬਣੋ

ਮੋਦੀ ਨੇ ਭਾਰਤੀਆਂ ਨੂੰ ਕਿਹਾ ਆਤਮ ਨਿਰਭਰ ਬਣੋ

20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਐਲਾਨ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦੇ ਨਾਂ ਆਪਣੇ ਸੰਬੋਧਨ ਵਿਚ ਕੋਵਿਡ ਸੰਕਟ ਦੌਰਾਨ ਭਾਰਤ ਨੂੰ ‘ਆਤਮ ਨਿਰਭਰ’ ਬਣਾਉਣ ਦੇ ਮੰਤਵ ਤਹਿਤ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਕਿ ਆਰਥਿਕ ਪੈਕੇਜ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਮੁਹਿੰਮ ਦੀ ਅਹਿਮ ਕੜੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਲ ਹੀ ਵਿਚ ਕਰੋਨਾ ਸੰਕਟ ਨਾਲ ਨਜਿੱਠਣ ਲਈ ਜੋ ਆਰਥਿਕ ਐਲਾਨ ਕੀਤੇ ਹਨ, ਆਰਬੀਆਈ ਨੇ ਵੀ ਜੋ ਛੋਟਾਂ ਦਿੱਤੀਆਂ ਹਨ, ਜੇ ਇਨ੍ਹਾਂ ਨੂੰ ਮਿਲਾ ਕੇ ਦੇਖੀਏ ਤਾਂ ਇਹ ਕਰੀਬ 20 ਲੱਖ ਕਰੋੜ ਰੁਪਏ ਬਣਦਾ ਹੈ। ਇਹ ਪੈਕੇਜ ਭਾਰਤ ਦੀ ਜੀਡੀਪੀ ਦਾ ਕਰੀਬ 10 ਫੀਸਦ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਮੁਲਕ ਦੇ ਸਾਰੇ ਵਰਗਾਂ ਤੇ ਅਰਥ ਵਿਵਸਥਾ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਪੈਕੇਜ ਵਿਚ ਮਜ਼ਦੂਰ ਵਰਗ, ਨਗ਼ਦੀ ਦੀ ਸਥਿਤੀ ਤੇ ਸਾਰੇ ਕਾਨੂੰਨੀ ਪੱਖਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਪੈਕੇਜ ਸੂਖ਼ਮ, ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਹੈ ਜੋ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਉਨ੍ਹਾਂ ਆਉਣ ਵਾਲੇ ਦਿਨਾਂ ‘ਚ ਵੱਡੇ ਪੱਧਰ ‘ਤੇ ਆਰਥਿਕ ਸੁਧਾਰਾਂ ਦਾ ਸੰਕੇਤ ਵੀ ਦਿੱਤਾ ਹੈ। ਇਸੇ ਦੌਰਾਨ ਮੋਦੀ ਨੇ ਲੋਕਾਂ ਨੂੰ ‘ਲੋਕਲ ਉਤੇ ਵੋਕਲ’ ਬਣਨ, ਸਥਾਨਕ ਉਤਪਾਦਾਂ ਨੂੰ ਮਹੱਤਵ ਦੇਣ ਤੇ ਉਨ੍ਹਾਂ ਦੀ ਮੰਗ ਵਧਾਉਣ ਦੇ ਨਾਲ ਹੀ ਉਨ੍ਹਾਂ ਦਾ ਪ੍ਰਚਾਰ ਕਰਨ ਉਤੇ ਵੀ ਜ਼ੋਰ ਦਿੱਤਾ। ਪੈਕੇਜ ਬਾਰੇ ਵਿਸਥਾਰ ਵਿਚ ਜਾਣਕਾਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੇ ਚੌਥੇ ਗੇੜ ਨਾਲ ਸਬੰਧਤ ਜਾਣਕਾਰੀ 18 ਮਈ ਤੋਂ ਪਹਿਲਾਂ ਸਾਂਝੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲੇ ਗੇੜਾਂ ਨਾਲੋਂ ਵੱਖ ਹੋਵੇਗਾ। ਮੋਦੀ ਨੇ ਕਿਹਾ ਕਿ ਵਾਇਰਸ ਨੇ ਪੂਰੀ ਦੁਨੀਆ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਪੂਰਾ ਸੰਸਾਰ ਵਾਇਰਸ ਖ਼ਿਲਾਫ਼ ਇਕ ਤਰ੍ਹਾਂ ਦੀ ਜੰਗ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸੰਕਟ ਕਲਪਨਾ ਤੋਂ ਪਰ੍ਹੇ ਦੀ ਗੱਲ ਹੈ। ਮੋਦੀ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਵਿਚ 8 ਮਈ ਨੂੰ ਮਾਲ ਗੱਡੀ ਹੇਠ ਆ ਕੇ ਹਲਾਕ ਹੋਏ 16 ਪਰਵਾਸੀ ਕਾਮਿਆਂ ਦੇ ਵਾਰਿਸਾਂ ਲਈ 2-2 ਲੱਖ ਰੁਪਏ ਐਕਸਗ੍ਰੇਸ਼ੀਆ ਮਦਦ ਵੀ ਮਨਜ਼ੂਰ ਕੀਤੀ ਹੈ। ਇਹ ਰਾਸ਼ੀ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿਚੋਂ ਦਿੱਤੀ ਜਾਵੇਗੀ।
ਛੋਟੇ ਕਾਰੋਬਾਰੀਆਂ ਨੂੰ ਮਿਲੇਗਾ ਬਿਨਾ ਗਾਰੰਟੀ ਦੇ ਕਰਜ਼ਾ
ਨਵੀਂ ਦਿੱਲੀ : ਲੌਕਡਾਊਨ ਕਾਰਨ ਕਾਰੋਬਾਰੀ ਅਦਾਰਿਆਂ ਨੂੰ ਹੋਏ ਭਾਰੀ ਵਿਤੀ ਨੁਕਸਾਨ ਦੀ ਪੂਰਤੀ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬੁੱਧਵਾਰ ਨੂੰ ਛੋਟੇ ਕਾਰੋਬਾਰੀਆਂ ਲਈ ਬਿਨਾਂ ਗਾਰੰਟੀ ਦੇ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ 20 ਲੱਖ ਕਰੋੜ ਰੁਪਏ ਦੇ ਆਰਥਿਕ ਰਾਹਤ ਪੈਕੇਜ ਦੇ ਪਹਿਲੇ ਹਿੱਸੇ ਦਾ ਵੇਰਵੇ ਸਹਿਤ ਐਲਾਨ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ 90 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਬਿਜਲੀ ਵਿਤਰਣ ਕੰਪਨੀਆਂ ਨੂੰ ਦਿੱਤੀ ਜਾਵੇਗੀ ਤਾਂ ਜੋ ਉਹ ਮੌਜੂਦਾ ਵਿੱਤੀ ਸੰਕਟ ਦਾ ਟਾਕਰਾ ਕਰ ਸਕਣ। ਕੇਂਦਰੀ ਮੰਤਰੀ ਨੇ 100 ਮੁਲਾਜ਼ਮਾਂ ਤੋਂ ਘੱਟ ਵਾਲੀਆਂ ਕੰਪਨੀਆਂ ਨੂੰ ਸੇਵਾਮੁਕਤੀ ਫੰਡਾਂ ਦੀ ਅਦਾਇਗੀ ਲਈ ਸਰਕਾਰ ਦੀ ਮਦਦ ਤਿੰਨ ਮਹੀਨਿਆਂ ਤਕ ਵਧਾ ਦਿੱਤੀ ਹੈ।
ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ (ਈਪੀਐੱਫ) ‘ਚ ਕੰਪਨੀਆਂ ਦੇ ਯੋਗਦਾਨ 12 ਫ਼ੀਸਦੀ ਨੂੰ ਘਟਾ ਕੇ 10 ਫ਼ੀਸਦੀ ਕਰਕੇ ਕਾਰੋਬਾਰੀ ਅਦਾਰਿਆਂ ਨੂੰ ਰਾਹਤ ਦਿੱਤੀ ਗਈ ਹੈ। ਉਸਾਰੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਰਕਾਰੀ ਏਜੰਸੀਆਂ ਕੰਮ ਮੁਕੰਮਲ ਕਰਨ ਲਈ ਸਾਰੇ ਠੇਕੇਦਾਰਾਂ ਨੂੰ 6 ਮਹੀਨਿਆਂ ਦਾ ਸਮਾਂ ਦੇਣਗੀਆਂ। ਕੇਂਦਰੀ ਵਿੱਤ ਮੰਤਰੀ ਨੇ ਕਿਹਾ,”ਇਹ ਵਿਕਾਸ ‘ਚ ਤੇਜ਼ੀ ਲਿਆਉਣ ਅਤੇ ਆਤਮ-ਨਿਰਭਰ ਭਾਰਤ ਬਣਾਉਣ ਲਈ ਜ਼ਰੂਰੀ ਕਦਮ ਹੈ। ਇਸ ਨਾਲ ਕਾਰੋਬਾਰ ਕਰਨ ‘ਚ ਆਸਾਨੀ ਹੋਣ ਦੇ ਨਾਲ ਨਾਲ ਸਥਾਨਕ ਬ੍ਰਾਂਡ ਬਣਾਉਣ ਦਾ ਜਜ਼ਬਾ ਵੀ ਪੈਦਾ ਹੋਵੇਗਾ।” ਉਨ੍ਹਾਂ ਕਿਹਾ ਕਿ ਬਿਨਾਂ ਗਾਰੰਟੀ ਦੇ ਕਰਜ਼ਿਆਂ ਨਾਲ 45 ਲੱਖ ਛੋਟੇ ਕਾਰੋਬਾਰੀਆਂ ਨੂੰ ਲਾਭ ਹੋਵੇਗਾ। ਕਰਜ਼ਾ ਚਾਰ ਸਾਲਾਂ ਲਈ ਦਿੱਤਾ ਜਾਵੇਗਾ ਅਤੇ 12 ਮਹੀਨਿਆਂ ਤਕ ਕਿਸ਼ਤ ਤੋਂ ਰਾਹਤ ਦਿੱਤੀ ਜਾਵੇਗੀ। ਇਸ ਸਮੇਂ ਕਰਜ਼ਾ ਨਾ ਉਤਾਰਨ ਵਾਲੀਆਂ ਐੱਮਐੱਸਐੱਮਈ (ਲਘੂ, ਛੋਟੇ ਅਤੇ ਦਰਮਿਆਨੇ ਉਦਯੋਗ) ਇਕਾਈਆਂ ਲਈ ਵੀ ਕੁੱਲ 20 ਹਜ਼ਾਰ ਕਰੋੜ ਰੁਪਏ ਦੇ ਕਰਜ਼ ਦੀ ਸਹੂਲਤ ਦਿੱਤੀ ਜਾਵੇਗੀ। ਇਸ ਨਾਲ ਦੋ ਲੱਖ ਇਕਾਈਆਂ ਨੂੰ ਲਾਭ ਹੋਵੇਗਾ। ਸੀਤਾਰਾਮਨ ਨੇ ਕਿਹਾ ਕਿ ਐੱਮਐੱਸਐੱਮਈ ਲਈ ‘ਫੰਡ ਆਫ਼ ਫੰਡ’ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਵਿਕਾਸ ਦੀ ਸਮਰੱਥਾ ਰੱਖਣ ਵਾਲੇ ਐੱਮਐੱਸਐੱਮਈ ‘ਚ 50 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਰੱਖੀ ਜਾਵੇਗੀ। ਸਰਕਾਰ ਨੇ ਐੱਮਐੱਸਐੱਮਈ ਦੀ ਪਰਿਭਾਸ਼ਾ ਵੀ ਬਦਲ ਦਿੱਤੀ ਹੈ। ਇਸ ਤਹਿਤ ਹੁਣ ਇਕ ਕਰੋੜ ਰੁਪਏ ਤਕ ਦੇ ਨਿਵੇਸ਼ ਵਾਲੀਆਂ ਇਕਾਈਆਂ ਲਘੂ ਅਖਵਾਈਆਂ ਜਾਣਗੀਆਂ। ਹੁਣ ਤਕ ਇਹ ਹੱਦ 25 ਲੱਖ ਰੁਪਏ ਸੀ। ਉਨ੍ਹਾਂ ਕਿਹਾ ਕਿ ਕਾਰੋਬਾਰ ਆਧਾਰਿਤ ਮਾਪਦੰਡ ਵੀ ਬਣਾਇਆ ਗਿਆ ਹੈ। ਇਸ ਤਹਿਤ 5 ਕਰੋੜ ਰੁਪਏ ਤਕ ਦੇ ਕਾਰੋਬਾਰ ਵਾਲੀਆਂ ਇਕਾਈਆਂ ਵੀ ਲਘੂ ਅਖਵਾਈਆਂ ਜਾਣਗੀਆਂ।
ਸੀਏਪੀਐੱਫ ਕੰਟੀਨਾਂ ‘ਚ ਸਵਦੇਸ਼ੀ ਵਸਤਾਂ ਹੀ ਵਿਕਣਗੀਆਂ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਕੇਂਦਰੀ ਹਥਿਆਰਬੰਦ ਪੁਲੀਸ ਬਲ (ਸੀਏਪੀਐੱਫ) ਜਿਵੇਂ ਸੀਆਰਪੀਐੱਫ ਤੇ ਬੀਐੱਸਐੱਫ ਦੀਆਂ ਸਾਰੀਆਂ ਕੰਟੀਨਾਂ ਵਿੱਚ ਪਹਿਲੀ ਜੂਨ ਤੋਂ ਕੇਵਲ ਦੇਸ਼ ਵਿਚ ਬਣੀਆਂ ਵਸਤਾਂ ਵੇਚੀਆਂ ਜਾਣਗੀਆਂ। ਇਸ ਤਰ੍ਹਾਂ 10 ਲੱਖ ਜਵਾਨਾਂ ਦੇ 50 ਲੱਖ ਪਰਿਵਾਰਕ ਮੈਂਬਰ ਕੇਵਲ ਦੇਸ਼ ਵਿੱਚ ਬਣੀਆਂ ਵਸਤਾਂ ਦੀ ਵਰਤੋਂ ਕਰਨਗੇ। ਹਿੰਦੀ ਵਿੱਚ ਕੀਤੇ ਟਵੀਟ ਵਿੱਚ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਿੱਚ ਬਣੀਆਂ ਵਸਤਾਂ ਦੀ ਵਰਤੋਂ ਕਰਨ ਅਤੇ ਸਵੈ-ਨਿਰਭਰ ਹੋਣ ਦੀ ਕੀਤੀ ਗਈ ਅਪੀਲ ਮਗਰੋਂ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਦੇਸ਼ ਵਿੱਚ ਬਣੀਆਂ ਵਸਤਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਅਤੇ ਹੋਰਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤੀ ਲੋਕਲ ਬ੍ਰਾਂਡਾਂ ਨੂੰ ਪ੍ਰਮੋਟ ਕਰਨ ਲਈ ਇਹ ਵਧੀਆ ਸੋਚ ਹੈ ਅਤੇ ਭਾਰਤੀ ਅਰਥ ਵਿਵਸਥਾ ਨੂੰ ਇਸ ਨਾਲ ਚੰਗਾ ਹੁਲਾਰਾ ਮਿਲੇਗਾ। ਭਾਰਤ ਅੰਦਰ ਬੜੇ ਬ੍ਰਾਂਡ ਵੀ ਇੰਟਰਨੈਸ਼ਨਲ ਪੱਧਰ ‘ਤੇ ਆਪਣੀ ਪਹਿਚਾਣ ਬਣਾਉਣਗੇ।
ਪੀਐੱਮ ਕੇਅਰਜ਼ ਫੰਡ ‘ਚੋਂ ਪਰਵਾਸੀ ਮਜ਼ਦੂਰਾਂ ਲਈ ਰਕਮ ਮਨਜ਼ੂਰ
ਪੀਐੱਮ ਕੇਅਰਜ਼ ਫੰਡ ਟਰੱਸਟ ਨੇ ਕੋਵਿਡ-19 ਖ਼ਿਲਾਫ਼ ਲੜਨ ਲਈ 3100 ਕਰੋੜ ਰੁਪਏ ਦੇਣ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ‘ਚ ਕਿਹਾ ਕਿ ਇਸ ‘ਚੋਂ ਕਰੀਬ ਦੋ ਹਜ਼ਾਰ ਕਰੋੜ ਰੁਪਏ ਵੈਂਟੀਲੇਟਰ ਖ਼ਰੀਦਣ ਲਈ ਦਿੱਤੇ ਜਾਣਗੇ ਅਤੇ ਇਕ ਹਜ਼ਾਰ ਕਰੋੜ ਰੁਪਏ ਪਰਵਾਸੀ ਮਜ਼ਦੂਰਾਂ ਦੀ ਦੇਖਭਾਲ ਲਈ ਹੋਣਗੇ। ਬਿਆਨ ‘ਚ ਕਿਹਾ ਗਿਆ ਹੈ ਕਿ 100 ਕਰੋੜ ਰੁਪਏ ਕਰੋਨਾਵਾਇਰਸ ਵੈਕਸੀਨ ਦੀ ਖੋਜ ‘ਚ ਸਹਾਇਤਾ ਲਈ ਦਿੱਤੇ ਜਾਣਗੇ।

Check Also

ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …