ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ਼ਹੀਦ ਮਨਪ੍ਰੀਤ ਨੂੰ ਦਿੱਤੀ ਸ਼ਰਧਾਂਜਲੀ
![](https://parvasinewspaper.com/wp-content/uploads/2023/09/Manpreet-Singh.jpg)
ਚੰਡੀਗੜ੍ਹ/ਬਿਊਰੋ ਨਿਊਜ਼ : ਅਨੰਤਨਾਗ ’ਚ ਲੰਘੀ 13 ਸਤੰਬਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਨਿਊ ਚੰਡੀਗੜ੍ਹ ਦੇ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਭੜੌਜੀਆਂ ਵਿਖੇ ਕੀਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਮੁੱਖਅਗਨੀ ਉਨ੍ਹਾਂ ਦੇ ਸੱਤ ਸਾਲਾ ਪੁੱਤਰ ਕਬੀਰ ਵੱਲੋਂ ਦਿੱਤੀ ਗਈ। ਇਸ ਮੌਕੇ ਕਬੀਰ ਨੇ ਫੌਜੀ ਵਰਦੀ ਪਹਿਨੀ ਹੋਈ ਸੀ ਅਤੇ ਉਸ ਨੇ ਆਖਰੀ ਸਮੇਂ ਆਪਣੇ ਪਿਤਾ ਕਰਨਲ ਮਨਪ੍ਰੀਤ ਸਿੰਘ ਨੂੰ ਬੱਸ ਇੰਨਾ ਹੀ ਕਿਹਾ ‘ਪਾਪਾ ਜੈ ਹਿੰਦ’। ਸ਼ਹੀਦ ਕਰਨਲ ਦੀ ਅੰਤਿਮ ਯਾਤਰਾ ਨੂੰ ਘਰ ਤੋਂ 200 ਮੀਟਰ ਦੀ ਦੂਰੀ ਤਹਿ ਕਰਨ ਲਈ ਅੱਧੇ ਘੰਟੇ ਦਾ ਸਮਾਂ ਲੱਗਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹੁੰਚੇ। ਇਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਜਦੋਂ ਸ਼ਹੀਦ ਦੀ ਮਿ੍ਰਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ ਤਾਂ ਆਪਣੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਉਮੜੇ ਹੋਏ ਸਨ ਅਤੇ ਕਰਨਲ ਮਨਪ੍ਰੀਤ ਸਿੰਘ ਅਮਰ ਰਹੇ ਦੇ ਨਾਹਰੇ ਲਗਾ ਰਹੇ ਸਨ। ਸ਼ਹੀਦ ਦੀ ਪਤਨੀ ਤਾਬੂਤ ’ਤੇ ਸਿਰ ਰੱਖ ਕੇ ਰੋਂਦੀ ਰਹੀ। ਕਰਨਲ ਮਨਪ੍ਰੀਤ ਸਿੰਘ ਆਪਣੇ ਪਿੱਛੇ ਆਪਣੀ ਮਾਂ ਮਨਜੀਤ ਕੌਰ, ਪਤਨੀ, ਪੁੱਤਰ ਅਤੇ ਧੀ ਨੂੰ ਛੱਡ ਗਏ ਹਨ। ਉਧਰ ਸ਼ਹੀਦ ਮੇਜਰ ਆਸ਼ੀਸ਼ ਦਾ ਅੰਤਿਮ ਸਸਕਾਰ ਵੀ ਉਨ੍ਹਾਂ ਦੇ ਜੱਦੀ ਪਿੰਡ ਬਿੰਝੌਲ ’ਚ ਕੀਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਮੁੱਖਅਗਨੀ ਉਨ੍ਹਾਂ ਦੇ ਚਚੇਰੇ ਭਰਾ ਮੇਜਰ ਵਿਕਾਸ ਨੇ ਦਿੱਤੀ। ਇਸ ਤੋਂ ਪਹਿਲਾਂ ਸਿੱਖ ਰੈਜੀਮੈਂਟ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਗੰਨ ਸਲਿਊਟ ਦਿੱਤਾ ਗਿਆ। ਇਸ ਤੋਂ ਪਹਿਲਾਂ ਮੇਜਰ ਦੀ ਅੰਤਿਮ ਯਾਤਰਾ ਪਾਣੀਪਤ ਦੇ ਟੀਡੀਆਈ ਸਿਟੀ ਤੋਂ 14 ਕਿਲੋਮੀਟਰ ਦੂਰ ਉਨ੍ਹਾਂ ਦੇ ਪਿੰਡ ਬਿੰਜੌਲ ਪਹੁੰਚੀ। ਅੰਤਿਮ ਯਾਤਰਾ ਦੇ ਨਾਲ ਇਕ ਕਿਲੋਮੀਟਰ ਲੰਬੇ ਕਾਫ਼ਲੇ ’ਚ ਲਗਭਗ 10 ਹਜ਼ਾਰ ਲੋਕ ਸ਼ਾਮਲ ਹੋਏ। ਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕ ਨਮਕ ਅੱਖਾਂ ਨਾਲ ਸ਼ਹੀਦ ਮੇਜਰ ਅਸ਼ੀਸ਼ ਦੀ ਮਿ੍ਰਤਕ ਦੇਹ ’ਤੇ ਫੁੱਲ ਬਰਸਾ ਕੇ ਅੰਤਿਮ ਵਿਦਾਈ ਦੇ ਰਹੇ ਸਨ। ਅੰਤਿਮ ਯਾਤਰਾ ਨੇ ਨਾਲ ਸ਼ਹੀਦ ਮੇਜਰ ਅਸ਼ੀਸ਼ ਦੀਆਂ ਭੈਣਾਂ ਅਤੇ ਮਾਂ ਵੀ ਬਿੰਜੌਲ ਪਹੁੰਚੀਆਂ। ਮੇਜਰ ਅਸ਼ੀਸ਼ ਦੀ ਮਾਤਾ ਨੇ ਪੂਰੇ ਰਸਤੇ ਹੱਥ ਜੋੜੀ ਰੱਖੇ ਅਤੇ ਭੈਣਾਂ ਭਰਾ ਨੂੰ ਸਲਿਊਟ ਕਰਦੀਆਂ ਰਹੀਆਂ।