ਬਸਪਾ ਮੁਖੀ ਦੇ ਛੋਟੇ ਭਰਾ ਦਾ ਪੁੱਤਰ ਹੈ ਆਕਾਸ਼ ਆਨੰਦ
ਲਖਨਊ/ਬਿਊਰੋ ਨਿਊਜ਼
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉਤਰਾਧਿਕਾਰੀ ਐਲਾਨ ਦਿੱਤਾ ਹੈ। ਯਾਨੀ ਬਹੁਜਨ ਸਮਾਜ ਪਾਰਟੀ ਦੀ ਕਮਾਨ ਹੁਣ ਆਕਾਸ਼ ਆਨੰਦ ਦੇ ਹੱਥਾਂ ਵਿਚ ਹੋਵੇਗੀ। ਅੱਜ ਐਤਵਾਰ 10 ਦਸੰਬਰ ਨੂੰ ਡੇਢ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਮਾਇਆਵਤੀ ਨੇ ਇਸ ਫੈਸਲੇ ਦਾ ਐਲਾਨ ਕੀਤਾ। ਆਕਾਸ਼ ਆਨੰਦ, ਮਾਇਆਵਤੀ ਦੇ ਛੋਟੇ ਭਰਾ ਦਾ ਪੁੱਤਰ ਹੈ ਅਤੇ ਫਿਲਹਾਲ ਪਾਰਟੀ ਦਾ ਨੈਸ਼ਨਲ ਕੋਆਰਡੀਨੇਟਰ ਹੈ। ਲਖਨਊ ਵਿਚ ਬਸਪਾ ਮੁਖੀ ਮਾਇਆਵਤੀ ਨੇ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ 28 ਸੂਬਿਆਂ ਤੋਂ ਪਾਰਟੀ ਦੇ ਅਹੁਦੇਦਾਰ ਸ਼ਾਮਲ ਹੋਏ। ਇਸ ਦੌਰਾਨ ਅਹੁਦੇਦਾਰਾਂ ਨੇ ਅਗਾਮੀ ਲੋਕ ਸਭਾ ਚੋਣਾਂ 2024 ਨੂੰ ਲੈ ਹੁਣ ਤੱਕ ਕੀਤੇ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਬਸਪਾ ਮੁਖੀ ਨੇ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਤੋਂ ਲੈ ਕੇ ਸੂਬਿਆਂ ਦੇ ਕੋਆਰਡੀਨੇਟਰਾਂ ਕੋਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਸਬੰਧੀ ਰਿਪੋਰਟ ਮੰਗੀ ਸੀ। ਮੀਟਿੰਗ ਦੌਰਾਨ ਇਸ ਗੱਲ ’ਤੇ ਭਰੋਸਾ ਦਿਵਾਇਆ ਕਿ ਅਗਾਮੀ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਮਿਹਨਤ ਕੀਤੀ ਜਾਵੇਗੀ।