Breaking News
Home / ਦੁਨੀਆ / ਮਹਾਤਮਾ ਗਾਂਧੀ ਵਾਲਾ ਤਾਲਸਤਾਏ ਫਾਰਮ ਕੀਤਾ ਜਾਵੇਗਾ ਮੁੜ ਸੁਰਜੀਤ

ਮਹਾਤਮਾ ਗਾਂਧੀ ਵਾਲਾ ਤਾਲਸਤਾਏ ਫਾਰਮ ਕੀਤਾ ਜਾਵੇਗਾ ਮੁੜ ਸੁਰਜੀਤ

ਫਾਰਮ ਦੀ ਮੁੜ ਸੁਰਜੀਤੀ ਲਈ ਕਈ ਭਾਰਤੀ ਕੰਪਨੀਆਂ ਆਈਆਂ ਅੱਗੇ
ਜੌਹੈੱਨਸਬਰਗ/ਬਿਊਰੋ ਨਿਊਜ਼ : ਦੱਖਣੀ ਅਫ਼ਰੀਕਾ ਵਿਚ ਤਾਲਸਤਾਏ ਫਾਰਮ ਦੀ ਸੁਰਜੀਤੀ ਲਈ ਕਈ ਭਾਰਤੀ ਕੰਪਨੀਆਂ ਅੱਗੇ ਆਈਆਂ ਹਨ।  ਉਜਾੜ ਬਣੇ ਇਸ ਇਲਾਕੇ ਵਿਚ ਕਦੇ ਮਹਾਤਮਾ ਗਾਂਧੀ ਵੱਲੋਂ ਕਮਿਊਨ ਚਲਾਇਆ ਜਾਂਦਾ ਸੀ। ਜੌਹੈੱਨਸਬਰਗ ਤੋਂ 30 ਕਿਲੋਮੀਟਰ ਦੂਰ ਤਾਲਸਤਾਏ ਫਾਰਮ ਵਿਚ ਪਹਿਲਾਂ ਕਈ ਲੋਕ ਰਹਿੰਦੇ ਸਨ ਪਰ ਪਿਛਲੇ ਕਈ ਸਾਲਾਂ ਤੋਂ ਇਸ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ ਅਤੇ ਇਹ ਉਜਾੜ ਵਿਚ ਤਬਦੀਲ ਹੋ ਗਿਆ ਹੈ। ਹੁਣ ਉੱਥੇ ਮਹਾਤਮਾ ਗਾਂਧੀ ਦੇ ਘਰ ਦੀਆਂ ਨੀਂਹਾਂ ਹੀ ਨਜ਼ਰੀਂ ਪੈਂਦੀਆਂ ਹਨ। ਭਾਰਤੀ ਆਗੂਆਂ ਦੇ ਦੌਰੇ ਨਾਲ ਫਾਰਮ ਦੇ ਰੱਖ ਰਖਾਅ ਲਈ ਮੁੜ ਤੋਂ ਪੇਸ਼ਕਸ਼ਾਂ ਆਉਣ ਲੱਗ ਪਈਆਂ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਇੱਕ ਕਰੋੜ ਰੁਪਏ ਦਿੱਤੇ ਜਾਣ ਦੇ ਅਹਿਦ ਨਾਲ ਪਹਿਲੇ ਪੜਾਅ ਤਹਿਤ ਯਾਦਗਾਰੀ ਬਾਗ਼ ਦਾ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਵੱਲੋਂ ਪਿਛਲੇ ਸਾਲ ਉਦਘਾਟਨ ਕੀਤਾ ਗਿਆ। ਦੱਖਣੀ ਅਫ਼ਰੀਕਾ ਵਿਚ ਭਾਰਤੀ ਕੰਪਨੀਆਂ ਦੇ ਨੁਮਾਇੰਦਿਆਂ ਸਮੇਤ ਇੰਡੀਅਨ ਬਿਜ਼ਨਸ ਫੋਰਮ ਦੀ ਕੌਂਸਲ ਜਨਰਲ ਕੇ ਜੇ ਸ੍ਰੀਨਿਵਾਸਾ ਵੱਲੋਂ ਬੈਠਕ ਸੱਦੀ ਗਈ। ਬੈਠਕ ਤੋਂ ਬਾਅਦ ਬਜ਼ੁਰਗ ਖਿਡਾਰੀ ਮੋਹਨ ਹੀਰਾ ਨੇ ਕਿਹਾ ਕਿ ਪੇਸ਼ਕਸ਼ਾਂ ਨਾਲ ਉਨ੍ਹਾਂ ਨੂੰ ਭਾਰੀ ਉਤਸ਼ਾਹ ਮਿਲਿਆ ਹੈ। ਕਿਰਲੋਸਕਰ ਗਰੁੱਪ ਦੇ ਅਨਿਲ ਸੁਰ ਨੇ ਕਿਹਾ ਕਿ ਇਸ ਸ਼ਾਨਦਾਰ ਪਲ ਦਾ ਹਿੱਸਾ ਬਣਨ ‘ਤੇ ਉਨ੍ਹਾਂ ਨੂੰ ਮਾਣ ਹੋ ਰਿਹਾ ਹੈ। ਉਨ੍ਹਾਂ ਵੱਲੋਂ 10 ਕੇਵੀ ਜਨਰੇਟਰ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ਜੋ ਇੱਥੇ ਇਸ ਮਹੀਨੇ ਦੇ ਅਖੀਰ ਤੱਕ ਪਹੁੰਚ ਜਾਏਗਾ।
ਸੀਆਰਆਈ ਪੰਪ ਦੇ ਸ਼ਸ਼ੀ ਕੁਮਾਰ ਫਾਰਮ ਵਿਚ ਬੋਰ ਕਰਨ ਲਈ ਪੰਪ ਮੁਹੱਈਆ ਕਰਾਉਣਗੇ ਜਦਕਿ ਸਟੇਟ ਬੈਂਕ ਆਫ਼ ਇੰਡੀਆ ਨੇ ਲੋੜੀਂਦੇ ਖੇਤੀ ਸੰਦ ਦੇਣ ਦਾ ਵਾਅਦਾ ਕੀਤਾ ਹੈ। ਯੂਨਾਈਟਿਡ ਕਲਰਜ਼ ਦੇ ਦੇਬਾਜੀਤ ਸ਼ੋਮ ਨੇ ਕਿਹਾ ਕਿ ਜਦੋਂ ਇਮਾਰਤ ਖੜ੍ਹੀ ਹੋ ਜਾਏਗੀ ਤਾਂ ਉਹ ਉਸ ਦੇ ਰੰਗ-ਰੋਗਨ ਦਾ ਪੂਰਾ ਖ਼ਰਚਾ ਚੁਕਣਗੇ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …