ਕਿਹਾ, ਪਾਕਿਸਤਾਨ ਤੋਂ ਆਉਂਦੀ ਹਵਾ ਪ੍ਰਦੂਸ਼ਣ ਦਾ ਕਾਰਨ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਵਿਚ ਅੱਜ ਸ਼ੁੱਕਰਵਾਰ ਨੂੰ ਹਵਾ ਪ੍ਰਦੂਸ਼ਣ ਮਾਮਲੇ ’ਤੇ ਸੁਣਵਾਈ ਹੋਈ ਅਤੇ ਉਤਰ ਪ੍ਰਦੇਸ਼ ਸਰਕਾਰ ਨੇ ਅਜੀਬ ਜਿਹੀ ਦਲੀਲ ਦਿੱਤੀ ਹੈ। ਯੂਪੀ ਸਰਕਾਰ ਨੇ ਅਦਾਲਤ ਵਿਚ ਕਿਹਾ ਕਿ ਹਵਾ ਪ੍ਰਦੂਸ਼ਣ ਦੀ ਵਜ੍ਹਾ ਪਾਕਿਸਤਾਨ ਤੋਂ ਆ ਰਹੀ ਹਵਾ ਹੈ। ਕਿਹਾ ਗਿਆ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਵਿਚ ਉਤਰ ਪ੍ਰਦੇਸ਼ ਦੀਆਂ ਇੰਡਸਟਰੀਆਂ ਦਾ ਕੋਈ ਰੋਲ ਨਹੀਂ ਹੈ। ਇਸ ’ਤੇ ਚੀਫ ਜਸਟਿਸ ਐਨ.ਵੀ. ਰਮਨਾ ਨੇ ਯੂਪੀ ਸਰਕਾਰ ਕੋਲੋਂ ਪੁੱਛਿਆ, ਕਿ ਤੁਸੀਂ ਚਾਹੁੰਦੇ ਹੋ ਕਿ ਪਾਕਿਸਤਾਨ ਦੀ ਇੰਡਸਟਰੀ ਬੰਦ ਕਰਾ ਦਿੱਤੀ ਜਾਵੇ। ਦਿੱਲੀ-ਐਨਸੀਆਰ ਵਿਚ ਪ੍ਰਦੂਸ਼ਣ ਸਬੰਧੀ ਅਰਜ਼ੀ ’ਤੇ ਉਤਰ ਪ੍ਰਦੇਸ਼ ਸਰਕਾਰ ਵਲੋਂ ਸੀਨੀਅਰ ਵਕੀਲ ਰਣਜੀਤ ਕੁਮਾਰ ਨੇ ਦਲੀਲ ਦਿੱਤੀ। ਉਨ੍ਹਾਂ ਕਿਹਾ ਕਿ ਯੂਪੀ ਵਿਚ ਜੋ ਇੰਡਸਟਰੀ ਹੈ, ਉਸਦੀ ਹਵਾ ਦਿੱਲੀ ਵੱਲ ਨਹੀਂ ਜਾਂਦੀ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਵਲੋਂ ਆਉਣ ਵਾਲੀ ਪ੍ਰਦੂਸ਼ਿਤ ਹਵਾ ਦਿੱਲੀ ਦੀ ਹਵਾ ਨੂੰ ਖਰਾਬ ਕਰਨ ਲਈ ਜ਼ਿੰਮੇਵਾਰ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਦਿੱਲੀ ਵਿਚ ਅੱਜ ਤੋਂ ਸਾਰੇ ਸਕੂਲ ਬੰਦ ਰਹਿਣਗੇ। ਦਿੱਲੀ ਸਰਕਾਰ ਨੇ ਸਕੂਲ ਬੰਦ ਕਰਨ ਦਾ ਲੰਘੇ ਕੱਲ੍ਹ ਫੈਸਲਾ ਲਿਆ ਸੀ। ਹੁਣ ਸਕੂਲ ਕਦੋਂ ਖੋਲ੍ਹੇ ਜਾਣਗੇ, ਇਸ ਬਾਰੇ ਦਿੱਲੀ ਸਰਕਾਰ ਨੇ ਅਜੇ ਕੁਝ ਨਹੀਂ ਦੱਸਿਆ। ਇਸੇ ਦੌਰਾਨ ਸੁਪਰੀਮ ਕੋਰਟ ਦੀ ਚਿਤਾਵਨੀ ਤੋਂ ਬਾਅਦ ਕੇਂਦਰ ਸਰਕਾਰ ਨੇ ਦਿੱਲੀ ਵਿਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਟਾਸਕ ਫੋਰਸ ਦਾ ਗਠਨ ਵੀ ਕੀਤਾ ਹੈ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …