ਤਿੰਨ ਦੇਸ਼ਾਂ ਦਾ ਦੌਰਾ ਕਰਕੇ ਵਾਪਸ ਪਰਤੇ ਨਰਿੰਦਰ ਮੋਦੀ
ਮੈਕਰੋਨ ਨੂੰ ਫਰਾਂਸ ਦਾ ਦੁਬਾਰਾ ਰਾਸ਼ਟਰਪਤੀ ਬਣਨ ’ਤੇ ਦਿੱਤੀ ਵਧਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਯੂਰਪੀ ਦੌਰੇ ਦੀ ਸਮਾਪਤੀ ਤੋਂ ਬਾਅਦ ਅੱਜ ਨਵੀਂ ਦਿੱਲੀ ਪਰਤ ਆਏ। ਉਨ੍ਹਾਂ ਜਰਮਨੀ, ਡੈਨਮਾਰਕ ਤੇ ਫਰਾਂਸ ਦੇ ਦੌਰੇ ਦੌਰਾਨ ਵਪਾਰ, ਊਰਜਾ ਅਤੇ ਹਰੀ ਤਕਨਾਲੋਜੀ ਸਮੇਤ ਕਈ ਖੇਤਰਾਂ ਵਿੱਚ ਸਬੰਧਾਂ ਨੂੰ ਹੁਲਾਰਾ ਦੇਣ ਲਈ ਕਈ ਦੁਵੱਲੀਆਂ ਮੀਟਿੰਗਾਂ ਕੀਤੀਆਂ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਦੌਰੇ ਦੇ ਆਖਰੀ ਦਿਨ ਫਰਾਂਸ ਪਹੁੰਚੇ ਸਨ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਨਰਿੰਦਰ ਮੋਦੀ ਨੂੰ ਗਲੇ ਲਗਾ ਕੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਨਰਿੰਦਰ ਮੋਦੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਰਾਸ਼ਟਰਪਤੀ ਮੈਕਰੋਨ ਨਾਲ ਮਿਲਣ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਪੈਰਿਸ ਵਿਚ ਭਾਰਤੀ ਪਰਵਾਸੀਆਂ ਨਾਲ ਮੁਲਾਕਾਤ ਵੀ ਕੀਤੀ। ਨਰਿੰਦਰ ਮੋਦੀ ਨੇ ਇਮੈਨੂਅਲ ਮੈਕਰੋਨ ਨੂੰ ਦੁਬਾਰਾ ਰਾਸ਼ਟਰਪਤੀ ਦੀ ਚੋਣ ਜਿੱਤਣ ਲਈ ਵਧਾਈ ਵੀ ਦਿੱਤੀ। ਦੱਸਣਾ ਬਣਦਾ ਹੈ ਕਿ ਫਰਾਂਸ ਵਿਚ 2002 ਤੋਂ ਬਾਅਦ ਕੋਈ ਵੀ ਨੇਤਾ ਦੁਬਾਰਾ ਰਾਸ਼ਟਰਪਤੀ ਨਹੀਂ ਚੁਣਿਆ ਗਿਆ ਸੀ, ਪਰ ਮੈਕਰੋਨ ਨੇ ਇਸ ਪਿਰਤ ਨੂੰ ਤੋੜ ਦਿੱਤਾ ਹੈ। ਪੈਰਿਸ ਵਿਚ ਮੁਲਾਕਾਤ ਦੌਰਾਨ ਮੋਦੀ ਅਤੇ ਮੈਕਰੋਨ ਨੇ ਅਫਗਾਨਿਸਤਾਨ ਵਿਚ ਮਨੁੱਖੀ ਸਥਿਤੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਦੇਸ਼ ਵਿਚ ਇਕ ਪ੍ਰਤੀਨਿਧ ਸਰਕਾਰ ਸਬੰਧੀ ਚਰਚਾ ਕੀਤੀ।