-10.7 C
Toronto
Tuesday, February 24, 2026
spot_img
Homeਦੁਨੀਆਮਾਨਵਤਾ ਦਾ ਸੇਵਕ ਰਵੀ ਸਿੰਘ

ਮਾਨਵਤਾ ਦਾ ਸੇਵਕ ਰਵੀ ਸਿੰਘ

ਆਫਤਾਂ ਦੇ ਪੀੜਤਾਂ ਦੀ ਭਲਾਈ ਲਈ ਖਾਲਸਾ ਏਡ ਕਰ ਰਹੀ ਹੈ ਵੱਡੇ ਕੰਮ
ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਦੋਂ ਵੀ ਇਨਸਾਨੀਅਤ ਕਿਸੇ ਵੱਡੇ ਸੰਕਟ ਦਾ ਸਾਹਮਣਾ ਕਰਦੀ ਹੈ-ਚਾਹੇ ਉਹ ਕੁਦਰਤੀ ਆਫ਼ਤ ਹੋਵੇ, ਜੰਗ ਦਾ ਮੈਦਾਨ, ਭੁੱਖ ਅਤੇ ਗ਼ਰੀਬੀ ਨਾਲ ਜੂਝਦੇ ਲੋਕ ਹੋਣ ਜਾਂ ਬੇਘਰ ਤੇ ਬੇਸਹਾਰਾ ਪਰਿਵਾਰ, ਉਸ ਵੇਲੇ ਜਿਸ ਨਾਂ ‘ਤੇ ਸਭ ਤੋਂ ਪਹਿਲਾਂ ਭਰੋਸਾ ਕੀਤਾ ਜਾਂਦਾ ਹੈ, ਉਹ ਹੈ ਖ਼ਾਲਸਾ ਏਡ। ਇਹ ਸਿਰਫ਼ ਇਕ ਸੰਸਥਾ ਨਹੀਂ ਸਗੋਂ ਦੁਨੀਆ ਭਰ ਦੇ ਦਰਦੀਆਂ ਲਈ ਆਸ ਦੀ ਇਕ ਰੋਸ਼ਨੀ ਹੈ।
ਖ਼ਾਲਸਾ ਏਡ ਅੱਜ ਮਾਨਵਤਾ, ਕਰੁਣਾ ਅਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਬਣ ਚੁੱਕੀ ਹੈ ਅਤੇ ਇਸ ਪਛਾਣ ਦੇ ਪਿੱਛੇ ਜਿਸ ਵਿਅਕਤੀ ਦੀ ਸੋਚ, ਸਮਰਪਣ ਅਤੇ ਅਡਿੱਗ ਇਰਾਦਾ ਹੈ, ਉਹ ਹਨ ਇਸ ਦੇ ਮੁਖੀ ਰਵੀ ਸਿੰਘ। ਰਵੀ ਸਿੰਘ ਖ਼ਾਲਸਾ ਏਡ ਦੇ ਸੰਸਥਾਪਕ ਅਤੇ ਮੁਖੀ ਹਨ। ਉਨ੍ਹਾਂ ਦੀ ਪੂਰੀ ਜ਼ਿੰਦਗੀ ਸਿੱਖੀ ਦੇ ਮੂਲ ਸਿਧਾਂਤਾਂ ‘ਤੇ ਆਧਾਰਤ ਰਹੀ ਹੈ, ਜਿੱਥੇ ‘ਸਰਬੱਤ ਦਾ ਭਲਾ’ ਸਿਰਫ਼ ਇਕ ਸ਼ਬਦ ਨਹੀਂ, ਸਗੋਂ ਜੀਵਨ ਜਿਉਣ ਦਾ ਢੰਗ ਹੈ। ਉਨ੍ਹਾਂ ਨੇ ਬਚਪਨ ਤੋਂ ਹੀ ਸੇਵਾ, ਸਾਂਝ ਅਤੇ ਇਨਸਾਨੀਅਤ ਦੀਆਂ ਕਦਰਾਂ-ਕੀਮਾਂ ਆਪਣੇ ਅੰਦਰ ਵਸਾਈਆਂ। ਇਹੀ ਕਾਰਨ ਹੈ ਕਿ ਸਾਲ 1999 ਵਿਚ ਉਨ੍ਹਾਂ ਨੇ ਖ਼ਾਲਸਾ ਏਡ ਦੀ ਸਥਾਪਨਾ ਕੀਤੀ ਜਿਸ ਦਾ ਮੂਲ ਮਕਸਦ ਧਰਮ, ਜਾਤੀ, ਰੰਗ, ਦੇਸ਼ ਅਤੇ ਭਾਸ਼ਾ ਤੋਂ ਉੱਪਰ ਉੱਠ ਕੇ ਹਰ ਲੋੜਵੰਦ ਦੀ ਮਦਦ ਕਰਨਾ ਸੀ। ਰਵੀ ਸਿੰਘ ਦੀ ਅਗਵਾਈ ਹੇਠ ਖਾਲਸਾ ਏਡ ਨੇ ਬੀਤੇ ਸਾਲਾਂ ਦੌਰਾਨ ਦੁਨੀਆ ਭਰ ਵਿਚ ਆਈਆਂ ਅਨੇਕ ਵੱਡੀਆਂ ਅਤੇ ਛੋਟੀਆਂ ਆਫ਼ਤਾਂ ਦੌਰਾਨ ਬੇਮਿਸਾਲ ਰਾਹਤ ਕਾਰਵਾਈਆਂ ਕੀਤੀਆਂ ਹਨ।
ਜਦੋਂ ਇੰਡੋਨੇਸ਼ੀਆ ਵਿਚ ਸੁਨਾਮੀ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਕੀਤਾ, ਜਦੋਂ ਨੇਪਾਲ ਵਿਚ ਭੂਚਾਲ ਨੇ ਸ਼ਹਿਰਾਂ ਨੂੰ ਖੰਡਰ ਬਣਾ ਦਿੱਤਾ, ਜਦੋਂ ਭਾਰਤ ਦੇ ਕਈ ਸੂਬਿਆਂ ਵਿਚ ਹੜ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਉਜਾੜ ਦਿੱਤੀ-ਉਸ ਹਰ ਥਾਂ ਖ਼ਾਲਸਾ ਏਡ ਸਭ ਤੋਂ ਪਹਿਲਾਂ ਪਹੁੰਚਣ ਵਾਲੀਆਂ ਸੰਸਥਾਵਾਂ ਵਿਚ ਸ਼ਾਮਲ ਰਹੀ। ਸਿਰਫ਼ ਕੁਦਰਤੀ ਆਫ਼ਤਾਂ ਹੀ ਨਹੀਂ, ਸਗੋਂ ਜੰਗ ਪ੍ਰਭਾਵਿਤ ਖੇਤਰਾਂ ਵਿਚ ਵੀ ਖ਼ਾਲਸਾ ਏਡ ਨੇ ਮਾਨਵਤਾ ਦੀ ਸੇਵਾ ਦਾ ਝੰਡਾ ਬੁਲੰਦ ਕੀਤਾ। ਸੀਰੀਆ ਦੇ ਸ਼ਰਨਾਰਥੀ ਕੈਂਪ, ਯੂਕਰੇਨ ਦਾ ਯੁੱਧ, ਅਫ਼ਰੀਕਾ ਦੇ ਭੁੱਖਮਰੀ ਪੀੜਤ ਇਲਾਕੇ-ਹਰ ਥਾਂ ਖ਼ਾਲਸਾ ਏਡ ਵੱਲੋਂ ਭੋਜਨ ਲੰਗਰ, ਸਾਫ਼ ਪੀਣ ਵਾਲਾ ਪਾਣੀ, ਦਵਾਈਆਂ, ਕੱਪੜੇ, ਅਸਥਾਈ ਆਸਰਾ ਅਤੇ ਬੜੀ ਲੋੜੀਂਦੀ ਮਨੁੱਖੀ ਹੌਸਲਾ ਅਫ਼ਜ਼ਾਈ ਦਿੱਤੀ ਗਈ। ਕੋਰੋਨਾ ਮਹਾਮਾਰੀ ਦੌਰਾਨ ਜਦੋਂ ਦੁਨੀਆ ਠੱਪ ਹੋ ਗਈ ਸੀ, ਉਸ ਸਮੇਂ ਵੀ ਖ਼ਾਲਸਾ ਏਡ ਨੇ ਹਜ਼ਾਰਾਂ ਲੋਕਾਂ ਲਈ ਭੋਜਨ ਅਤੇ ਮੈਡੀਕਲ ਸਹਾਇਤਾ ਦਾ ਪ੍ਰਬੰਧ ਕੀਤਾ। ਭਾਰਤ ਤੋਂ ਇਲਾਵਾ ਯੂਨਾਈਟਿਡ ਕਿੰਗਡਮ, ਤੁਰਕੀ, ਬੰਗਲਾਦੇਸ਼, ਨੇਪਾਲ, ਅਫ਼ਰੀਕਾ ਦੇ ਕਈ ਦੇਸ਼ ਅਤੇ ਯੂਰਪ ਦੇ ਕਈ ਹਿੱਸਿਆਂ ਵਿਚ ਖ਼ਾਲਸਾ ਏਡ ਵੱਲੋਂ ਲੰਬੇ ਸਮੇਂ ਦੀਆਂ ਪੁਨਰਵਾਸ ਯੋਜਨਾਵਾਂ ਵੀ ਚਲਾਈਆਂ ਗਈਆਂ ਹਨ।
ਬੱਚਿਆਂ ਲਈ ਸਿੱਖਿਆ ਦੇ ਪ੍ਰੋਗਰਾਮ, ਗ਼ਰੀਬ ਪਰਿਵਾਰਾਂ ਲਈ ਰੁਜ਼ਗਾਰ ਦੇ ਮੌਕੇ ਅਤੇ ਸਥਾਈ ਘਰ ਬਣਾਉਣ ਵਰਗੇ ਕਾਰਜ ਖ਼ਾਲਸਾ ਏਡ ਦੀ ਸੋਚ ਦੀ ਵਿਸ਼ਾਲਤਾ ਨੂੰ ਦਰਸਾਉਂਦੇ ਹਨ। ਯੂਕਰੇਨ ਯੁੱਧ ਦੌਰਾਨ ਭਾਰਤੀ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਖ਼ਾਲਸਾ ਏਡ ਦੀ ਮਨੁੱਖੀ ਵਚਨਬੱਧਤਾ ਦੀ ਇਕ ਵੱਡੀ ਮਿਸਾਲ ਬਣਿਆ ਜਿਸ ਦੀ ਅੰਤਰਰਾਸ਼ਟਰੀ ਪੱਧਰ ‘ਤੇ ਖ਼ੂਬ ਪ੍ਰਸ਼ੰਸਾ ਹੋਈ। ਇਸੇ ਲੜੀ ਤਹਿਤ ਮੌਜੂਦਾ ਸਮੇਂ ਵਿਚ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਪੰਜਾਬ ਵਿਚ ਵੀ ਮਨੁੱਖੀ ਸੇਵਾ ਦੇ ਵੱਡੇ ਕਾਰਜਾਂ ਵਿਚ ਸਰਗਰਮ ਹਨ। ਪੰਜਾਬ ਦੇ ਕਈ ਇਲਾਕਿਆਂ ਵਿਚ ਆਏ ਹੜ੍ਹਾਂ ਕਾਰਨ ਜਿੱਥੇ ਅਨੇਕ ਪਰਿਵਾਰਾਂ ਦੇ ਘਰ ਪੂਰੀ ਤਰ੍ਹਾਂ ਨਸ਼ਟ ਹੋ ਗਏ, ਉੱਥੇ ਖ਼ਾਲਸਾ ਏਡ ਵੱਲੋਂ ਤੁਰੰਤ ਰਾਹਤ ਸਮੱਗਰੀ ਦੇ ਨਾਲ-ਨਾਲ ਪ੍ਰਭਾਵਿਤ ਪਰਿਵਾਰਾਂ ਲਈ ਨਵੇਂ ਘਰ ਬਣਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ-ਨਾਲ ਖ਼ਾਲਸਾ ਏਡ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਦਰਿਆਵਾਂ ਦੇ ਕੰਢਿਆਂ ਦੀ ਮੁਰੰਮਤ ਅਤੇ ਮਜ਼ਬੂਤੀ ਦਾ ਕੰਮ ਵੀ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਜਿੱਥੇ ਦਰਿਆਵਾਂ ਦੇ ਤੇਜ਼ ਪਾਣੀ ਕਾਰਨ ਕੰਢੀਆਂ ਕਮਜ਼ੋਰ ਹੋ ਚੁੱਕੀਆਂ ਸਨ ਅਤੇ ਨੇੜਲੇ ਪਿੰਡਾਂ ਨੂੰ ਭਾਰੀ ਖ਼ਤਰਾ ਬਣਿਆ ਹੋਇਆ ਸੀ, ਉੱਥੇ ਖ਼ਾਲਸਾ ਏਡ ਦੇ ਸੇਵਾਦਾਰ ਮਿੱਟੀ ਭਰਨ, ਕੰਢਾ ਲਗਾਉਣ ਅਤੇ ਟੁੱਟੇ ਹੋਏ ਹਿੱਸਿਆਂ ਦੀ ਤੁਰੰਤ ਮੁਰੰਮਤ ਕਰਨ ਦਾ ਕੰਮ ਕਰ ਰਹੇ ਹਨ। ਇਹ ਉਪਰਾਲੇ ਸਿਰਫ਼ ਮੌਜੂਦਾ ਸੰਕਟ ਨੂੰ ਧਿਆਨ ਵਿਚ ਰੱਖ ਕੇ ਨਹੀਂ, ਸਗੋਂ ਭਵਿੱਖ ਵਿਚ ਆ ਸਕਣ ਵਾਲੇ ਹੜ੍ਹਾਂ ਤੋਂ ਲੋਕਾਂ ਦੀ ਜਾਨ, ਘਰਾਂ ਅਤੇ ਖੇਤੀਬਾੜੀ ਦੀ ਜ਼ਮੀਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਹਨ। ਖ਼ਾਲਸਾ ਏਡ ਦਾ ਇਹ ਕਦਮ ਇਹ ਦਰਸਾਉਂਦਾ ਹੈ ਕਿ ਸੰਸਥਾ ਸਿਰਫ਼ ਰਾਹਤ ਤੱਕ ਸੀਮਤ ਨਹੀਂ, ਬਲਕਿ ਸਥਾਈ ਸੁਰੱਖਿਆ ਅਤੇ ਲੰਬੇ ਸਮੇਂ ਦੇ ਹੱਲਾਂ ‘ਤੇ ਵੀ ਪੂਰਾ ਧਿਆਨ ਦੇ ਰਹੀ ਹੈ। ਰਵੀ ਸਿੰਘ ਖ਼ੁਦ ਮੈਦਾਨ ਵਿਚ ਜਾ ਕੇ ਹਾਲਾਤ ਦੀ ਸਮੀਖਿਆ ਕਰਦੇ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਹਰ ਪੀੜਤ ਪਰਿਵਾਰ ਨੂੰ ਇੱਜ਼ਤ ਨਾਲ ਮੁੜ ਜੀਵਨ ਸ਼ੁਰੂ ਕਰਨ ਦਾ ਮੌਕਾ ਮਿਲੇ।
ਰਵੀ ਸਿੰਘ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਉਹ ਸਿਰਫ਼ ਕਾਗਜ਼ੀ ਨੀਤੀਆਂ ਬਣਾਉਣ ਵਾਲੇ ਨੇਤਾ ਨਹੀਂ, ਸਗੋਂ ਖ਼ੁਦ ਮੈਦਾਨ ਵਿਚ ਉਤਰ ਕੇ ਸੇਵਾ ਕਰਦੇ ਹਨ। ਰਾਹਤ ਕੈਂਪਾਂ ਵਿਚ ਉਨ੍ਹਾਂ ਦੀ ਮੌਜੂਦਗੀ ਸੇਵਾਦਾਰਾਂ ਲਈ ਪ੍ਰੇਰਨਾ ਬਣਦੀ ਹੈ। ਉਹ ਮੰਨਦੇ ਹਨ ਕਿ ਸੇਵਾ ਉਹੀ ਸੱਚੀ ਹੁੰਦੀ ਹੈ, ਜਿਸ ਵਿਚ ਕੋਈ ਲਾਲਚ, ਕੋਈ ਦਿਖਾਵਾ ਅਤੇ ਕੋਈ ਪ੍ਰਚਾਰ ਨਹੀਂ ਹੁੰਦਾ-ਸਿਰਫ਼ ਦਰਦੀਆਂ ਲਈ ਦਿਲੋਂ ਨਿਕਲਿਆ ਹੋਇਆ ਸਮਰਪਣ ਹੁੰਦਾ ਹੈ। ਖ਼ਾਲਸਾ ਏਡ ਨੂੰ ਸਮੇਂ-ਸਮੇਂ ‘ਤੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ ਹੈ ਪਰ ਰਵੀ ਸਿੰਘ ਲਈ ਇਹ ਸਨਮਾਨ ਸੈਕੰਡਰੀ ਹਨ।
(‘ਪੰਜਾਬੀ ਜਾਗਰਣ’ ਵਿਚੋਂ ਧੰਨਵਾਦ ਸਹਿਤ)

RELATED ARTICLES
POPULAR POSTS