-3 C
Toronto
Sunday, January 11, 2026
spot_img
Homeਦੁਨੀਆਅਮੀਰੀ-ਗਰੀਬੀ ਦੀ ਸਭ ਤੋਂ ਵੱਡੀ ਰਿਪੋਰਟ

ਅਮੀਰੀ-ਗਰੀਬੀ ਦੀ ਸਭ ਤੋਂ ਵੱਡੀ ਰਿਪੋਰਟ

ਭਾਰਤ ‘ਚ 9 ਅਮੀਰਾਂ ਕੋਲ ਅੱਧੀ ਅਬਾਦੀ ਦੇ ਬਰਾਬਰ ਸੰਪਤੀ
ਭਾਰਤੀ ਅਰਬਪਤੀਆਂ ਦੀ ਸੰਪਤੀ ਵਿਚ 2018 ‘ਚ ਰੋਜ਼ਾਨਾ 2200 ਕਰੋੜ ਰੁਪੲੈ ਦਾ ਹੋਇਆ ਵਾਧਾ
ਦਾਵੋਸ/ਬਿਊਰੋ ਨਿਊਜ਼ : ਭਾਰਤੀ ਅਰਬਪਤੀਆਂ ਦੀ ਸੰਪਤੀ ਵਿਚ 2018 ‘ਚ ਰੋਜ਼ਾਨਾ 2200 ਕਰੋੜ ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਇਸ ਦੌਰਾਨ ਮੁਲਕ ਦੇ ਮੋਹਰੀ ਇਕ ਫ਼ੀਸਦੀ ਅਮੀਰਾਂ ਦੀ ਸੰਪਤੀ ਵਿਚ 39 ਫ਼ੀਸਦੀ ਦਾ ਵਾਧਾ ਹੋਇਆ ਜਦਕਿ 50 ਫ਼ੀਸਦੀ ਗ਼ਰੀਬ ਆਬਾਦੀ ਦੀ ਸੰਪਤੀ ਮਹਿਜ਼ ਤਿੰਨ ਫ਼ੀਸਦੀ ਵਧੀ। ਔਕਸਫੈਮ ਨੇ ਆਪਣੇ ਅਧਿਐਨ ‘ਚ ਕਿਹਾ ਕਿ ਭਾਰਤ ਦੇ ਮੋਹਰੀ 9 ਅਮੀਰਾਂ ਦੀ ਸੰਪਤੀ 50 ਫ਼ੀਸਦ ਗ਼ਰੀਬ ਆਬਾਦੀ ਦੀ ਸੰਪਤੀ ਦੇ ਬਰਾਬਰ ਹੈ। ਦਾਵੋਸ ਵਿਚ ਵਿਸ਼ਵ ਆਰਥਿਕ ਫੋਰਮ ਦੀ ਪੰਜ ਦਿਨੀਂ ਸਾਲਾਨਾ ਬੈਠਕ ਤੋਂ ਪਹਿਲਾਂ ਜਾਰੀ ਅਧਿਐਨ ਵਿਚ ਕਿਹਾ ਗਿਆ ਕਿ ਦੁਨੀਆ ਭਰ ਦੇ ਅਰਬਪਤੀਆਂ ਦੀ ਸੰਪਤੀ ‘ਚ ਪਿਛਲੇ ਸਾਲ ਰੋਜ਼ਾਨਾ 12 ਫ਼ੀਸਦੀ ਯਾਨੀ ਢਾਈ ਅਰਬ ਡਾਲਰ ਦਾ ਇਜ਼ਾਫ਼ਾ ਹੋਇਆ।
ਰਿਪੋਰਟ ਮੁਤਾਬਕ ਕੇਂਦਰ ਅਤੇ ਸੂਬਿਆਂ ਵੱਲੋਂ ਮੈਡੀਕਲ, ਜਨ ਸਿਹਤ, ਸਾਫ਼-ਸਫ਼ਾਈ ਅਤੇ ਜਲ ਸਪਲਾਈ ਦਾ ਕੁੱਲ ਬਜਟ 2,08,166 ਕਰੋੜ ਰੁਪਏ ਹੈ ਜੋ ਮੁਲਕ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਦੀ ਸੰਪਤੀ 2.8 ਲੱਖ ਕਰੋੜ ਤੋਂ ਵੀ ਘੱਟ ਹੈ। ਉਧਰ ਦੁਨੀਆ ਭਰ ਦੇ ਗ਼ਰੀਬ ਵਿਅਕਤੀਆਂ ਦੀ 50 ਫ਼ੀਸਦੀ ਆਬਾਦੀ ਦੀ ਸੰਪਤੀ ‘ਚ 11 ਫ਼ੀਸਦੀ ਦੀ ਗਿਰਾਵਟ ਦਰਜ ਹੋਈ। ਰਿਪੋਰਟ ਮੁਤਾਬਕ ਭਾਰਤ ਵਿਚ ਰਹਿਣ ਵਾਲੇ 13.6 ਕਰੋੜ ਲੋਕ ਸਾਲ 2004 ਤੋਂ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ। ਇਹ ਦੇਸ਼ ਦੀ ਸਭ ਤੋਂ ਗ਼ਰੀਬ 10 ਫ਼ੀਸਦੀ ਆਬਾਦੀ ਹੈ। ਔਕਸਫੈਮ ਨੇ ਦਾਵੋਸ ਵਿਚ ਜੁੜੇ ਸਿਆਸੀ ਅਤੇ ਕਾਰੋਬਾਰੀ ਆਗੂਆਂ ਨੂੰ ਕਿਹਾ ਕਿ ਉਹ ਦੁਨੀਆ ‘ਚ ਅਮੀਰਾਂ ਅਤੇ ਗ਼ਰੀਬਾਂ ਵਿਚ ਵੱਧ ਰਹੇ ਪਾੜੇ ਨੂੰ ਦੂਰ ਕਰਨ ਲਈ ਇਹਤਿਆਤੀ ਕਦਮ ਉਠਾਉਣ। ਔਕਸਫੈਮ ਇੰਟਰਨੈਸ਼ਨਲ ਦੀ ਐਗਜ਼ੀਕਿਊਟਿਵ ਡਾਇਰੈਕਟਰ ਵਿੱਨੀ ਬਾਇਐਨਿਮਾ ਨੇ ਕਿਹਾ ਕਿ ਅਮੀਰਾਂ ਅਤੇ ਗ਼ਰੀਬਾਂ ਦੇ ਵੱਧ ਰਹੇ ਪਾੜੇ ਕਾਰਨ ਅਰਥਚਾਰਿਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਦੁਨੀਆ ਭਰ ਵਿਚ ਲੋਕ ਰੋਹ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਅਮੀਰ ਵਿਅਕਤੀਆਂ ਕੋਲ ਭਾਰਤ ਦੀ ਸੰਪਤੀ ਜਮਾਂ ਹੋ ਰਹੀ ਹੈ ਜਦਕਿ ਗ਼ਰੀਬਾਂ ਨੂੰ ਦੋ ਡੰਗ ਦੀ ਰੋਟੀ ਜਾਂ ਬੱਚਿਆਂ ਦੀਆਂ ਦਵਾਈਆਂ ਲਈ ਸੰਘਰਸ਼ ਕਰਨਾ ਪੈਂਦਾ ਹੈ। ਰਿਪੋਰਟ ਮੁਤਾਬਕ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਐਮਾਜ਼ੋਨ ਦੇ ਬਾਨੀ ਜੈੱਫ ਬੇਜ਼ੋਸ ਦੀ ਸੰਪਤੀ ਵਧ ਕੇ 112 ਅਰਬ ਡਾਲਰ ਹੋ ਗਈ ਹੈ ਜਦਕਿ ਉਨ੍ਹਾਂ ਦੀ ਇਕ ਫ਼ੀਸਦੀ ਸੰਪਤੀ ਦੇ ਬਰਾਬਰ ਇਥੋਪੀਆ ਦਾ ਸਿਹਤ ਬਜਟ ਹੈ। ਔਕਸਫੈਮ ਦਾ ਮੰਨਣਾ ਹੈ ਕਿ 2018 ਤੋਂ 2022 ਦਰਮਿਆਨ ਭਾਰਤ ਵਿਚ ਰੋਜ਼ਾਨਾ ਅੰਦਾਜ਼ਨ 70 ਲੱਖਪਤੀ ਬਣਨਗੇ।
ਇਹ ਹਨ ਭਾਰਤ ਦੇ 9 ਅਮੀਰ ਵਿਅਕਤੀ
ਮੁਕੇਸ਼ ਅੰਬਾਨੀ, ਅਜ਼ੀਮ ਪ੍ਰੇਮ ਜੀ, ਲਕਸ਼ਮੀ ਮਿੱਤਲ, ਹਿੰਦੂਜਾ ਭਰਾ, ਪਾਲੋਨਜੀ ਮਿਸਤਰੀ, ਸ਼ਿਵ ਨਾਡਰ, ਗੋਦਰੇਜ਼ ਪਰਿਵਾਰ, ਦਲੀਪ ਸਾਂਗਵੀ, ਕੁਮਾਰ ਬਿਰਲਾ
ਆਰਥਿਕ ਨਾਬਰਾਬਰੀ ਦਾ ਮਹਿਲਾਵਾਂ ‘ਤੇ ਪੈ ਰਿਹੈ ਸਭ ਤੋਂ ਬੁਰਾ ਅਸਰ
ਔਕਸਫੈਮ ਇੰਡੀਆ ਦੇ ਸੀਈਓ ਅਮਿਤਾਭ ਬੇਹਰ ਨੇ ਕਿਹਾ ਕਿ ਰਿਪੋਰਟ ਮੁਤਾਬਕ ਆਰਥਿਕ ਅਸਾਵੇਂਪਣ ਦਾ ਸਭ ਤੋਂ ਵੱਧ ਬੁਰਾ ਅਸਰ ਮਹਿਲਾਵਾਂ ਅਤੇ ਲੜਕੀਆਂ ‘ਤੇ ਪਿਆ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਜੇਕਰ ਅਸਮਾਨਤਾ ਦਾ ਦੌਰ ਜਾਰੀ ਰਿਹਾ ਤਾਂ ਭਾਰਤ ਦਾ ਸਮਾਜਿਕ ਅਤੇ ਜਮਹੂਰੀ ਢਾਂਚਾ ਤਹਿਸ-ਨਹਿਸ ਹੋ ਜਾਵੇਗਾ।

RELATED ARTICLES
POPULAR POSTS