ਦੋ ਹਫ਼ਤਿਆਂ ‘ਚ ਮਿਲੇਗਾ ਵੀਜ਼ਾ
ਆਕਲੈਂਡ : ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਵੱਲੋਂ ਵਧਾਏ ਕਦਮ ਤੋਂ ਬਾਅਦ ਪਾਕਿਸਤਾਨ ਦੇ ਹਾਈ ਕਮਿਸ਼ਨਰ ਡਾ. ਅਬਦੁਲ ਮਲਿਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਟਾਕਾਨਿਨੀ ਪੁੱਜੇ। ਇਸ ਦੌਰਾਨ ਉਨ੍ਹਾਂ ਭਰੋਸਾ ਦਿਵਾਇਆ ਕਿ ਪਾਕਿਸਤਾਨ ਸਰਕਾਰ ਵੱਲੋਂ ਬਣਾਏ ਨਵੇਂ ਨਿਯਮਾਂ ਨਾਲ ਇੱਥੋਂ ਦੀ ਸਿੱਖ ਸੰਗਤ ਨੂੰ ਦੋ ਹਫ਼ਤੇ ਵਿਚ ਵੀਜ਼ਾ ਮਿਲ ਜਾਇਆ ਕਰੇਗਾ। ਡਾ. ਮਲਿਕ ਨੇ ਸਤਿ ਸ੍ਰੀ ਅਕਾਲ ਬੁਲਾ ਕੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਉਨ੍ਹਾਂ ਨੂੰ ਵੀ ਬਹੁਤ ਖੁਸ਼ੀ ਹੋਈ ਹੈ ਤੇ ਉਹ ਇਹ ਖੁਸ਼ੀ ਸਿੱਖ ਭੈਣ-ਭਰਾਵਾਂ ਨਾਲ ਸਾਂਝੀ ਕਰਨ ਆਏ ਹਨ। ਉਨ੍ਹਾਂ ਵੀਜ਼ੇ ਬਾਰੇ ਦੱਸਿਆ ਕਿ ਨਿਊਜ਼ੀਲੈਂਡ ਤੋਂ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦੀ ਵਿਧੀ ਸਰਲ ਬਣਾਉਣ ਲਈ ਪਾਕਿਸਤਾਨ ਦੀ ਸਰਕਾਰ ਨੇ ਕੁਝ ਕਦਮ ਚੁੱਕੇ ਹਨ, ਜਿਸ ਅਨੁਸਾਰ ਜੋ ਵੀ ਨਿਊਜ਼ੀਲੈਂਡ ਸਿਟੀਜ਼ਨ ਸਿੱਖ ਸ਼ਰਧਾਲੂ ਪਾਕਿਸਤਾਨ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਸੱਦਾ ਪੱਤਰ ਮੰਗਵਾ ਕੇ ਪਾਕਿਸਤਾਨ ਹਾਈ ਕਮਿਸ਼ਨ ਕੋਲ ਵੀਜ਼ੇ ਲਈ ਅਪਲਾਈ ਕਰੇਗਾ, ਉਸ ਦੀ ਦਰਖ਼ਾਸਤ ਪਾਕਿਸਤਾਨ ਭੇਜਣ ਤੋਂ ਬਾਅਦ ਦੋ ਕੁ ਹਫ਼ਤਿਆਂ ਵਿਚ ਵੀਜ਼ਾ ਜਾਰੀ ਹੋ ਜਾਵੇਗਾ। ਹਾਈ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਵਿਚ ਵੀ ਸ਼ਰਧਾਲੂਆਂ ਨੂੰ ਵੀਜ਼ਾ ਲੈਣ ਸਮੇਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਕੌਰੀਡੋਰ ਬਣਨ ਨਾਲ ਵੀਜ਼ੇ ਦੀ ਬਜਾਏ ਅਸਾਨ ਅਮਲ ਵਾਲਾ ਪਰਮਿਟ ਜਾਰੀ ਕੀਤਾ ਜਾਵੇਗਾ, ਜਿਸ ਨਾਲ ਸ਼ਰਧਾਲੂ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ। ਡਾ. ਮਲਿਕ ਨੇ ਇਹ ਵੀ ਦੱਸਿਆ ਕਿ ਅਗਲੇ ਸਾਲ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਕਈ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਕਿਸੇ ਨੂੰ ਵੀ ਪ੍ਰੇਸ਼ਾਨੀ ਨਾ ਆਵੇ।
ਕੋਈ ਗੁਗਲੀ ਨਹੀਂ: ਇਮਰਾਨ ਖਾਨ
ਇਸਲਾਮਾਬਾਦ: ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਪਾਕਿਸਤਾਨ ਵੱਲੋਂ ਸੁੱਟੀ ‘ਗੁਗਲੀ’ ਦੱਸੇ ਜਾਣ ਕਰਕੇ ਹੋਏ ਨੁਕਸਾਨ ਨੂੰ ਕੁਝ ਘੱਟ ਕਰਨ ਦੇ ਯਤਨ ਤਹਿਤ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਕਿਹਾ ਕਿ ਲਾਂਘਾ ਖੋਲ੍ਹਣਾ ਨਾ ਤਾਂ ਕੋਈ ਗੁਗਲੀ ਸੀ ਤੇ ਨਾ ਹੀ ਦੋਹਰੀ ਖੇਡ। ਖ਼ਾਨ ਨੇ ਕਿਹਾ ਕਿ ਇਸਲਾਮਾਬਾਦ, ਨਵੀਂ ਦਿੱਲੀ ਨਾਲ ਅਮਨ ਅਮਾਨ ਵਾਲੇ ਰਿਸ਼ਤੇ ਕਾਇਮ ਕਰਨ ਲਈ ਸੰਜੀਦਾ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੇ ਭਾਰਤ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਭਾਰਤ ਸਾਡੇ ਵੱਲ ਇਕ ਕਦਮ ਵਧਾਏਗਾ ਤਾਂ ਅਸੀਂ ਦੋ ਕਦਮ ਭਾਰਤ ਵੱਲ ਵਧਾਵਾਂਗੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …