ਆਕਸਫੋਰਡ ਤੋਂ ਸੰਸਦੀ ਚੋਣ ਲੜਨਗੇ ਡਾ. ਵਿਨੈ ਰਾਨੀਗਾ
ਲੰਡਨ/ਬਿਊਰੋ ਨਿਊਜ਼ : ਬਰਤਾਨਵੀ-ਭਾਰਤੀ ਡਾਕਟਰ ਵਿਨੈ ਰਾਨੀਗਾ, ਜਿਨ੍ਹਾਂ ਦੰਦਾਂ ਦੇ ਡਾਕਟਰਾਂ ਨੂੰ ਸਿਖਲਾਈ ਦੇਣ ਲਈ ਇੱਕ ਵਿੱਦਿਅਕ ਚੈਰਿਟੀ ਸੰਸਥਾ ਦੀ ਸਥਾਪਨਾ ਕੀਤੀ ਸੀ, ਨੂੰ 2024 ‘ਚ ਹੋਣ ਵਾਲੀਆਂ ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਆਕਸਫੋਰਡ ਤੋਂ ਚੋਣ ਲੜਨ ਲਈ ਕੰਸਰਵੇਟਿਵ ਪਾਰਟੀ ਵੱਲੋਂ ਸੰਸਦੀ ਉਮੀਦਵਾਰ ਵਜੋਂ ਚੁਣਿਆ ਗਿਆ ਹੈ। 30 ਸਾਲਾ ਡੈਂਟਲ ਸਰਜਨ ਨੇ ਸੋਸ਼ਲ ਮੀਡੀਆ ‘ਤੇ ਆਕਸਫੋਰਡ ਵੈਸਟ ਅਤੇ ਐਬਿੰਗਡਨ ਚੋਣ ਹਲਕੇ ਤੋਂ ਆਪਣੀ ਚੋਣ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਉਹ ਇਸੇ ਇਲਾਕੇ ‘ਚ ਰਹਿੰਦੇ ਵੀ ਹਨ। ਕੌਮੀ ਸਿਹਤ ਸੇਵਾਵਾਂ (ਐੱਨਐੱਚਐੱਸ) ਨਾਲ ਜੁੜੇ ਹੋਏ ਡਾ. ਰਾਨੀਗਾ ਨੇ ਉਮੀਦ ਜ਼ਾਹਿਰ ਕੀਤੀ ਕਿ ਉਹ ਸਰਕਾਰੀ ਸਿਹਤ ਸੇਵਾਵਾਂ ਲਈ ਕੰਮ ਕਰਨਾ ਜਾਰੀ ਰੱਖਣਗੇ ਅਤੇ ਉਨ੍ਹਾਂ ਆਪਣੀ ਚੋਣ ਮੁਹਿੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਪਿਛਲੇ ਹਫ਼ਤੇ ਐਕਸ ‘ਤੇ ਪੋਸਟ ਕੀਤਾ, ‘ਜਨਤਾ ਦੀ ਸੇਵਾ ਇੱਕ ਮਾਣ ਵਾਲੀ ਗੱਲ ਤੇ ਗੰਭੀਰ ਜ਼ਿੰਮੇਵਾਰੀ ਹੈ।
ਮੈਂ ਕੌਮੀ ਸਿਹਤ ਸੇਵਾਵਾਂ ਤਹਿਤ ਆਪਣੇ ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ ਤੇ ਹੁਣ ਸਮਾਂ ਆਕਸਫੋਰਡ ਵੈਸਟ ਤੇ ਐਬਿੰਗਡਨ ਤੋਂ ਸੇਵਾਵਾਂ ਦੇਣ ਦਾ ਹੈ।’ ਉਨ੍ਹਾਂ ਕਿਹਾ, ‘ਜਿਸ ਜਗ੍ਹਾ ਮੈਂ ਰਹਿੰਦਾ ਹਾਂ, ਕੰਮ ਕਰਦਾ ਹਾਂ ਅਤੇ ਪੜ੍ਹਾਈ ਕਰਦਾ ਹਾਂ, ਉੱਥੋਂ ਚੋਣ ਲੜਨ ਲਈ ਸਥਾਨਕ ਲੋਕਾਂ ਵੱਲੋਂ ਮੇਰੇ ‘ਤੇ ਭਰੋਸਾ ਕੀਤਾ ਜਾਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਂ ਤੁਹਾਡੇ ‘ਚੋਂ ਕਈ ਲੋਕਾਂ ਨੂੰ ਮਿਲਣ, ਸੁਣਨ ਅਤੇ ਤੁਹਾਡੀ ਸੇਵਾ ਕਰਨ ਲਈ ਉਤਸ਼ਾਹਿਤ ਹਾਂ।’