
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਜਦੋਂ ਉਹ ਹਿਸਾਬ-ਕਿਤਾਬ ਲੈ ਕੇ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਉਸ ਸਮੇਂ ਲਾਈਵ ਪ੍ਰਸਾਰਨ ਕੀਤਾ ਜਾਵੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ਰਾਹੀਂ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਵਿਚੋਂ ਮੈਨੂੰ ਸੁਨੇਹੇ ਆ ਰਹੇ ਹਨ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ-ਕਿਤਾਬ ਲੈ ਕੇ ਜਾਵਾਂਗੇ ਤਾਂ ਸਾਰੇ ਚੈਨਲਾਂ ’ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦੈ। ਮੈਂ ਵੀ ਦੁਨੀਆਂ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਬ੍ਹ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲ-ਪਲ ਅਤੇ ਪੈਸੇ-ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ ਅਤੇ ਹੁਣ ਮਿਲਦੇ ਹਾਂ ਜੀ 15 ਜਨਵਰੀ ਨੂੰ ਸਬੂਤਾਂ ਸਮੇਤ। ਜ਼ਿਕਰਯੋਗ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਦੇ ਇਲਜ਼ਾਮਾਂ ਤਹਿਤ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ’ਚ ਤਲਬ ਕੀਤਾ ਹੋਇਆ ਹੈ।

