
ਬੰਗਲਾਦੇਸ਼ ਵਲੋਂ ਤਿੰਨ ਵਾਰ ਭਾਰਤ ਨੂੰ ਲਿਖਿਆ ਜਾ ਚੁੱਕਾ ਹੈ ਪੱਤਰ
ਨਵੀਂ ਦਿੱਲੀ/ਬਿਊਰੋ ਨਿਊਜ਼
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਇਕ ਵਾਰ ਫਿਰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵਾਪਸ ਭੇਜਣ ਦੇ ਲਈ ਭਾਰਤ ਨੂੰ ਇਕ ਅਧਿਕਾਰਕ ਪੱਤਰ ਭੇਜਿਆ ਹੈ। ਇਸ ਵਿਚ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ ਗਈ ਹੈ। ਅੰਤਰਿਮ ਸਰਕਾਰ ਵਿਚ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਐਮ.ਡੀ. ਤੌਹੀਦ ਹੁਸੈਨ ਨੇ ਇਸਦੀ ਜਾਣਕਾਰੀ ਦਿੱਤੀ ਹੈ। ਬੰਗਲਾਦੇਸ਼ ਦੀ ਸਰਕਾਰੀ ਨਿਊਜ਼ ਏਜੰਸੀ ਦੇ ਮੁਤਾਬਕ ਇਹ ਪੱਤਰ ਲੰਘੇ ਸ਼ੁੱਕਰਵਾਰ ਨੂੰ ਭਾਰਤ ਭੇਜਿਆ ਗਿਆ। ਇਸ ਨੂੰ ਨਵੀਂ ਦਿੱਲੀ ਸਥਿਤ ਬੰਗਲਾਦੇਸ਼ ਦੇ ਹਾਈ ਕਮਿਸ਼ਨ ਦੇ ਜ਼ਰੀਏ ਭੇਜਿਆ ਗਿਆ ਹੈ। ਬੰਗਲਾਦੇਸ਼ ਦੇ ਮੀਡੀਆ ਮੁਤਾਬਕ ਬੰਗਲਾਦੇਸ਼ ਹੁਣ ਤੱਕ ਤਿੰਨ ਵਾਰ ਭਾਰਤ ਕੋਲੋਂ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 20 ਅਤੇ 27 ਦਸੰਬਰ ਨੂੰ ਵੀ ਚਿੱਠੀ ਲਿਖ ਕੇ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੀ ਜਾ ਚੁੱਕੀ ਹੈ। ਦੱਸਿਆ ਗਿਆ ਕਿ ਭਾਰਤ ਵਲੋਂ ਹੁਣ ਤੱਕ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਟਿ੍ਰਬਿਊਨਲ ਨੇ ਸ਼ੇਖ ਹਸੀਨਾ ਨੂੰ ਜੁਲਾਈ 2024 ਦੇ ਵਿਦਿਆਰਥੀ ਅੰਦੋਲਨ ਦੌਰਾਨ ਹੋਈਆਂ ਹੱਤਿਆਵਾਂ ਦੀ ਮਾਸਟਰ ਮਾਈਂਡ ਦੱਸਿਆ ਗਿਆ ਹੈ।

