‘ਆਪ’ ਵਿਧਾਇਕ ਦਿਨੇਸ਼ ਚੱਢਾ ਖਿਲਾਫ ਸਰਕਾਰੀ ਕਰਮਚਾਰੀਆਂ ਨੇ ਖੋਲ੍ਹਿਆ ਮੋਰਚਾ
ਕਰਮਚਾਰੀਆਂ ਨੇ ਵਿਧਾਇਕ ’ਤੇ ਲੋਕਾਂ ਸਾਹਮਣੇ ਜਲੀਲ ਕਰਨ ਦਾ ਲਗਾਇਆ ਆਰੋਪ
ਰੋਪੜ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਖਿਲਾਫ਼ ਸਰਕਾਰੀ ਕਰਮਚਾਰੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸਰਕਾਰੀ ਕਰਮਚਾਰੀਆਂ ਦਾ ਆਰੋਪ ਹੈ ਕਿ ਵਿਧਾਇਕ ਨੇ ਤਹਿਸੀਲ ਦਫ਼ਤਰ ’ਚ ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਜਲੀਲ ਕੀਤਾ ਹੈ। ਵਿਧਾਇਕ ਚੱਢਾ ਨੇ ਰਜਿਸਟ੍ਰੇਸ਼ਨਦਾ ਸਾਰਾ ਰਿਕਾਰਡ ਵੀ ਦਬਾਅ ਬਣਾ ਕੇ ਆਪਣੇ ਨਿੱਜੀ ਦਫ਼ਤਰ ’ਚ ਗੈਰਕਾਨੂੰਨੀ ਢੰਗ ਨਾਲ ਮੰਗਵਾਇਆ ਸੀ। ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦਾ ਆਰੋਪ ਹੈ ਕਿ ਵਿਧਾਇਕ ਜਦੋਂ ਤਹਿਸੀਲ ’ਚ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਜਨਤਕ ਤੌਰ ’ਤੇ ਜਲੀਲ ਕਰ ਰਹੇ ਸਨ ਤਾਂ ਇਸ ਦਾ ਸਿੱਧਾ ਪ੍ਰਸਾਰਣ ਉਹ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਵੀ ਕਰ ਰਹੇ ਸਨ। ਕਰਮਚਾਰੀ ਯੂਨੀਅਨ ਨੇ ਡੀਸੀ ਨੂੰ ਭੇਜੀ ਸ਼ਿਕਾਇਤ ’ਚ ਕਿਹਾ ਹੈ ਵਿਧਾਇਕ ਦੀ ਇਸ ਹਰਕਤ ਤੋਂ ਕਰਮਚਾਰੀ ਕਾਫ਼ੀ ਪ੍ਰੇਸ਼ਾਨ ਹਨ ਅਤੇ ਜਦੋਂ ਤੱਕ ਵਿਧਾਇਕ ਮੁਆਫੀ ਨਹੀਂ ਮੰਗਦੇ ਉਹ ਕਲਮ ਛੋਡ ਹੜਤਾਲ ’ਤੇ ਰਹਿਣਗੇ। ਉਧਰ ਵਿਧਾਇਕ ਦੇ ਸਮਰਥਨ ’ਚ ਉਤਰੀ ਸਿਵਲ ਸੁਸਾਇਟੀ ਨੇ ਕਿਹਾ ਕਿ ਜੇਕਰ ਕੋਈ ਵਿਧਾਇਕ ਭਿ੍ਰਸ਼ਟਾਚਾਰ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਤਹਿਸੀਲ ’ਚ ਜਾਂਦਾ ਹੈ ਉਹ ਗਲਤ ਕਿਸ ਤਰ੍ਹਾਂ ਹੈ। ਸੁਸਾਇਟੀ ਨੇ ਆਰੋਪ ਲਗਾਇਆ ਕਿ ਤਹਿਸੀਲ ’ਚ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਅਤੇ ਕੁੱਝ ਲੈਣ-ਦੇਣ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਅਤੇ ਵਿਧਾਇਕ ਦਿਨੇਸ਼ ਚੱਢਾ ਨੇ ਕੁੱਝ ਵੀ ਗਲਤ ਨਹੀਂ ਕੀਤਾ।