ਕਿਸਾਨੀ ਸੰਘਰਸ਼ ਨੂੰ ਆਜ਼ਾਦੀ ਸੰਗਰਾਮ ਵਾਂਗ ਭਖਾਉਣ ਦਾ ਸੱਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਪਿਛਲੇ ਸੱਤਾਂ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖਿਲਾਫ ਵਿੱਢੀ ਲੜਾਈ ਨੂੰ ਆਜ਼ਾਦੀ ਦੇ ਸੰਘਰਸ਼ ਵਾਂਗ ਦਿਨ ਪ੍ਰਤੀ ਦਿਨ ਭਖਾਉਣ ਦਾ ਸੱਦਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਸੰਗਰਾਮ ਵਾਂਗ ਹੁਣ ਵੀ ਸੰਘਰਸ਼ ਦੀ ਅਗਵਾਈ ਪੰਜਾਬ ਦੇ ਹਿੱਸੇ ਆਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਕੁਰਬਾਨੀਆਂ ਭਰਿਆ ਇਤਿਹਾਸ ਸਿਰਫ਼ ਪੜ੍ਹਿਆ ਹੀ ਨਹੀਂ ਗਿਆ, ਸਗੋਂ ਵਿਰਾਸਤ ਤੋਂ ਸੇਧ ਵੀ ਲਈ ਗਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਦਾ ਜਜ਼ਬਾ ਬਰਕਰਾਰ ਹੈ। ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੱਕੇ ਧਰਨੇ ਜਾਰੀ ਹਨ। ਪੰਜਾਬ ਭਰ ਵਿੱਚ 108 ਥਾਵਾਂ, ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ਵਿੱਚ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਗੂੰਜ ਰਹੇ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰੀ ਪਾਬੰਦੀਆਂ ਨੂੰ ਦਰਕਿਨਾਰ ਕਰਦਿਆਂ ਪੰਜਾਬ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਲਗਾਤਾਰ ਦਿੱਲੀ ਰਵਾਨਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਆਵਾਜ਼ ਵਿਸ਼ਵ ਪੱਧਰ ‘ਤੇ ਗੂੰਜੀ ਹੈ ਪਰ ਤਾਨਾਸ਼ਾਹੀ ਰਵੱਈਏ ‘ਤੇ ਉੱਤਰੀ ਕੇਂਦਰ ਸਰਕਾਰ ਕਾਨੂੰਨ ਵਿੱਚ ਗਲਤੀਆਂ ਮੰਨਣ ਦੇ ਬਾਵਜੂਦ ਰੱਦ ਕਰਨ ਤੋਂ ਟਾਲਾ ਵੱਟ ਰਹੀ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਅੰਦੋਲਨ ਜਿੱਤ ਕੇ ਹੀ ਘਰ ਮੁੜਨ ਦਾ ਤਹੱਈਆ ਕਰੀ ਬੈਠੇ ਹਨ।
ਕਿਸਾਨ ਆਗੂਆਂ ਨੇ ਖੇਤੀ ਕਾਨੂੰਨਾਂ ਦੇ ਸੰਘਰਸ਼ ‘ਚ ਮਹਿਲਾਵਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਟੇਜਾਂ ‘ਤੇ ਬਾਹਾਂ ਉੱਚੀਆਂ ਕਰ ਕੇ ਜੋਸ਼ੀਲੀਆਂ ਤਕਰੀਰਾਂ ਦਿੰਦੀਆਂ ਭੈਣਾਂ ਸੱਤਾਧਾਰੀ ਜਮਾਤ ਅੱਗੇ ਵੰਗਾਰ ਬਣੀਆਂ ਖੜ੍ਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਆਗੂਆਂ ਨੇ ਕਿਹਾ ਕਿ ਦਿਨਾਂ ਦੀ ਗਿਣਤੀ ਕੋਈ ਅਹਿਮੀਅਤ ਨਹੀਂ ਰੱਖਦੀ, ਉਨ੍ਹਾਂ ਦਾ ਇੱਕੋ-ਇੱਕ ਨਿਸ਼ਾਨਾ ਆਪਣੀਆਂ ਮੰਗਾਂ ਮਨਵਾਉਣਾ ਹੈ, ਜਿਸ ਲਈ ਅੰਦੋਲਨ ਭਾਵੇਂ ਕਿੰਨਾ ਵੀ ਲੰਮਾ ਕਿਉਂ ਨਾ ਚਲਾਉਣਾ ਪਵੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ-ਮਜ਼ਦੂਰਾਂ ਦੀ ਵੱਡੀ ਸ਼ਮੂਲੀਅਤ ਲਈ ਕੁੱਝ ਪ੍ਰੋਗਰਾਮ ਉਲੀਕ ਰਿਹਾ ਹੈ ਅਤੇ ਇਨ੍ਹਾਂ ਪ੍ਰੋਗਰਾਮਾਂ ਦੀ ਕਾਮਯਾਬੀ ਲਈ ਹੁਣੇ ਤੋਂ ਹੀ ਲਾਮਬੰਦੀ ਸ਼ੁਰੂ ਕਰ ਦਿੱਤੀ ਜਾਵੇਗੀ।
ਮੀਡੀਆ ਨੂੰ ਹੋਰ ਸਹੂਲਤਾਂ ਦੀ ਲੋੜ: ਰਾਣਾ ਕੇਪੀ
ਰੂਪਨਗਰ : ਜ਼ਿਲ੍ਹਾ ਪ੍ਰੈਸ ਕਲੱਬਜ਼ ਐਸੋਸੀਏਸ਼ਨ ਰੂਪਨਗਰ ਵੱਲੋਂ ਵਿਸ਼ਵ ਪ੍ਰੈੱਸ ਅਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਵਰਚੂਅਲ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਜਾਣੇ ਜਾਂਦੇ ਮੀਡੀਆ ਨੂੰ ਹੋਰ ਤਾਕਤ ਦੇਣ ਲਈ ਹਾਲੇ ਹੋਰ ਉਪਰਾਲੇ ਕਰਨ ਦੀ ਲੋੜ ਹੈ। ਇਸ ਵਿੱਚ ਪੱਤਰਕਾਰਾਂ ਦੀ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰਾਂ ਨੂੰ ਵਿਸੇਸ਼ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਪ੍ਰੈੱਸ ਨੂੰ ਹੋਰ ਨਿਰਪੱਖ ਅਤੇ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿ ਲੋਕਤੰਤਰ ਦੇ ਢਾਂਚੇ ਦੀ ਮਜ਼ਬੂਤੀ ਵਿੱਚ ਪ੍ਰੈੱਸ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਹੋਰ ਵਧੇਰੇ ਸਹੂਲਤਾਂ ਤੇ ਸੁਵਿਧਾਵਾਂ ਦੇਣ ਦੀ ਜ਼ਰੂਰਤ ਹੈ।
ਉਪਾਸਨਾ ਸਿੰਘ ਤੇ ਉਸਦੀ ਟੀਮ ਖਿਲਾਫ ਕੇਸ ਦਰਜ
ਚੰਡੀਗੜ: ਖੰਡ ਮਿੱਲ ਮੋਰਿੰਡਾ ਵਿੱਚ ਪੰਜਾਬੀ ਫਿਲਮ ਦੀ ਸ਼ੂਟਿੰਗ ਕਰ ਰਹੀ ਪ੍ਰਸਿੱਧ ਅਦਾਕਾਰਾ ਉਪਾਸਨਾ ਸਿੰਘ ਅਤੇ ਉਸ ਦੀ ਟੀਮ ਦੇ 14 ਮੈਂਬਰਾਂ ‘ਤੇ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਵੱਖੋ-ਵੱਖਰੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਉਪਾਸਨਾ ਸਿੰਘ ਅਤੇ ਉਸ ਦੀ ਟੀਮ ਕੁੱਝ ਦਿਨ ਪਹਿਲਾਂ ਖੰਡ ਮਿੱਲ ਮੋਰਿੰਡਾ ‘ਚ ਸ਼ੂਟਿੰਗ ਕਰਨ ਆਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਿੰਮੀ ਸ਼ੇਰਗਿੱਲ ਅਤੇ ਗਿੱਪੀ ਗਰੇਵਾਲ ਖਿਲਾਫ ਵੀ ਕੇਸ ਦਰਜ ਹੋ ਚੁੱਕੇ ਹਨ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …