Breaking News
Home / ਭਾਰਤ / ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਭਲਕੇ ਪੈਣਗੀਆਂ ਵੋਟਾਂ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਭਲਕੇ ਪੈਣਗੀਆਂ ਵੋਟਾਂ

38 ਮਹਿਲਾ ਉਮੀਦਵਾਰਾਂ ਸਮੇਤ 412 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ
ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੀ 68 ਮੈਂਬਰਾਂ ਵਾਲੀ ਵਿਧਾਨ ਸਭਾ ਲਈ ਭਲਕੇ 12 ਨਵੰਬਰ ਨੂੰ ਵੋਟਾਂ ਪੈਣਗੀਆਂ, ਜਿਸ ਲਈ ਸਾਰੇ ਚੋਣ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹਿਮਾਚਲ ਵਿਧਾਨ ਸਭਾ ਲਈ ਕੁੱਲ 412 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ 38 ਮਹਿਲਾ ਉਮੀਦਵਾਰ ਵੀ ਸ਼ਾਮਲ ਹਨ। ਪਹਾੜੀ ਸੂਬੇ ਦੇ 55.92 ਲੱਖ ਵੋਟਰ ਚੋਣ ਮੈਦਾਨ ’ਚ ਨਿੱਤਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਭਲਕੇ 12 ਨਵੰਬਰ ਨੂੰ ਈਵੀਐਮ ਮਸ਼ੀਨਾਂ ਵਿਚ ਕੈਦ ਕਰ ਦੇਣਗੇ। ਇਨ੍ਹਾਂ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਆਉਣਗੇ। ਇਸ ਤੋਂ ਪਹਿਲਾਂ ਚੋਣ ਪ੍ਰਚਾਰ ਦਾ ਕੰਮ 11 ਨਵੰਬਰ ਨੂੰ ਸ਼ਾਮੀਂ ਪੰਜ ਵਜੇ ਸਮਾਪਤ ਹੋ ਗਿਆ। ਸਾਰੀਆਂ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਘਰ-ਘਰ ਪਹੁੰਚ ਕੇ ਚੋਣ ਪ੍ਰਚਾਰ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਕਈ ਦਿੱਗਜ਼ ਆਗੂਆਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀਆਂ ਕੀਤੀਆਂ ਗਈਆਂ। ਭਾਜਪਾ ਵੱਲੋਂ ਹਿਮਾਚਲ ਵਾਸੀਆਂ ਨੂੰ ਪੰਜ ਸਾਲ ਮਗਰੋਂ ਸਰਕਾਰ ਬਦਲਣ ਦੀ ਰਵਾਇਤ ਨੂੰ ਵੀ ਖਤਮ ਕਰਨ ਸੱਦਾ ਦਿੱਤਾ ਗਿਆ। ਉਧਰ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਵੱਲੋਂ ਵੀ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਆਮ ਆਦਮੀ ਪਾਰਟੀ ਵੀ ਇਸ ਵਾਰ ਹਿਮਾਚਲ ਪ੍ਰਦੇਸ਼ ਚੋਣਾਂ ਦੇ ਮੈਦਾਨ ਵਿਚ ਨਿੱਤਰੀ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ‘ਆਪ’ ਉਮਦੀਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਭਲਕੇ 12 ਨਵੰਬਰ ਨੂੰ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ 8 ਨਵੰਬਰ ਨੂੰ ਹੀ ਪਤਾ ਲੱਗੇਗਾ ਕਿ ਸੱਤਾ ਦੀ ਚਾਬੀ ਕਿਸ ਪਾਰਟੀ ਦੇ ਹੱਥ ਆਉਂਦੀ ਹੈ।

 

Check Also

ਵਾਈਸ ਐਡਮਿਰਲ ਦਿਨੇਸ਼ ਤਿ੍ਪਾਠੀ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ ਹੋਣਗੇ

30 ਅਪ੍ਰੈਲ ਨੂੰ ਅਹੁਦਾ ਸੰਭਾਲਣਗੇ ਤਿ੍ਪਾਠੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ …