
ਇਮਰਾਨ ਖਾਨ ਦੇ ਇਲਾਜ ਦੀ ਮੰਗ
ਭਾਰਤ ਅਤੇ ਹੋਰ ਦੇਸ਼ਾਂ ਦੇ 14 ਸਾਬਕਾ ਕੌਮਾਂਤਰੀ ਕਿ੍ਰਕਟ ਕਪਤਾਨਾਂ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਕੱਪ ਜੇਤੂ ਕਪਤਾਨ ਇਮਰਾਨ ਖਾਨ ਦੀ ਜੇਲ੍ਹ ਵਿੱਚ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਨ੍ਹਾਂ ਦਿੱਗਜ਼ਾਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ ਵਿੱਚ ਬਿਹਤਰ ਸਹੂਲਤਾਂ ਅਤੇ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾਵੇ।
ਇਸ ਪੱਤਰ ਦਾ ਖਰੜਾ ਸਾਬਕਾ ਆਸਟਰੇਲਿਆਈ ਕਪਤਾਨ ਗਰੇਗ ਚੈਪਲ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਮੰਗਲਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਸੌਂਪਿਆ ਗਿਆ। ਇਸ ਪੱਤਰ ’ਤੇ ਭਾਰਤੀ ਕਿ੍ਰਕਟ ਦੇ ਦਿੱਗਜ਼ ਸੁਨੀਲ ਗਾਵਸਕਰ ਅਤੇ ਕਪਿਲ ਦੇਵ ਨੇ ਵੀ ਦਸਤਖਤ ਕੀਤੇ ਹਨ। ਉਨ੍ਹਾਂ ਦੇ ਨਾਲ ਹੀ ਆਸਟਰੇਲੀਆ ਦੇ ਐਲਨ ਬਾਰਡਰ, ਸਟੀਵ ਵੌ, ਇਆਨ ਚੈਪਲ, ਕਲਾਰਕ ਅਤੇ ਕਿਮ ਹਿਊਜ਼; ਇੰਗਲੈਂਡ ਦੇ ਮਾਈਕ ਆਥਰਟਨ, ਨਾਸਿਰ ਹੁਸੈਨ, ਮਾਈਕ ਬ੍ਰੀਅਰਲੇ ਅਤੇ ਡੇਵਿਡ ਗਾਵਰ; ਵੈਸਟਇੰਡੀਜ਼ ਦੇ ਕਲਾਈਵ ਲੌਇਡ ਅਤੇ ਨਿਊਜ਼ੀਲੈਂਡ ਦੇ ਜੌਨ ਰਾਈਟ ਵਰਗੇ ਵੱਡੇ ਨਾਂ ਸ਼ਾਮਲ ਹਨ। ਦੱਸਣਯੋਗ ਹੈ ਕਿ ਇਮਰਾਨ ਖਾਨ 1992 ਵਿਚ ਕਿ੍ਰਕਟ ਵਰਲਡ ਕੱਪ ਜਿੱਤਣ ਵਾਲੀ ਪਾਕਿਸਤਾਨੀ ਟੀਮ ਦੇ ਕਪਤਾਨ ਹਨ।
ਸਾਬਕਾ ਕਪਤਾਨਾਂ ਨੇ ਪੱਤਰ ਵਿੱਚ ਲਿਖਿਆ ਕਿ ਪਿਛਲੇ ਢਾਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਇਮਰਾਨ ਖਾਨ ਦੀ ਸਿਹਤ ਬਾਰੇ ਮਿਲ ਰਹੀਆਂ ਰਿਪੋਰਟਾਂ ਬਹੁਤ ਹੀ ਚਿੰਤਾਜਨਕ ਹਨ। ਖ਼ਾਸ ਤੌਰ ’ਤੇ ਹਿਰਾਸਤ ਦੌਰਾਨ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਵਿੱਚ ਆਈ ਭਾਰੀ ਗਿਰਾਵਟ ਨੇ ਸਭ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਉਨ੍ਹਾਂ ਨੇ ਮਾਨਵੀ ਆਧਾਰ ’ਤੇ ਮੰਗ ਕੀਤੀ ਹੈ ਕਿ ਇੱਕ ਖਿਡਾਰੀ ਵਜੋਂ ਦੁਨੀਆ ਭਰ ਵਿੱਚ ਸਤਿਕਾਰੇ ਜਾਣ ਵਾਲੇ ਇਮਰਾਨ ਖਾਨ ਨੂੰ ਉਚਿਤ ਇਲਾਜ ਅਤੇ ਰਹਿਣ-ਸਹਿਣ ਦੇ ਸਹੀ ਹਾਲਾਤ ਮਿਲਣੇ ਚਾਹੀਦੇ ਹਨ। ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਦੀ ਇਕ ਅੱਖ ਦੀ ਕਰੀਬ 85 ਫੀਸਦੀ ਰੋਸ਼ਨੀ ਚਲੀ ਗਈ ਹੈ। ਇਹ ਖੁਲਾਸਾ ਪਾਕਿਸਤਾਨ ਸੁਪਰੀਮ ਕੋਰਟ ਦੇ ਨਿਰਦੇਸ਼ ’ਤੇ ਹੋਈ ਜਾਂਚ ਵਿਚ ਹੋਇਆ ਸੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਮਰਾਨ ਖਾਨ ’ਤੇ 100 ਤੋਂ ਵੀ ਜ਼ਿਆਦਾ ਕੇਸ ਚੱਲ ਰਹੇ ਹਨ ਅਤੇ ਉਹ ਅਗਸਤ 2023 ਤੋਂ ਜੇਲ੍ਹ ਵਿਚ ਹਨ। ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਇਮਰਾਨ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਵਿਚ ਸਰਕਾਰੀ ਗਿਫਟ ਵੇਚਣ ਅਤੇ ਸਰਕਾਰੀ ਸੀਕਰੇਟ ਲੀਕ ਕਰਨ ਵਰਗੇ ਇਲਜ਼ਾਮ ਸ਼ਾਮਲ ਹਨ। ਇਮਰਾਨ ਖਿਲਾਫ ਇਹ ਵੀ ਇਲਜ਼ਾਮ ਹੈ ਕਿ ਉਨ੍ਹਾਂ ਨੇ ਅਲ-ਕਾਦਿਰ ਟਰੱਸਟ ਦੇ ਲਈ ਪਾਕਿਸਤਾਨ ਸਰਕਾਰ ਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਸਸਤੇ ਭਾਅ ਵਿਚ ਵੇਚ ਦਿੱਤਾ ਸੀ। ਇਸ ਮਾਮਲੇ ਵਿਚ ਇਮਰਾਨ ਨੂੰ 9 ਮਈ 2023 ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਵਿਚ ਫੌਜ ਦੇ ਕਈ ਅਹਿਮ ਟਿਕਾਣਿਆਂ ’ਤੇ ਹਮਲੇ ਵੀ ਹੋਏ ਸਨ।

