ਦਮਸ਼ਕ/ਬਿਊਰੋ ਨਿਊਜ਼
ਇਜ਼ਰਾਈਲ ਨੇ ਭੂਮੱਧ ਸਾਗਰ ਤੋਂ ਸੀਰੀਆ ਦੀ ਲਤਾਕੀਆ ਬੰਦਰਗਾਹ ‘ਤੇ ਮਿਜ਼ਾਈਲਾਂ ਦਾਗੀਆਂ ਜਿਸ ਨਾਲ ਇੱਕ ਕੰਟੇਨਰ ਟਰਮੀਨਲ ‘ਚ ਅੱਗ ਲੱਗ ਗਈ।
ਸੀਰੀਆ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਦਸੰਬਰ ਵਿੱਚ ਇਸ ਅਹਿਮ ਬੰਦਰਗਾਹ ‘ਤੇ ਇਹ ਅਜਿਹਾ ਦੂਜਾ ਹਮਲਾ ਹੈ। ਇਸ ਬੰਦਰਗਾਹ ‘ਤੇ ਸੀਰੀਆ ਲਈ ਜ਼ਿਆਦਾਤਰ ਦਰਾਮਦ ਕੀਤਾ ਜਾਣ ਵਾਲਾ ਸਾਮਾਨ ਆਉਂਦਾ ਹੈ। ਸਰਕਾਰੀ ਖ਼ਬਰ ਏਜੰਸੀ ਨੇ ਇੱਕ ਫੌਜੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਲਤਾਕੀਆ ਦੇ ਪੱਛਮ ‘ਚ ਦਾਗੀਆਂ ਗਈਆਂ ਇਜ਼ਰਾਇਲੀ ਮਿਜ਼ਾਈਲਾਂ ਨੇ ਬੰਦਰਗਾਹ ਦੇ ਕੰਟੇਨਰ ਟਰਮੀਨਲ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ ਟਰਮੀਨਲ ਨੂੰ ਅੱਗ ਲੱਗ ਗਈ ਤੇ ਕਾਫੀ ਨੁਕਸਾਨ ਹੋਇਆ। ਅਧਿਕਾਰੀ ਨੇ ਕਿਹਾ ਕਿ ਹਮਲੇ ਤੋਂ ਬਾਅਦ ਤਕਰੀਬਨ ਇੱਕ ਘੰਟੇ ਤੱਕ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਬੁਝਾਉਣ ਲਈ ਮੁਸ਼ੱਕਤ ਕਰਦੇ ਰਹੇ। ਮੀਡੀਆ ਵੱਲੋਂ ਜਾਰੀ ਕੀਤੀਆਂ ਗਈਆਂ ਵੀਡੀਓਜ਼ ‘ਚ ਅੱਗ ਦੀਆਂ ਲਪਟਾਂ ਤੇ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਹਮਲੇ ਨਾਲ ਬੰਦਰਗਾਹ ਦੇ ਨੇੜੇ ਰਿਹਾਇਸ਼ੀ ਇਮਾਰਤਾਂ, ਇੱਕ ਹਸਪਤਾਲ, ਦੁਕਾਨਾਂ ਤੇ ਕੁਝ ਸੈਰ ਸਪਾਟੇ ਵਾਲੀਆਂ ਥਾਵਾਂ ਨੂੰ ਵੀ ਨੁਕਸਾਨ ਪੁੱਜਾ ਹੈ। ਇਸ ਹਮਲੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਅਜਿਹਾ ਹੀ ਹਮਲਾ ਲੰਘੀ 7 ਦਸੰਬਰ ਨੂੰ ਵੀ ਹੋਇਆ ਸੀ ਜਦੋਂ ਇਜ਼ਰਾਈਲ ਦੇ ਜੰਗੀ ਜਹਾਜ਼ਾਂ ਨੇ ਕੰਟੇਨਰ ਟਰਮੀਨਲ ਨੂੰ ਨਿਸ਼ਾਨਾ ਬਣਾਇਆ ਸੀ।

