ਡਾ. ਸੁਖਦੇਵ ਸਿੰਘ ਝੰਡ
ਕਿਤਾਬ ਦਾ ਇਤਿਹਾਸ ਲਿਖਾਈ ਅਤੇ ਕਾਗਜ਼ ਦੀਆਂ ਖੋਜਾਂ ਜਿੰਨਾਂ ਹੀ ਪੁਰਾਣਾ ਹੈ। ਅਜੋਕੀ ਪੀੜ੍ਹੀ ਜੋ ਕੰਪਿਊਟਰਾਂ ਅਤੇ ਸੈੱਲਫ਼ੋਨਾਂ ਉੱਪਰ ਉਂਗਲਾਂ ਮਾਰ-ਮਾਰ ਕੇ ਉਨ੍ਹਾਂ ਵਿੱਚੋਂ ਹਰੇਕ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਦੇ ਆਹਰ ਵਿੱਚ ਲੱਗੀ ਹੋਈ ਹੈ, ਉਸ ਨੂੰ ਕਿੱਥੋਂ ਪਤਾ ਹੋਣਾ ਹੈ ਕਿ ਅਜੋਕੀਆਂ ਰੰਗ-ਬਰੰਗੀਆਂ ਜਿਲਦਾਂ ਦੇ ਅੰਦਰ ਸੁੰਦਰ ਫ਼ੌਟਾਂ ਵਿਚ ਛਪੀਆਂ ਕਿਤਾਬਾਂ ਸ਼ੁਰੂ-ਸ਼ੁਰੂ ਵਿੱਚ ਕਿਹੋ ਜਿਹੀਆਂ ਹੁੰਦੀਆਂ ਸਨ। ਉਨ੍ਹਾਂ ਨੂੰ ਕੀ ਪਤਾ ਹੋਵੇਗਾ ਕਿ ਹਜ਼ਾਰਾਂ ਸਾਲ ਪਹਿਲਾਂ ਕਿਤਾਬਾਂ ਮਿੱਟੀ ਦੀਆਂ ਪਕਾਈਆਂ ਹੋਈਆਂ ‘ਪੱਟੀਆਂ’, ਉਪਲੱਭਧ ਰੁੱਖਾਂ ਦੀ ‘ਛਿੱਲਾਂ’, ਪਾਮ ਦੇ ਪੱਤਿਆਂ ਅਤੇ ‘ਪੇਪੀਰਸ’ ਰੁੱਖ ਦੇ ਗੁੱਦੇ ਦੀਆਂ ਬਣੀਆਂ ਵੀ ਹੁੰਦੀਆਂ ਸਨ। ਕਾਗਜ਼ ਤੇ ਸਿਆਹੀ ਦੀ ਖੋਜ ਤੋਂ ਬਾਅਦ ਮਨੁੱਖ ਵੱਲੋਂ ਹੱਥਾਂ ਨਾਲ ਬਣਾਏ ਗਏ ਕਾਗਜ਼ ਉੱਪਰ ਖ਼ੁਸ਼ਖ਼ਤ ਲਿਖਾਈ ਵਿੱਚ ਲਿਖੇ ਗਏ ‘ਹੱਥ-ਖਰੜੇ’ ਤਿਆਰ ਹੋਏ, ਜਿਹੜੇ ਹੁਣ ਵੀ ਕਈ ਲਾਇਬ੍ਰੇਰੀਆਂ ਦੇ ‘ਦੁਰਲੱਭ ਪੁਸਤਕਾਂ ਤੇ ਖਰੜਿਆਂ ਦੇ ਵਿਭਾਗਾਂ’ ਅਤੇ ‘ਆਰਕਾਈਵਜ਼’ ਵਿੱਚ ਵੇਖੇ ਭਾਲ਼ੇ ਜਾ ਸਕਦੇ ਹਨ।
ਅਜੋਕੀ ਪੀੜ੍ਹੀ ਤੇ ਆਮ ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ‘ਪੱਟੀਆਂ’ ਉੱਪਰ ਲਿਖੀਆਂ ਗਈਆਂ ਇਹ ‘ਕਿਤਾਬਾਂ’ ਮੈਸੋਪੋਟੇਮੀਆ ਵਿੱਚ ਲੱਗਭੱਗ ਸਾਢੇ ਪੰਜ ਹਜ਼ਾਰ ਸਾਲ ਪਹਿਲਾਂ ਉਪਲੱਭਧ ਸਨ ਅਤੇ ਇਨ੍ਹਾਂ ਦੀ ਗਿਣਤੀ ਉਦੋਂ ਲੱਖਾਂ ਵਿੱਚ ਸੀ। ਇੰਟਰਨੈੱਟ ਤੋਂ ਪ੍ਰਾਪਤ ਇੱਕ ਜਾਣਕਾਰੀ ਅਨੁਸਾਰ ਉਸ ਸਮੇਂ ਪੰਜ ਲੱਖ ਤੋਂ ਵਧੇਰੇ ਅਜਿਹੀਆਂ ‘ਕਿਤਾਬਾਂ’ ਮੌਜੂਦ ਸਨ। ਅਮਰੀਕਾ ਵੱਲੋਂ 2003 ਵਿੱਚ ਈਰਾਕ ਉੱਪਰ ਕੀਤੇ ਗਏ ਹਮਲੇ ਦੌਰਾਨ ਅਮਰੀਕੀ ਫ਼ੌਜੀਆਂ ਵੱਲੋਂ ਉੱਥੋਂ ਜਿਹੜੀਆਂ ਕੀਮਤੀ ਚੀਜ਼ਾਂ ਲੁੱਟੀਆਂ ਗਈਆਂ, ਉਨ੍ਹਾਂ ਵਿੱਚ ਅਜਿਹੀਆਂ ਪੌਣੇ ਦੋ ਲੱਖ ‘ਪੱਟੀਆਂ’ ਵੀ ਸ਼ਾਮਲ ਸਨ। ਇਹ ਅਜੇ ਵੀ ਉੱਥੋਂ ਕਈ ਪੁਰਾਣੀਆਂ ਲਾਇਬ੍ਰੇਰੀਆਂ ਵਿੱਚ ਮੌਜੂਦ ਹਨ। ਇਨ੍ਹਾਂ ‘ਪੱਟੀਆਂ’ ਨੂੰ ਤਿਆਰ ਕਰਨ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ੍ਹ ਕੇ ਇਸ ਨੂੰ ਨਿੱਕੀ ਜਿਹੀ ‘ਸਿਲ਼’ ਦਾ ਰੂਪ ਦਿੱਤਾ ਜਾਂਦਾ ਸੀ ਅਤੇ ਇਸ ਇਸ ‘ਗਿੱਲੀ ਸਿਲ਼’ ਉੱਪਰ ਤਿੱਖੀ ਨੋਕ ਵਾਲੀ ਖ਼ਾਸ ਕਿਸਮ ਦੀ ਖ਼ਾਸ ‘ਚੀਜ਼’ ਨਾਲ ਅੱਖਰ ਉਕਰੇ ਜਾਂਦੇ ਸਨ। ਫਿਰ ਇਨ੍ਹਾਂ ‘ਪੱਟੀਆਂ’ (ਛੋਟੀਆਂ-ਛੋਟੀਆਂ ਸਿਲ਼ਾਂ) ਨੂੰ ਅੱਗ ਵਿੱਚ ਪਕਾ ਲਿਆ ਜਾਂਦਾ ਸੀ।
ਇਸ ਤੋਂ ਅਗਲੇ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਲਿਖਾਈ ਰੁੱਖਾਂ ਦੀਆਂ ‘ਛਿੱਲਾਂ’ ਉੱਪਰ ਵੀ ਕੀਤੀ ਜਾਂਦੀ ਸੀ। ਕਈ ਰੁੱਖਾਂ ਦੀਆਂ ਛਿੱਲਾਂ ਅੰਦਰੋਂ ਬੜੀਆਂ ਸਾਫ਼ ਤੇ ਮੁਲਾਇਮ ਹੁੰਦੀਆਂ ਹਨ। ਇਨ੍ਹਾਂ ਨੂੰ ਤਣੇ ਤੋਂ ਲੰਮੇਂ ਰੁਖ਼ ਉਤਾਰ ਕੇ ਸੁਕਾ ਲਿਆ ਜਾਂਦਾ ਸੀ ਅਤੇ ਇਨ੍ਹਾਂ ਉੱਪਰ ਖ਼ੁਸ਼ਖਤ ਲਿਖਾਈ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਲਿਖਣ ਲਈ ਫਿਰ ‘ਪੇਪੀਰਸ’ ਨਾਂ ਦੇ ਰੁੱਖ ਦੇ ਤਣੇ ਤੇ ਟਾਹਣੀਆਂ ਦਾ ‘ਗੁੱਦਾ’ ਤਿਆਰ ਕਰਕੇ, ਇਸ ਦੀ ਪਤਲੀ ਜਿਹੀ ਤਹਿ ਬਣਾ ਕੇ ਮੁੱਢਲੇ ‘ਕਾਗਜ਼’ ਦੇ ਰੂਪ ਵਿੱਚ ਵਰਤਿਆ ਜਾਣ ਲੱਗਾ, ਜਿਸ ਉੱਪਰ ਹੱਥ ਨਾਲ ਖ਼ੁਸ਼ਖ਼ਤ ਲਿਖਾਈ ਕੀਤੀ ਜਾਂਦੀ ਸੀ। ਸਿਆਹੀ ਸੁੱਕਣ ਤੋਂ ਬਾਅਦ ਇਨ੍ਹਾਂ ਨੂੰ ਵਲ੍ਹੇਟ ਕੇ ਇਨ੍ਹਾਂ ਦੇ ‘ਸਕਰੋਲ’ ਬਣਾ ਲਏ ਜਾਂਦੇ ਸਨ। ਕਾਗਜ਼ ਬਨਾਉਣ ਲਈ ਇਹ ‘ਪੇਪੀਰਸ’ ਮਿਸਰ ਵਿੱਚ ਲੱਗਭੱਗ ਪੰਜ ਹਜ਼ਾਰ ਸਾਲ ਪਹਿਲਾਂ ਵਰਤਿਆ ਗਿਆ, ਕਿਉਂਕਿ ਨੀਲ ਦਰਿਆ ਦੇ ਕਿਨਾਰੇ ਇਸ ਦੇ ਰੁੱਖ ਉਸ ਸਮੇਂ ਵੱਡੀ ਗਿਣਤੀ ਵਿੱਚ ਮੌਜੂਦ ਸਨ। ਹੱਥ-ਲਿਖਤ ਖਰੜਿਆਂ ਦਾ ਇਹ ਸਿਲਸਿਲਾ ਕਈ ਹਜ਼ਾਰ ਸਾਲ ਚੱਲਦਾ ਰਿਹਾ ਅਤੇ ਬਹੁਤ ਸਾਰੇ ਧਾਰਮਿਕ ਤੇ ਇਤਿਹਾਸਕ ਗ੍ਰੰਥ ਇਸ ਰੂਪ ਵਿੱਚ ਲਿਖੇ ਗਏ ਜੋ ਅੱਜ ਵੀ ਕਈ ਪੁਰਾਣੀਆਂ ਲਾਇਬ੍ਰੇਰੀਆਂ ਤੇ ਆਰਕਾਈਚਜ਼ ਵਿੱਚ ਮੌਜੂਦ ਹਨ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਕਿਤਾਬ ਨੂੰ ਅਜੋਕੇ ਰੂਪ ਵਿੱਚ ਆਉਣ ਲਈ ਹਜ਼ਾਰਾਂ ਸਾਲ ਲੱਗ ਗਏ।
ਪੁਸਤਕਾਂ ਦੀ ਛਪਾਈ ਦੇ ਅਜੋਕੇ ਇਤਿਹਾਸ ਦਾ ਪੰਨਾ ਜਰਮਨੀ ਦੇ ਖੋਜੀ ਬਿਰਤੀ ਦੇ ਮਾਲਕ ਕਿੱਤੇ ਵਜੋਂ ‘ਲੋਹਾਰ’ ਜੌਹਨਜ਼ ਗਟਨਬਰਗ ਵੱਲੋਂ 1450 ਈਸਵੀ ਵਿੱਚ ਈਜਾਦ ਕੀਤੀ ਗਈ ‘ਮੂਵੇਬਲ ਟਾਈਪ ਪ੍ਰਿੰਟਿੰਗ ਪ੍ਰੈੱਸ’ ਨਾਲ ਆਰੰਭ ਹੁੰਦਾ ਹੈ, ਭਾਵੇਂ ਪ੍ਰਿੰਟਿੰਗ ਇਸ ਤੋਂ ਪਹਿਲਾਂ ਵੀ ਕੀਤੀ ਜਾਂਦੀ ਸੀ, ਪਰ ਉਦੋਂ ਕਿਤਾਬਾਂ ਬਹੁਤ ਘੱਟ ਗਿਣਤੀ ਵਿੱਚ ਛਪਦੀਆਂ ਸਨ। ਇਸ ਪ੍ਰਿੰਟਿੰਗ ਦੇ ਆਉਣ ਨਾਲ ਕਿਤਾਬਾਂ ਵੱਡੀ ਗਿਣਤੀ ਵਿੱਚ ਛਪਣ ਲੱਗੀਆਂ। ਪ੍ਰਿੰਟਿੰਗ ਦੇ ਇਤਿਹਾਸ ਵਿੱਚ ‘ਲਾਈਨੋਟਾਈਪ ਪ੍ਰਿੰਟਿੰਗ’ 1876 ਵਿਚ, ‘ਪੱਥਰ-ਛਾਪ ਪ੍ਰਿੰਟਿੰਗ’ 1897 ਵਿਚ, ਅਤੇ ‘ਆਫ਼ਸੈੱਟ ਪ੍ਰਿੰਟਿੰਗ’ 1904 ਵਿੱਚ ਸ਼ੁਰੂ ਹੋਣ ਦਾ ਜ਼ਿਕਰ ਆਉਂਦਾ ਹੈ। ਪੰਜਾਬ ਵਿੱਚ ਸੱਭ ਤੋਂ ਪਹਿਲੀ ਪ੍ਰਿੰਟਿੰਗ ਪ੍ਰੈੱਸ ‘ਲੁਧਿਆਣਾ ਮਿਸ਼ਨ ਪ੍ਰੈੱਸ’ ਦੇ ਅਮਰੀਕਨ ਮਿਸ਼ਨਰੀਆਂ ਵੱਲੋਂ 1835 ਵਿੱਚ ਲਗਾਈ ਗਈ, ਜਿੱਥੇ ਉਨ੍ਹਾਂ ਨੇ ਸੱਭ ਤੋਂ ਪਹਿਲਾਂ ‘ਬਾਈਬਲ’ ਪੰਜਾਬੀ ਵਿੱਚ ਛਾਪੀ ਅਤੇ ਫਿਰ ਈਸਾਈ ਮੱਤ ਦੇ ਪ੍ਰਚਾਰ ਲਈ ਹੋਰ ਸਾਹਿਤ ਛਾਪਿਆ।
ਅਜੋਕੇ ਸਮੇਂ ਵਿੱਚ ਪ੍ਰਿੰਟਿੰਗ ਦੀ ਜੇਕਰ ਗੱਲ ਕਰੀਏ ਤਾਂ ਹੁਣ ਪੁਸਤਕਾਂ ਦੀ ਛਪਾਈ ਵਿੱਚ ਕੰਪਿਊਟਰ ਦੀ ਭਰਪੂਰ ਵਰਤੋਂ ਹੋ ਰਹੀ ਹੈ। ਪਹਿਲੀ ਗੱਲ ਤਾਂ ਕਿਤਾਬ ਦਾ ਸਮੁੱਚਾ ‘ਟੈੱਕਸਟ’ ਹੀ ਕੰਪਿਊਟਰ ਉੱਪਰ ਟਾਈਪ ਕੀਤਾ ਜਾਂਦਾ ਹੈ ਅਤੇ ਕਿਤਾਬ ਦਾ ਸਮੁੱਚਾ ‘ਖਰੜਾ’ ਤਿਆਰ ਕੀਤਾ ਜਾਂਦਾ ਹੈ। ਫਿਰ ਇਸ ਦੀ ਸੀ.ਡੀ. ਬਣਾ ਕੇ ਪ੍ਰਿੰਟਰ ਨੂੰ ਭੇਜੀ ਜਾਂਦੀ ਹੈ ਜੋ ਇਸ ਨੂੰ ਪ੍ਰਿੰਟਿੰਗ ਮਸ਼ੀਨ ਨਾਲ ਜੋੜ ਕੇ ਇਸ ਨੂੰ ਲੋੜੀਂਦੀਆਂ ‘ਹਦਾਇਤਾਂ’ ਦੇ ਕੇ ਸੰਬੰਧਿਤ ਕਿਤਾਬ ਦੀਆਂ ਲੋੜ ਅਨੁਸਾਰ ਕਾਪੀਆਂ ਛਾਪਦਾ ਹੈ। ਇਸ ਦੇ ਨਾਲ ਹੀ ਹੁਣ ਤਾਂ ‘ਈ-ਬੁੱਕਸ’, ‘ਈ-ਜਰਨਲਜ਼’ ਅਤੇ ‘ਈ-ਮੈਗ਼ਜੀਨ’ ਵੀ ਆ ਗਏ ਹਨ ਜੋ ਕੰਪਿਊਟਰ ‘ਤੇ ਉਪਲੱਭਧ ਹਨ। ਅਸੀਂ ਵੇਖਦੇ ਹਾਂ ਕਿ ਅੱਜਕੱਲ੍ਹ ਡਿਜੀਟਲ ਮੀਡੀਆ ਜ਼ੋਰ ਫੜ੍ਹਦਾ ਜਾ ਰਿਹਾ ਹੈ ਅਤੇ ਕਾਗਜ਼ ਉੱਪਰ ਛਪਣ ਵਾਲੀਆਂ ਕਿਤਾਬਾਂ ਦੀ ਗਿਣਤੀ ਘਟਦੀ ਜਾ ਰਹੀ ਹੈ।
ਹੁਣ ਜੇਕਰ ਕੰਪਿਊਟਰ ਦੀ ਗੱਲ ਕਰੀਏ ਤਾਂ ਕਿਤਾਬ ਦੇ ਮੁਕਾਬਲੇ ਕੰਪਿਊਟਰ ਦਾ ਇਤਿਹਾਸ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਤੋਂ ਸ਼ੁਰੂ ਹੁੰਦਾ ਹੈ, ਜਦੋਂ 1920’ਵਿਆਂ ਵਿੱਚ ‘ਟਰਮ’ (ਵਾਕਅੰਸ਼) ‘ਕੰਪਿਊਟਿੰਗ ਮਸ਼ੀਨ’ ਹੋਂਦ ਵਿੱਚ ਆਈ। 1940’ਵਿਆਂ ਤੇ 1950’ਵਿਆਂ ਵਿੱਚ ਕਈ ਕਿਸਮ ਦੀਆਂ ਇਲੈੱਕਟਰੌਨਿਕ ਮਸ਼ੀਨਾਂ ਦੇ ਆਉਣ ‘ਤੇ ਇਹ ਟਰਮ ਹੋਲ਼ੀ ਹੌਲ਼ੀ ‘ਕੰਪਿਊਟਰ’ ਵਿਚ ਬਦਲ ਗਈ। ਕੰਪਿਊਟਰਾਂ ਦੀ ਸ਼੍ਰੇਣੀ ਵਿਚ ਪਹਿਲਾਂ ‘ਐਨਾਲਾਗ’ ਕੰਪਿਊਟਰ ਆਏ ਤੇ ਫਿਰ ਉਸ ਤੋਂ ਬਾਅਦ ਹੌਲ਼ੀ-ਹੌਲ਼ੀ ‘ਐਨੀਏਕ’, ‘ਐਡਵਾਕ’, ‘ਐਡਸੈਕ’ ਤੇ ‘ਬਾਈਨੈਕ’ ਕੰਪਿਊਟਰਾਂ ਦੀ ਵਾਰੀ ਆਈ। ਅਸੀਂ ਇਨ੍ਹਾਂ ਦੇ ਵਿਸਥਾਰ ਵਿਚ ਨਹੀਂ ਜਾਂਦੇ, ਕਿਉਂਕਿ ਇਹ ਆਪਣੇ ਆਪ ਵਿੱਚ ਲੰਮੀ ਕਹਾਣੀ ਹੈ ਤੇ ਇਹ ਇੱਥੇ ਬਿਆਨ ਕਰਨ ਦੀ ਲੋੜ ਨਹੀਂ ਹੈ।
ਅਸੀਂ ਸਿੱਧੇ 1980’ਵਿਆਂ ਤੇ 1990’ਵਿਆਂ ਵੱਲ ਆਉਂਦੇ ਹਾਂ ਜਦੋਂ ਕੰਪਿਊਟਰ ਦੀ ਵਰਤੋਂ ‘ਸ਼ਬਦ-ਬਣਤਰ’ (ਵਰਡ-ਪ੍ਰਾਸੈੱਸਿੰਗ) ਲਈ ਹੋਣ ਲੱਗੀ। 1989 ਵਿੱਚ ‘ਐਪਲ’ ਨਾਂ ਦੀ ਕੰਪਨੀ ਨੇ ‘ਪੋਰਟੇਬਲ ਲੈਪਟਾਪ’ ਤਿਆਰ ਕੀਤਾ ਜਿਸ ਦਾ ਭਾਰ 7.2 ਕਿਲੋਗਰਾਮ (16 ਪੌਂਡ) ਅਤੇ ਇਸ ਦੀ ਕੀਮਤ 7,300 ਅਮਰੀਕੀ ਡਾਲਰ ਸੀ, ਜਦਕਿ 1980-1990 ਦੇ ਦਹਾਕੇ ਦੌਰਾਨ ਆਈ.ਬੀ.ਐੱਮ. ਕੰਪਨੀ ਦੇ ‘ਬਿਜ਼ਨੈੱਸ ਸਿਸਟਮ ਸੈਂਟਰ’ ਵੱਲੋਂ ਬਿਜ਼ਨੈੱਸ ਦੇ ਮੰਤਵ ਲਈ ਤਿਆਰ ਕੀਤੇ ਗਏ ‘ਮਾਈਕਰੋਪ੍ਰੋਸੈੱਸਰ ਕੰਪਿਊਟਰਾਂ’ ਦੀ ਕੀਮਤ ਲੱਗਭੱਗ 14,000 ਡਾਲਰ ਸੀ। ਇਸ ਤੋਂ ਭਲੀ-ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਤੋਂ ਪਹਿਲੇ ਮੁੱਢਲੇ ਵੱਡੇ ਕੰਪਿਊਟਰ ਜੋ ਇੱਕ ਕਮਰੇ ਵਿੱਚ ਮਸਾਂ ਇੱਕ-ਇੱਕ ਹੀ ਸਮਾਏ ਜਾਂਦੇ ਸਨ, ਕਿਸ ਕਿਸਮ ਦੇ ਹੋਣਗੇ ਤੇ ਇਨ੍ਹਾਂ ਦੀ ਕੀਮਤ ਕਿੰਨੀ ਹੁੰਦੀ ਹੋਵੇਗੀ। ਉੱਪਰੋਂ ਇਨ੍ਹਾਂ ਵਿੱਚ ਪਏ ਨੁਕਸਾਂ ਦਾ ਵੀ ਜਲਦੀ ਪਤਾ ਨਹੀਂ ਸੀ ਲੱਗਦਾ।
ਕਹਿੰਦੇ ਹਨ ਕਿ ਇਕ ਵਾਰ ਅਜਿਹੇ ਕੰਪਿਊਟਰ ਵਿੱਚ ਕੋਈ ਨੁਕਸ ਪੈ ਗਿਆ ਅਤੇ ਕੰਪਿਊਟਰ ਵਿਗਿਆਨੀਆਂ ਨੂੰ ਇਸ ਦੀ ਸਮਝ ਨਾ ਲੱਗੇ, ਪਈ ਨੁਕਸ ਕੀ ਹੈ ਤੇ ਇਹ ਕਿੱਥੇ ਹੈ? ਹਾਰ-ਹੰਭ ਕੇ ਬੈਠ ਕੇ ਉਹ ਆਰਾਮ ਕਰਨ ਲੱਗ ਪਏ। ਫਿਰ ਅਚਾਨਕ ਇੱਕ ਵਿਗਿਆਨੀ ਦਾ ਧਿਆਨ ਜਦੋਂ ਕਮਰੇ ਵਿੱਚ ਵਿਛੀਆਂ ਕੰਪਿਊਟਰ ਦੀਆਂ ਤਾਰਾਂ ਉੱਪਰ ਪਿਆ ਤਾਂ ਉਸ ਨੂੰ ਉਨ੍ਹਾਂ ਦੇ ਨੇੜੇ ਇੱਕ ਮਰਿਆ ਹੋਇਆ ਚੂਹਾ ਦਿਸਿਆ ਅਤੇ ਨਾਲ ਹੀ ਕੁਝ ਤਾਰਾਂ ਵੀ ਟੁੱਕੀਆਂ ਹੋਈਆਂ ਨਜ਼ਰੀਂ ਪਈਆਂ ਜੋ ਉਸ ਚੂਹੇ ਨੇ ਟੁੱਕ ਛੱਡੀਆਂ ਸਨ। ਇਸ ਤੋਂ ਬਾਅਦ ਕੰਪਿਊਟਰ ਦੇ ਕਈ ਸੁਧਰੇ ਹੋਏ ਰੂਪ ਮਾਰਕੀਟ ਵਿਚ ਆਏ। ਵੱਖ-ਵੱਖ ਕੰਪਨੀਆਂ ਵਿਚਕਾਰ ਚੱਲ ਰਹੀ ਮੁਕਾਬਲੇਬਾਜ਼ੀ ਅਤੇ ਇਨ੍ਹਾਂ ਕੰਪਿਊਟਰਾਂ ਵਿੱਚ ਵਰਤੀ ਜਾਣ ਵਾਲੀ ਤਕਨਾਲੌਜੀ ਵਿੱਚ ਹੋਈ ਨਵੀਂ ਖੋਜ ਕਾਰਨ ਕਾਰਨ ਇਨ੍ਹਾਂ ਕੰਪਿਊਟਰਾਂ ਦੀਆਂ ਕੀਮਤਾਂ ਘੱਟਣੀਆਂ ਸ਼ੁਰੂ ਹੋ ਗਈਆ। ਖ਼ੈਰ, ਆਪਾਂ ਇਹਦੇ ਵਿੱਚੋਂ ਕੀ ਕੱਢਣਾ/ਪਾਉਣਾ ਹੈ ਅਤੇ ਅਸੀਂ ਪੜ੍ਹਾਈ-ਲਿਖਾਈ ਲਈ ਕੰਪਿਊਟਰ ਦੀ ਵਰਤੋਂ ਦੀ ਗੱਲ ਕਰਦੇ ਹਾਂ।
ਅੱਜਕੱਲ੍ਹ ਪੁਸਤਕਾਂ ਕਾਗਜ਼ ਉੱਪਰ ਨਹੀਂ, ਸਗੋਂ ਸਿੱਧੀਆਂ ਕੰਪਿਊਟਰਾਂ ‘ਤੇ ਹੀ ਲਿਖੀਆਂ ਜਾ ਰਹੀਆਂ ਹਨ ਅਤੇ ਇਸ ਦੇ ਲਈ ਕਈ ‘ਸਾਫ਼ਟਵੇਅਰ’ ਵੀ ਹੋਂਦ ਵਿੱਚ ਆ ਗਏ ਹਨ। ਪਹਿਲਾਂ ਇਹ ਕੰਪਿਊਟਰ ਦੇ ‘ਵਰਡ-ਪੈਡ’ ਉੱਪਰ ਕੇਵਲ ਟਾਈਪ ਹੀ ਕੀਤੀਆਂ ਜਾਂਦੀਆਂ ਸਨ, ਪਰ ਹੁਣ ਇਹ ਸਾਫ਼ਟਵੇਅਰ ਕਿਤਾਬਾਂ ਲਿਖਣ ਵਿੱਚ ਵੀ ਸਹਾਇਤਾ ਕਰ ਰਹੇ ਹਨ ਅਤੇ ਏ.ਆਈ. ਇਸ ਕੰਮ ਵਿੱਚ ਮੋਹਰਲੀ ਭੂਮਿਕਾ ਨਿਭਾ ਰਹੀ ਹੈ। ਉਹ ਲੇਖਕਾਂ ਵੱਲੋਂ ਆਏ ਵਿਚਾਰਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਪੇਸ਼ ਕਰ ਰਹੀ ਹੈ ਅਤੇ ਇਸ ਦੇ ਹੀ ਨਾਲ ਮਿਲ਼ਦੇ-ਜੁਲ਼ਦੇ ਕਈ ਹੋਰ ਵਿਚਾਰ ਵੀ ਉਸ ਵਿੱਚ ਲਿਆ ਧਰਦੀ ਹੈ। ਉਹ ਲੇਖਕਾਂ ਦੀ ਇੱਛਾਵਾਂ ਅਨੁਸਾਰ ਕਵਿਤਾਵਾਂ, ਕਹਾਣੀਆਂ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਆਰਟੀਕਲ (ਲੇਖ) ਉਨ੍ਹਾਂ ਅੱਗੇ ਪੇਸ਼ ਕਰ ਰਹੀ ਹੈ। ਇਸ ਤਰ੍ਹਾਂ ਕਿਤਾਬ ਲਿਖਣ ਤੇ ਛਾਪਣ ਦਾ ਕੰਮ ਬਹੁਤ ਆਸਾਨ ਹੋ ਗਿਆ ਹੈ ਅਤੇ ਹੁਣ ਹਜ਼ਾਰਾਂ ਨਹੀਂ, ਸਗੋਂ ਲੱਖਾਂ ਦੀ ਗਿਣਤੀ ਵਿੱਚ ‘ਈ-ਬੁੱਕਸ’ ਛਾਪੀਆਂ ਜਾ ਰਹੀਆਂ ਹਨ। ਇਹ ਈ-ਬੁੱਕਸ ਇੰਟਰਨੈੱਟ ਦੀ ਸਹਾਇਤਾ ਨਾਲ ਲੈਪਟੌਪਾਂ ਅਤੇ ਸਮਾਰਟ ਫ਼ੋਨਾਂ ਵਿੱਚ ਵੇਖੀਆਂ ਤੇ ਪੜ੍ਹੀਆਂ ਜਾ ਸਕਦੀਆਂ ਹਨ। ਹੁਣ ਤਾਂ ਬੋਲਣ ਵਾਲੀਆਂ ਕਿਤਾਬਾਂ ਵੀ ਆ ਗਈਆਂ ਹਨ ਜੋ ਬੈੱਡ ‘ਤੇ ਲੰਮੇਂ ਪੈ ਕੇ ਬੜੇ ਆਰਾਮ ਨਾਲ ਸੁਣੀਆਂ ਜਾ ਸਕਦੀਆਂ ਹਨ।
ਜੇਕਰ ਕਾਗ਼ਜ਼ ਅਤੇ ਕੰਪਿਊਟਰ ਉੱਪਰ ਉਪਲੱਭਧ ਕਿਤਾਬਾਂ ਦੇ ਪੜ੍ਹਨ ਬਾਰੇ ਗੱਲ ਕਰੀਏ ਤਾਂ ਮੇਰਾ ਤਾਂ ਇਹ ਖ਼ਿਆਲ ਹੈ ਕਿ ਜੋ ਮਜ਼ਾ ਕਾਗ਼ਜ਼ਾਂ ਉੱਪਰ ਛਪੀ ਹੋਈ ਜਿਲਦਬੰਦੀ ਵਾਲੀ ਕਿਤਾਬ ਨੂੰ ਪੜ੍ਹਨ ਵਿੱਚ ਆਉਂਦਾ ਹੈ, ਉਹ ਕੰਪਿਊਟਰ ਉੱਪਰ ਉਪਲੱਭਧ ‘ਈ-ਬੁੱਕ’ ਜਾਂ ਕਿਸੇ ਛਪੀ ਹੋਈ ਕਿਤਾਬ ਦੇ ਪੀ.ਡੀ.ਐੱਫ. ਨੂੰ ਪੜ੍ਹਨ ‘ਚ ਨਹੀਂ ਹੈ। ਜਿਲਦਬੰਦੀ ਵਾਲੀ ਕਿਤਾਬ ਨੂੰ ਅਸੀਂ ਸੋਫ਼ੇ ਜਾਂ ਕੁਰਸੀ ‘ਤੇ ਬੈਠ ਕੇ, ਮੇਜ਼ ਉੱਪਰ ਟਿਕਾ ਕੇ ਪੜ੍ਹ ਸਕਦੇ ਹਾਂ ਅਤੇ ਜਦੋਂ ਬੈਠੇ-ਬੈਠੇ ਥੱਕ ਜਾਈਏ ਤਾਂ ਬੈੱਡ ‘ਤੇ ਲੇਟ ਕੇ ਸਿਰ ਹੇਠ ਵੱਡਾ ਸਿਰਹਾਣਾ ਰੱਖ ਕੇ ਬੜੇ ਆਰਾਮ ਨਾਲ ਪੜ੍ਹ ਸਕਦੇ ਹਾਂ। ਹੋਰ ਵੀ ‘ਆਰਾਮਦਾਇਕ ਪੋਜ਼ੀਸ਼ਨ’ ਲਈ ਇਹ ਸਿਰਹਾਣੇ ਇੱਕ ਦੀ ਬਜਾਇ ਦੋ ਵੀ ਰੱਖੇ ਜਾ ਸਕਦੇ ਹਨ। ਫਿਰ ਜਦੋਂ ਜੀਅ ਕਰੇ, ਲੱਤਾਂ ਪਿਛਾਂਹ ਖਿੱਚ ਕੇ ਅਤੇ ਗੋਡਿਆਂ ਨੂੰ ਥੋੜ੍ਹਾ ਜਿਹਾ ਉੱਪਰ ਕਰਕੇ ਕਿਤਾਬ ਨੂੰ ਗੋਡਿਆਂ ਉੱਪਰ ਟਿਕਾਅ ਕੇ ਇਹ ਹੋਰ ਵੀ ਆਰਾਮ ਨਾਲ ਪੜ੍ਹੀ ਜਾ ਸਕਦੇ ਹਾਂ। ਲੰਮੇਂ ਪਿਆਂ-ਪਿਆਂ ਹੀ ਜਦੋਂ ਮਰਜ਼ੀ ਸਰੀਰ ਨੂੰ ਖੱਬੇ ਜਾਂ ਸੱਜੇ ਪਾਸੇ ਥੋੜ੍ਹਾ ਜਿਹਾ ਘੁੰਮਾ ਕੇ ਕਿਤਾਬ ਨੂੰ ਹੱਥ ਵਿੱਚ ਫੜ੍ਹ ਕੇ ਪੜ੍ਹਨ ਦਾ ਆਪਣਾ ਹੀ ਮਜ਼ਾ ਹੈ। ‘ਡੈੱਸਕਟੌਪ’, ‘ਲੈਪਟੌਪ’ ਜਾਂ ‘ਆਈਪੈਡ’ ਤੋਂ ਇਸ ਤਰ੍ਹਾਂ ਵੱਖ-ਵੱਖ ਪੋਜ਼ੀਸ਼ਨਾਂ ਤੋਂ ਪੜ੍ਹ ਸਕਣਾ ਆਸਾਨ ਨਹੀਂ ਹੈ। ਏਸੇ ਲਈ ਮੇਰੇ ਵਰਗੇ ਬਹੁਤੇ ਪਾਠਕ ਕਿਤਾਬ ਬੈੱਡ ‘ਤੇ ਲੇਟ ਕੇ ਕਿਤਾਬ ਪੜ੍ਹਨ ਨੂੰ ਵਧੇਰੇ ਤਰਜੀਹ ਦਿੰਦੇ ਹਨ।
ਇਸ ਤੋਂ ਇਲਾਵਾ ਸੈੱਲਫ਼ੋਨ ਉੱਪਰ ਕਿਤਾਬ ਦੇ ਅੱਖਰ ਹੱਥ ਦੀਆਂ ਉਂਗਲ਼ਾਂ ਨਾਲ ਵੱਡੇ-ਛੋਟੇ ਕਰਨੇ ਪੈਂਦੇ ਹਨ। ਇਸ ਤਰ੍ਹਾਂ ਕਰਦਿਆਂ ਉਹ ਕਿਤਾਬ ਕਈ ਵਾਰੀ ਸੈੱਲਫ਼ੋਨ ਦੀ ਸਕਰੀਨ ਤੋਂ ਗਾਇਬ ਹੋ ਜਾਂਦੀ ਹੈ ਅਤੇ ਉਸ ਨੂੰ ਮੁੜ ਲੱਭਣਾ ਪੈਂਦਾ ਹੈ। ਇੰਜ, ‘ਲੱਭਣ-ਲਭਾਉਣ’ ਦੇ ਚੱਕਰ ਵਿਚ ਅਤੇ ਉਸਨੂੰ ਮੁੜ ਕੇ ‘ਸੈੱਟ’ ਕਰਨ ਵਿੱਚ ਕਾਫ਼ੀ ਸਮਾਂ ਖ਼ਰਾਬ ਹੋ ਜਾਂਦਾ ਹੈ ਅਤੇ ਸਾਡੇ ਚੰਚਲ ਦਿਮਾਗ਼ ਨੂੰ ਖਿਝ ਵੀ ਚੜ੍ਹਦੀ ਹੈ। ਵੈਸੇ ਵੀ, ਲੈਪਟੌਪ ਜਾਂ ਸੈੱਲਫ਼ੋਨ ਦੀ ਸਕਰੀਨ ਉੱਪਰ ਕਿਤਾਬ ਪੜ੍ਹਦੇ ਸਮੇਂ ਅੱਖਾਂ ਨੂੰ ਕਾਫ਼ੀ ‘ਦਬਾਅ’ (ਸਟਰੈੱਸ) ਦਾ ਸਾਹਮਣਾ ਕਰਨਾ ਪੈਂਦਾ ਹੈ। ਹੋਰ ਕਿਸੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਪਰ ਮੇਰੇ ਲਈ ਇਹ ਬੜਾ ਜੋਖ਼ਮ ਭਰਿਆ ਹੁੰਦਾ ਹੈ। ਕਈ ਦੋਸਤਾਂ ਵੱਲੋਂ ਭੇਜੇ ਗਏ ਉਨ੍ਹਾਂ ਦੀਆਂ ਆਪਣੀਆਂ ਜਾਂ ਹੋਰ ਕਿਸੇ ਦੀਆਂ ਕਿਤਾਬਾਂ ਦੇ ਪੀ.ਡੀ.ਐੱਫ਼. ਮੇਰੇ ਕੋਲੋਂ ਪੜ੍ਹਨ ਖੁਣੋਂ ਰਹਿ ਜਾਂਦੇ ਹਨ ਅਤੇ ਮੈਂ ਉਨ੍ਹਾਂ ਨੂੰ ਕਿਤਾਬਾਂ ਦੀਆਂ ‘ਹਾਰਡ ਕਾਪੀਆਂ’ ਡਾਕ ਰਾਹੀਂ ਭੇਜਣ ਲਈ ਬੇਨਤੀ ਕਰਦਿਆਂ ਕਹਿੰਦਾ ਹਾਂ, ”ਬਈ, ਆਪਾਂ ਡਾਕ-ਖ਼ਰਚਾ ਅੱਧਾ-ਅੱਧਾ ਕਰ ਲਵਾਂਗੇ ਜਾਂ ਭਾਵੇਂ ਇਹ ਸਾਰਾ ਹੀ ਮੇਰੇ ਖ਼ਾਤੇ ਪਾ ਦਿਓ, ਪਰ ਆਪਣੀ ਕਿਤਾਬ ਕਿਰਪਾ ਕਰਕੇ ਮੈਨੂੰ ਡਾਕ ਰਾਹੀਂ ਭੇਜਿਆ ਕਰੋ।”
ਕਿਤਾਬਾਂ ਬਾਰੇ ਇੱਕ ਰੌਚਕ ਗੱਲ ਹੋਰ ਵੀ ਹੈ। ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਦਿਆਂ ਵਿਦਿਆਰਥੀ ‘ਮੁੰਡੇ-ਕੁੜੀਆਂ’ ਦੀਆਂ ਨਵੀਆਂ ‘ਦੋਸਤੀਆਂ’ ਬਣਦੀਆਂ ਹਨ ਜੋ ਕਈ ਵਾਰੀ ਅੱਗੋਂ ‘ਪ੍ਰੇਮ-ਕਹਾਣੀਆਂ’ ਵਿੱਚ ਬਦਲ ਜਾਂਦੀਆਂ ਹਨ। ਕਈ ਵਾਰ ਨਿੱਜੀ ਕਿਤਾਬਾਂ ਦੇ ਆਦਾਨ-ਪ੍ਰਦਾਨ ਸਮੇਂ ਉਨ੍ਹਾਂ ਵਿੱਚ ‘ਸੁਕਾਏ ਹੋਏ ਫੁੱਲ’ ਅਤੇ ਪ੍ਰੇਮ-ਪਿਆਰ ਦੇ ਸੁਨੇਹਿਆ ਵਾਲੇ ‘ਰੁੱਕੇ’ ਵੀ ਛੁਪਾ ਕੇ ਉਨ੍ਹਾਂ ਵੱਲੋਂ ਇਕ ਦੂਸਰੇ ਨੂੰ ਦਿੱਤੇ ਜਾਂਦੇ ਹਨ। ਅਜਿਹਾ ਫ਼ਿਲਮਾਂ ਵਿੱਚ ਵੀ ਕਈ ਵਾਰ ਵਿਖਾਇਆ ਜਾਂਦਾ ਹੈ। ਪ੍ਰਸਿੱਧ ਹਿੰਦੀ ਫ਼ਿਲਮੀ ਗੀਤਕਾਰ ਗੁਲਜ਼ਾਰ ਵੱਲੋਂ ਆਪਣੀ ਇਸ ਉਰਦੂ ਕਵਿਤਾ ਵਿੱਚ ਇਸ ਸਥਿਤੀ ਨੂੰ ਬਾਖ਼ੂਬੀ ਦਰਸਾਇਆ ਗਿਆ ਹੈ, ਜਦੋਂ ਉਹ ਕਹਿੰਦੇ ਹਨ:
”ਵੋ ਸਾਰਾ ਆਲਮ ਤੋਂ ਮਿਲਤਾ ਰਹੇਗਾ ਆਇੰਦਾ ਭੀ
ਮਗਰ ਵੋ ਕਿਤਾਬੋਂ ਮੇਂ ਮਿਲਾ ਕਰਤੇ ਥੇ ਜੋ ਸੂਕੇ ਫੂਲ
ਔਰ ਮਹਿਕੇ ਹੂਏ ਰੁੱਕੇ
ਕਿਤਾਬ ਮਾਂਗਨੇ, ਗਿਰਾਨੇ, ਉਠਾਨੇ ਕੇ ਬਹਾਨੇ
ਜੋ ਬਨਤੇ ਥੇ ਰਿਸ਼ਤੇ
ਉਨ ਰਿਸ਼ਤੋਂ ਕਾ ਅਬ ਕਿਆ ਹੋਗਾ?”
ਗੁਲਜ਼ਾਰ ਸਾਬ੍ਹ ਦੀ ਇਹ ਚਿੰਤਾ ਬੜੀ ਵਾਜਬ ਲੱਗਦੀ ਹੈ। ਲੈਪਟੌਪ ਜਾਂ ਸੈੱਲਫ਼ੋਨ ਨਾਲ ਹੋਰ ਤਾਂ ਬੜਾ ਕੁਝ ਸੰਭਵ ਹੈ, ਪਰ ਇਹ ਕਿਵੇਂ ਸੰਭਵ ਹੋ ਸਕਦਾ ਹੈ ਜੋ ਕੇਵਲ ਕਿਤਾਬਾਂ ਹੀ ਕਰ ਸਕਦੀਆਂ ਹਨ।
ਅਸੀਂ ਵੇਖਦੇ ਹਾਂ ਕਿ ਅਜੋਕੇ ਸਮੇਂ ਵਿੱਚ ਪੜ੍ਹਨ-ਲਿਖਣ ਲਈ ਭਾਵੇਂ ਕੰਪਿਊਟਰਾਂ ਤੇ ਸੈੱਲਫ਼ੋਨਾਂ ਦੀ ਵਰਤੋਂ ਵੱਧ ਗਈ ਹੈ ਅਤੇ ਆਉਂਦੇ ਸਮੇਂ ਵਿੱਚ ਇਹ ਹੋਰ ਵੀ ਵਧੇਰੇ ਹੋਣ ਦੀ ਸੰਭਾਵਨਾ ਹੈ, ਪਰ ਫਿਰ ਵੀ ਸੋਸ਼ਲ-ਮੀਡੀਆ ਦੇ ਇਸ ਯੁਗ ਵਿੱਚ ਕਿਤਾਬਾਂ ਦੀ ਭਰੋਸੇ-ਯੋਗਤਾ ਪਹਿਲਾਂ ਵਾਂਗ ਬਰਕਰਾਰ ਹੈ। ਇਸ ਦੇ ਕਈ ਕਾਰਨ ਹਨ। ਅਜੋਕੇ ਲੇਖਕ ਆਪਣੀ ਕਿਤਾਬ ਦਾ ਵਿਸ਼ਾ-ਵਸਤੂ ਬੜੀ ਗੰਭੀਰਤਾ ਨਾਲ਼ ਸੋਚ-ਵਿਚਾਰ ਕੇ ਚੁਣਦੇ ਹਨ। ਇਸ ਦੇ ਨਾਲ ਉਹ ਹੋਰ ਵਿਦਵਾਨਾਂ ਨਾਲ਼ ਇਸ ਦੇ ਬਾਰੇ ਸਲਾਹ-ਮਸ਼ਵਰਾ ਕਰਦੇ ਹਨ ਅਤੇ ਉਨ੍ਹਾਂ ਕੋਲੋਂ ਆਪਣੇ ਖਰੜਿਆਂ ਦੀ ਸੋਧ-ਸੁਧਾਈ ਤੇ ਦਰੁਸਤੀ ਵੀ ਕਰਵਾਉਂਦੇ ਹਨ ਤੇ ਫਿਰ ਗੰਭੀਰਤਾ ਨਾਲ਼ ਉਸਨੂੰ ਛਪਵਾਉਣ ਦਾ ਕੰਮ ਕਰਦੇ ਹਨ। ਇਹ ਸਾਰੀਆਂ ਕਿਰਿਆਵਾਂ ਕਿਤਾਬ ਨੂੰ ਮਿਆਰੀ ਤੇ ਪਾਠਕਾਂ ਲਈ ਲਾਭਕਾਰੀ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ। ਪਰ ਦੂਸਰੇ ਪਾਸੇ ਡਿਜੀਟਲ ਮੀਡੀਆ ਇਨ੍ਹਾਂ ਵਿੱਚੋਂ ਕਿਸੇ ਵੀ ਗੱਲ ‘ਤੇ ਪੂਰਾ ਨਹੀਂ ਉਤਰ ਸਕਦਾ। ਇਸ ਲਈ ਕਿਤਾਬਾਂ ਦੀ ਮਹੱਤਤਾ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਹੁਤ ਸਾਰੇ ਪੁਰਾਣੇ ਪੁਰਾਤਨ ਗ੍ਰੰਥ ਅੱਜ ਵੀ ਓਨੇ ਹੀ ਮਹੱਤਵਪੂਰਨ ਹਨ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਦੀ ਮਹੱਤਤਾ ਇੰਜ ਹੀ ਬਣੀ ਰਹੇਗੀ।

