17 C
Toronto
Sunday, October 5, 2025
spot_img
Homeਭਾਰਤਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਆਰੰਭਤਾ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਆਰੰਭਤਾ

ਸੰਤ ਸੀਚੇਵਾਲ, ਡਾ. ਇੰਦਰਜੀਤ ਕੌਰ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਸਦਨ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੂਰਾ ਸਾਲ ਚੱਲਣ ਵਾਲੇ ਸਮਾਗਮਾਂ ਦੀ ਆਰੰਭਤਾ ‘ਤੇ ਕਰਵਾਏ ਸਮਾਗਮ ਵਿਚ ਬੋਲਦਿਆਂ ਬੋਧ ਗੁਰੂ ਦਲਾਈ ਲਾਮਾ ਨੇ ਅਜੋਕੇ ਮਨੁੱਖੀ ਭਾਈਚਾਰੇ ਨੂੰ ਦਰਪੇਸ਼ ਸੰਕਟਾਂ ਤੇ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਹੱਲ ਲਈ ਅਮੀਰ ਭਾਰਤੀ ਅਧਿਆਤਮਕ ਵਿਰਾਸਤ ਵੱਲ ਮੁੜਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਅਨੁਸਾਰ ਭਾਰਤੀ ਧਾਰਮਿਕ ਪ੍ਰੰਪਰਾ ਵਿਚ ਵੀ ਭਾਵੇਂ ਵੱਖ-ਵੱਖ ਧਰਮਾਂ ਦਰਮਿਆਨ ਵਿਚਾਰਕ ਮੱਤਭੇਦ ਮੌਜੂਦ ਹਨ ਪਰ ਮਹਾਂਵੀਰ, ਬੁੱਧ, ਗੁਰੂ ਨਾਨਕ ਦੇਵ ਜੀ ਵੱਲੋਂ ਪ੍ਰਚਾਰੇ ਪਿਆਰ, ਅਹਿੰਸਾ ਅਤੇ ਕਰੁਣਾ ਉਹ ਮੁੱਲ ਹਨ ਜਿਹੜੇ ਵਿਸ਼ਵ-ਵਿਆਪੀ ਸੰਕਟਾਂ ਦਾ ਸਹਿਜੇ ਹੀ ਨਿਵਾਰਨ ਕਰ ਸਕਦੇ ਸਨ।ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਦਨ ਵੱਲੋਂ ਅਕਾਦਮਿਕ ਪੱਧਰ ‘ਤੇ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਆਰੰਭਤਾ ‘ਤੇ ਸਦਨ ਦੀ ਸ਼ਲਾਘਾ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਨੂੰ ਆਮ ਲੋਕਾਂ ਦੀ ਭਾਸ਼ਾ ਵਿਚ ਦਿੱਤੇ ਇਕ ਈਸ਼ਵਰਵਾਦੀ ਸਿਧਾਂਤ ਅਤੇ ਕਿਰਤ ਕਰਨ ਤੇ ਵੰਡ ਛਕਣ ਦੀ ਮਹੱਤਤਾ ਨੂੰ ਉਘਾੜਿਆ।
ਇਤਿਹਾਸਕਾਰ ਪ੍ਰੋ.ਬੀ ਐੱਨ ਗੋਸਵਾਮੀ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਨੂੰ ਬਿਆਨ ਕਰਦਿਆਂ ਉਨ੍ਹਾਂ ਦੇ ਸਚਿਆਰਤਾ ਦੇ ਉਪਦੇਸ਼ ‘ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਅੰਤਰ-ਧਾਰਮਿਕ ਸੰਵਾਦ ਦੀ ਜੁਗਤ ਨੂੰ ਉਘਾੜਦਿਆਂ ਪਹੁੰਚੇ ਵਿਦਵਾਨਾਂ ਤੇ ਵਕਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸਦਨ ਵੱਲੋਂ ਦਲਾਈਲਾਮਾ ਤੇ ਮਨੁੱਖੀ ਭਲਾਈ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਸੰਤ ਬਲਬੀਰ ਸਿੰਘ ਸੀਚੇਵਾਲ, ਡਾ. ਇੰਦਰਜੀਤ ਕੌਰ, ਪੀਰ ਨਿਜ਼ਾਮੀ, ਸਰ ਮਾਰਕ ਟੱਲੀ, ਅਚਾਰੀਆ ਸ੍ਰੀਵਤਸ ਗੋਸਵਾਮੀ, ਸੁਆਮੀ ਗੁਰਦੀਪ ਪੁਰੀ, ਡਾ. ਸਿਧਾਰਥ, ਸਵਰਨਜੀਤ ਸਵੀ ਅਤੇ ਪ੍ਰੋ. ਜੇ ਪੀ ਸਿੰਘ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

RELATED ARTICLES
POPULAR POSTS