ਮੈਲਬੌਰਨ : ਆਸਟ੍ਰੇਲੀਆ ਵਿਚ ਸਿਟੀ ਕੌਂਸਲ ਦੀ ਚੋਣ ਲੜ ਰਹੇ ਸੰਨੀ ਸਿੰਘ ਨਾਮਕ ਸਿੱਖ ਉਮੀਦਵਾਰ ‘ਤੇ ਨਸਲੀ ਟਿੱਪਣੀ ਕੀਤੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਇਸ ਸਿੱਖ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਲਈ ਬਣਾਏ ਗਏ ਆਦਮ ਕੱਦ ਕੱਟ ਆਊਟ ਨੇੜੇ ਇਕ ਟਰੱਕ ਡਰਾਈਵਰ ਨੇ ਨਸਲੀ ਟਿੱਪਣੀਆਂ ਕੀਤੀਆਂ ਤੇ ਬਾਅਦ ਵਿਚ ਉਸ ਕੱਟ ਆਊਟ ਨੂੰ ਟਰੱਕ ਹੇਠ ਕੁਚਲ ਦਿੱਤਾ।
ਪੋਰਟ ਅਗਸਟਾ ਤੋਂ ਸਿਟੀ ਕੌਂਸਲ ਉਮੀਦਵਾਰ ਸੰਨੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਰਾਹੀਂ ਦੱਸਿਆ ਕਿ ਉਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਇਸ ਤਰ੍ਹਾਂ ਦੀ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ ਹੈ। ਨੈਸ਼ਨਲ ਟਰੱਕਿੰਗ ਫੇਸਬੁੱਕ ‘ਤੇ ਵੀਡੀਓ ਰਾਹੀਂ ਉਸ ਖ਼ਿਲਾਫ਼ ਕੀਤੀਆਂ ਟਿੱਪਣੀਆਂ ਵਿਖਾਈਆਂ ਜਾ ਰਹੀਆਂ ਹਨ। ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਇਕ ਟਰੱਕ ਡਰਾਈਵਰ ਆਦਮ ਕੱਦ ਕੱਟ ਆਊਟ ‘ਤੇ ਪਹਿਲਾਂ ਨਸਲੀ ਟਿੱਪਣੀ ਕਰਦਾ ਹੈ ਫਿਰ ਉਸ ਕੱਟ ਆਊਟ ਨੂੰ ਟਰੱਕ ਰਾਹੀਂ ਕੁਚਲ ਦਿੰਦਾ ਹੈ। ਸੰਨੀ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਲੈ ਕੇ ਕਾਫ਼ੀ ਘਬਰਾਹਟ ਵਿਚ ਹੈ ਕਿਉਂਕਿ ਉਸ ਨੇ ਇਸ ਤੋਂ ਪਹਿਲੇ ਕਦੇ ਵੀ ਉਸ ਵਿਅਕਤੀ ਨੂੰ ਨਹੀਂ ਵੇਖਿਆ ਤੇ ਨਾ ਹੀ ਉਹ ਕਦੀ ਉਸ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਪੋਰਟ ਆਗਸਟਾ ਆਇਆ ਸੀ ਤਾਂ ਸਥਾਨਕ ਲੋਕਾਂ ਨੇ ਮੇਰਾ ਬਹੁਤ ਸਵਾਗਤ ਕੀਤਾ ਸੀ। ਅਜਿਹੀ ਘਟਨਾ ਮੇਰੇ ਨਾਲ ਪਹਿਲੀ ਵਾਰ ਵਾਪਰੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਭਾਈਚਾਰਾ ਮੇਰਾ ਸਮੱਰਥਨ ਕਰ ਰਿਹਾ ਹੈ ਤੇ ਫੇਸਬੁੱਕ ‘ਤੇ ਮੈਨੂੰ ਕਈ ਸੰਦੇਸ਼ ਪ੍ਰਾਪਤ ਹੋਏ ਹਨ। ਦੱਖਣੀ ਆਸਟ੍ਰੇਲੀਅਨ ਅਟਾਰਨੀ ਜਨਰਲ ਵਿੱਕੀ ਚੈਪਮੈਨ ਨੇ ਸੋਸ਼ਲ ਮੀਡੀਆ ‘ਤੇ ਪਾਏ ਗਏ ਫੁਟੇਜ ‘ਤੇ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਲੋਕਤੰਤਰ ਦਾ ਇਤਿਹਾਸ ਹੈ ਤੇ ਅਸੀਂ ਜਨਤਾ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹਾਂ। ਪੋਰਟ ਆਗਸਟਾ ਦੇ ਮੇਅਰ ਸੈਮ ਜੋਹਨਸਨ ਨੇ ਕਿਹਾ ਕਿ ਉਹ ਇਸ ਨਸਲੀ ਟਿੱਪਣੀ ਬਾਰੇ ਵੀਡੀਓ ਨੂੰ ਵੇਖ ਕੇ ਹੈਰਾਨ ਹਨ। ਉਨ੍ਹਾਂ ਕਿਹਾ ਕਿ ਸਿੱਖ ਤੇ ਭਾਰਤੀ ਭਾਈਚਾਰੇ ਨੇ ਇਥੋਂ ਦੇ ਵਿਕਾਸ ਵਿਚ ਅਹਿਮ ਯੋਗਦਾਨ ਦਿੱਤਾ ਹੈ। ਇਸ ਦੌਰਾਨ ਜਿਸ ਕੰਪਨੀ ਦੇ ਡਰਾਈਵਰ ਨੇ ਇਹ ਨਸਲੀ ਟਿੱਪਣੀ ਕੀਤੀ ਹੈ ਉਸ ਕੰਪਨੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …