
ਇਕ ਦਹਾਕੇ ’ਚ 5 ਹਜ਼ਾਰ ਪਾਇਲਟ ਤਿਆਰ ਕਰਨ ਲਈ ਏਅਰਬੱਸ ਨਾਲ ਸਹਿਯੋਗ
ਨਵੀਂ ਦਿੱਲੀ/ਬਿਊਰੋ ਨਿਊਜ਼
ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਨੇ ਹਰਿਆਣਾ ਦੇ ਗੁਰੂਗਰਾਮ ਵਿਚ ਏਅਰ ਇੰਡੀਆ ਏਵੀਏਸ਼ਨ ਟ੍ਰੇਨਿੰਗ ਅਕੈਡਮੀ ਵਿਚ ਪਾਇਲਟ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਹੈ। ਇਹ ਕੇਂਦਰ ਏਅਰ ਇੰਡੀਆ ਅਤੇ ਏਅਰਬੱਸ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਤੇ ਏਅਰਬੱਸ ਨੇ ਸਾਂਝੇ ਤੌਰ ’ਤੇ ਅਗਲੇ 10 ਸਾਲਾਂ ਵਿਚ 5 ਹਜ਼ਾਰ ਤੋਂ ਵੱਧ ਨਵੇਂ ਪਾਇਲਟਾਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾਈ ਹੈ, ਤਾਂ ਜੋ ਭਾਰਤ ਵਿਚ ਪਾਇਲਟਾਂ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਇਹ ਨਵਾਂ ਟੇ੍ਰਨਿੰਗ ਸੈਂਟਰ ਗੁਰੂਗਰਾਮ ਸਥਿਤ ਏਅਰ ਇੰਡੀਆ ਕੰਪਲੈਕਸ ਵਿਚ ਬਣਾਇਆ ਗਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਇਸ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਹੈ।

