ਸ਼ੂਟਿੰਗ ’ਚ ਐਸ਼ਵਰਿਆ, ਸਵਪਿ੍ਰਲ ਅਤੇ ਅਖਿਲ ਨੇ ਮਿਲ ਕੇ ਜਿੱਤਿਆ ਗੋਲਡ ਮੈਡਲ
ਹਾਂਗਜੂ/ਬਿਊਰੋ ਨਿਊਜ਼ : 19ਵੀਆਂ ਏਸ਼ੀਅਨ ਖੇਡਾਂ ਦੇ ਛੇਵੇਂ ਦਿਨ ਭਾਰਤ ਨੇ 5 ਮੈਡਲ ਜਿੱਤ ਲਏ ਹਨ। ਚੀਨ ਦੇ ਹਾਂਗਜ਼ੂ ’ਚ ਸ਼ੁੱਕਰਵਾਰ ਨੂੰ ਭਾਰਤ ਦੇ ਸ਼ੂਟਰਾਂ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਸ਼ੂਟਰਾਂ ਨੇ ਅੱਜ 2 ਗੋਲਡ ਅਤੇ 2 ਸਿਲਵਰ ਮੈਡਲ ਜਿੱਤੇ। ਇਸ ਤੋਂ ਬਾਅਦ ਟੈਨਿਸ ਵਿਚ ਵੀ ਭਾਰਤ ਨੇ ਮੈਡਲ ਜਿੱਤਿਆ। ਐਸ਼ਵਰਿਆ ਪ੍ਰਤਾਪ ਸਿੰਘ, ਸਵਪਿ੍ਰਲ ਸੁਰੇਸ਼ ਅਤੇ ਅਖਿਲ ਨੇ 50 ਮੀਟਰ ਰਾਈਫਲ ਥਰੀ ਪੁਜੀਸ਼ਨ ਟੀਮ ਇਵੈਂਟ ’ਚ ਭਾਰਤ ਨੂੰ ਗੋਲਡ ਮੈਡਲ ਦਿਵਾਇਆ। ਜਦਕਿ 10 ਮੀਟਰ ਏਅਰ ਪਿਸਟਲ ’ਚ ਪਲਕ, ਈਸ਼ਾ ਸਿੰਘ ਅਤੇ ਦਿਵਿਆ ਨੇ ਮਿਲ ਕੇ ਭਾਰਤ ਲਈ ਸਿਲਵਰ ਮੈਡਲ ਜਿੱਤਿਆ। ਉਧਰ ਟੈਨਿਸ ’ਚ ਭਾਰਤ ਦੇ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਈਨੇਨੀ ਨੇ ਮੈਨਜ਼ ਡਬਲ ’ਚ ਸਿਲਵਰ ਮੈਡਲ ਜਿੱਤਿਆ। ਇਹ ਪੰਜ ਮੈਡਲ ਜਿੱਤਣ ਤੋਂ ਬਾਅਦ ਭਾਰਤ ਦੇ 31 ਮੈਡਲ ਹੋ ਗਏ ਹਨ ਜਿਨ੍ਹਾਂ 8 ਗੋਲਡ, 11 ਸਿਲਵਰ ਅਤੇ 12 ਬ੍ਰਾਨਜ਼ ਮੈਡਲ ਸ਼ਾਮਲ ਹਨ ਅਤੇ ਭਾਰਤ ਅੰਕ ਤਾਲਿਕਾ ਵਿਚ ਚੌਥੇ ਸਥਾਨ ’ਤੇ ਹੈ। 50 ਮੀਟਰ ਰਾਈਫਲ ਥਰੀ ਪੁਜੀਸ਼ਨ ’ਚ ਮੈਨਜ ਟੀਮ ਨੇ ਭਾਰਤ ਨੂੰ 7ਵਾਂ ਗੋਲਡ ਮੈਡਲ ਦਿਵਾਇਆ। ਮੈਨਜ਼ ਟੀਮ ਨੇ 1769 ਦਾ ਸਕੋਰ ਕਰਕੇ ਗੋਲਡ ਮੈਡਲ ਜਿੱਤਿਆ ਅਤੇ ਸ਼ੂਟਿੰਗ ’ਚ ਭਾਰਤ ਦਾ ਇਹ ਪੰਜਵਾ ਮੈਡਲ ਹੈ। 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਮਹਿਲਾ ਟੀਮ ਨੇ ਭਾਰਤ ਨੂੰ 1731 ਦਾ ਸਕੋਰ ਕਰਕੇ ਸਿਲਵਰ ਮੈਡਲ ਦਿਵਾਇਆ।