7.8 C
Toronto
Wednesday, October 29, 2025
spot_img
Homeਪੰਜਾਬਪੰਜਾਬ 'ਚ ਕਰੋਨਾ ਕਰਕੇ ਲਗਾਈਆਂ ਪਾਬੰਦੀਆਂ ਤੋਂ ਦੁਕਾਨਦਾਰ ਖਫਾ

ਪੰਜਾਬ ‘ਚ ਕਰੋਨਾ ਕਰਕੇ ਲਗਾਈਆਂ ਪਾਬੰਦੀਆਂ ਤੋਂ ਦੁਕਾਨਦਾਰ ਖਫਾ

ਵੱਖ ਵੱਖ ਥਾਈਂ ਦੁਕਾਨਦਾਰਾਂ ਨੇ ਸਰਕਾਰ ਖਿਲਾਫ ਕੀਤੇ ਰੋਸ ਮੁਜ਼ਾਹਰੇ
ਚੰਡੀਗੜ੍ਹ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਵੱਧਦੇ ਕੇਸਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਲਾਈਆਂ ਗਈਆਂ ਪਾਬੰਦੀਆਂ ਖਿਲਾਫ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ‘ਚ ਦੁਕਾਨਦਾਰਾਂ ਨੇ ਧਰਨੇ-ਮੁਜ਼ਾਹਰੇ ਕਰਕੇ ਸਰਕਾਰ ਖਿਲਾਫ ਰੋਸ ਜਤਾਇਆ ਤੇ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਇਸ ਦੌਰਾਨ ਦੁਕਾਨਦਾਰਾਂ ਤੇ ਪੁਲਿਸ ਵਿਚਾਲੇ ਤਕਰਾਰ ਵੀ ਹੋਈ। ਜਾਣਕਾਰੀ ਅਨੁਸਾਰ ਬਠਿੰਡਾ, ਸਮਾਣਾ, ਜਲੰਧਰ, ਲੁਧਿਆਣਾ ਤੇ ਬਰਨਾਲਾ ‘ਚ ਦੁਕਾਨਦਾਰਾਂ ਨੇ ਰੋਸ ਮੁਜ਼ਾਹਰੇ ਕੀਤੇ ਹਨ।
ਬਠਿੰਡਾ ਵਿਚ ਖੁੱਲ੍ਹੀਆਂ ਟਾਇਰਾਂ ਵਾਲੀਆਂ ਦੁਕਾਨਾਂ ਪੁਲਿਸ ਵੱਲੋਂ ਬੰਦ ਕਰਵਾਉਣ ਪਿੱਛੋਂ ਦੁਕਾਨਦਾਰਾਂ ਦਾ ਰੋਹ ਭੜਕ ਗਿਆ। ਦੁਕਾਨਦਾਰ ਦਾਅਵਾ ਕਰ ਰਹੇ ਸਨ ਕਿ ਸਰਕਾਰੀ ਹਦਾਇਤਾਂ ‘ਚ ਟਾਇਰਾਂ ਦੀਆਂ ਦੁਕਾਨਾਂ ਨੂੰ ‘ਜ਼ਰੂਰੀ ਵਸਤਾਂ’ ਵਿੱਚ ਸ਼ੁਮਾਰ ਕਰਕੇ ਖੋਲ੍ਹਣ ਦੀ ਪ੍ਰਵਾਨਗੀ ਹੈ। ਪੁਲਿਸ ਵੱਲੋਂ ਦੁਕਾਨਾਂ ਬੰਦ ਕਰਾਉਣ ਖਿਲਾਫ ਦੁਕਾਨਦਾਰਾਂ ਨੇ ਬਠਿੰਡਾ-ਗੋਨਿਆਣਾ ਰੋਡ ਜਾਮ ਕਰ ਦਿੱਤੀ। ਲੁਧਿਆਣਾ ਵਿਚ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਬਿਜ਼ਨਸ ਬਚਾਓ ਮੋਰਚਾ (ਬੀਬੀਐੱਮ) ਦੇ ਝੰਡੇ ਹੇਠ ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕਰਕੇ ਤਾਲਾਬੰਦੀ ਤੋਂ ਪ੍ਰਭਾਵਿਤ ਦੁਕਾਨਦਾਰਾਂ ਤੇ ਆਮ ਲੋਕਾਂ ਲਈ ਰਾਹਤ ਪੈਕੇਜ ਦੀ ਮੰਗ ਕੀਤੀ।
ਬਰਨਾਲਾ ਵਿਚ ਤਾਲਾਬੰਦੀ ਦੇ ਵਿਰੋਧ ਵਿੱਚ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਸੂਬਾ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਤਾਲਾਬੰਦੀ ਕਰ ਰਹੀ ਹੈ। ਜਲੰਧਰ ਦੇ ਭੀੜ-ਭੜੱਕੇ ਵਾਲੇ ਵਾਲਮੀਕ ਚੌਕ ਤੇ ਰੈਣਕ ਬਾਜ਼ਾਰ ਵਿਚ ਕਮਿਸ਼ਨਰੇਟ ਪੁਲਿਸ ਨੇ ਜਦੋਂ ਦਬਕੇ ਮਾਰ ਕੇ ਦੁਕਾਨਾਂ ਬੰਦ ਕਰਵਾਉਣ ਦਾ ਹੁਕਮ ਚਾੜ੍ਹਿਆ ਤਾਂ ਦੁਕਾਨਦਾਰ ਭੜਕ ਪਏ।
ਉਨ੍ਹਾਂ ਨੇ ਪੁਲਿਸ ‘ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਰਕਾਰ ਨੂੰ ਟੈਕਸ ਦਿੰਦੇ ਹਨ, ਘੱਟੋ-ਘੱਟ ਉਨ੍ਹਾਂ ਨਾਲ ਇੱਜ਼ਤ ਨਾਲ ਗੱਲ ਕੀਤੀ ਜਾਵੇ। ਰੈਣਕ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਨੇ ਕਰਿਆਨੇ ਦੀਆਂ ਦੁਕਾਨਾਂ ਖੋਲ੍ਹਣ ਤੇ ਹੋਮ ਡਲਿਵਰੀ ਦੀ ਆਗਿਆ ਦਿੱਤੀ ਹੋਈ ਹੈ, ਇਸ ਦੇ ਬਾਵਜੂਦ ਪੁਲਿਸ ਉਨ੍ਹਾਂ ਨੂੰ ਤੰਗ ਕਰ ਰਹੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਸਮਾਣਾ ਵਿਚ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਦੁਕਾਨਾਂ ਜਬਰੀ ਬੰਦ ਕਰਵਾਏ ਜਾਣ ਤੋਂ ਖਫ਼ਾ ਹੋਏ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

 

RELATED ARTICLES
POPULAR POSTS