Breaking News
Home / Special Story / ਪੰਜਾਬ ਹੁਣ ਚੌਤਰਫੇ ਜਲ ਸੰਕਟ ‘ਚ ਘਿਰਿਆ

ਪੰਜਾਬ ਹੁਣ ਚੌਤਰਫੇ ਜਲ ਸੰਕਟ ‘ਚ ਘਿਰਿਆ

ਚੰਡੀਗੜ੍ਹ : ਕਿਸੇ ਵੇਲੇ ਪੰਜ ਪਾਣੀਆਂ ਦੀ ਧਰਤੀ ਆਖਿਆ ਜਾਣ ਵਾਲਾ ਪੰਜਾਬ ਹੁਣ ਚੌਤਰਫੇ ਜਲ ਸੰਕਟ ਨਾਲ ਜੂਝ ਰਿਹਾ ਹੈ। ਜ਼ਮੀਨਦੋਜ਼ ਪਾਣੀ ਖ਼ਤਰਨਾਕ ਹੱਦ ਤੱਕ ਡੂੰਘਾ ਹੁੰਦਾ ਜਾਣ, ਦਰਿਆਈ ਪਾਣੀਆਂ ਦੀ ਕਮੀ ਤੇ ਵੰਡ ਦੀ ਬੇਇਨਸਾਫ਼ੀ ਤੋਂ ਇਲਾਵਾ ਜਲ ਪ੍ਰਦੂਸ਼ਣ ਕਾਰਨ ਹਾਹਾਕਾਰ ਮੱਚੀ ਹੋਈ ਹੈ। ਕਈ ਮਾਹਿਰ ਭਵਿੱਖ ਵਿੱਚ ਪੰਜਾਬ ਦੇ ਬੰਜਰ ਹੋਣ ਦੇ ਖ਼ਦਸ਼ੇ ਵੀ ਪ੍ਰਗਟਾ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਕੇਂਦਰ ਨਾਲ ਕੀਤੀ ਅਧਿਕਾਰਕ ਵਾਰਤਾ ਅਨੁਸਾਰ ਪੰਜਾਬ ਨੂੰ ਖੇਤੀ ਲਈ 52 ਮਿਲੀਅਨ ਏਕੜ ਫੁੱਟ (ਐਮਏਐਫ) ਪਾਣੀ ਦੀ ਲੋੜ ਹੈ। ਦਰਿਆਈ ਪਾਣੀਆਂ ਤੋਂ ਖੇਤੀ ਦੇ ਸਿਰਫ਼ 27 ਫ਼ੀਸਦ ਹਿੱਸੇ ਦੀ ਲੋੜ ਪੂਰੀ ਹੁੰਦੀ ਹੈ। ਇਨ੍ਹਾਂ ਪਾਣੀਆਂ ਦੀ ਵੀ ਗਾਰੰਟੀ ਨਹੀਂ ਹੈ। ਇਸ ਸਾਲ ਨਹਿਰੀ ਪਾਣੀ ਦੀ ਸਪਲਾਈ ਵਿੱਚ ਦੇਰੀ ਕਰਕੇ ਨਰਮਾ ਪੱਟੀ ਵਿੱਚ ਵੇਲੇ ਸਿਰ ਨਰਮੇ ਦੀ ਬਿਜਾਈ ਨਹੀਂ ਹੋ ਸਕੀ। ਬਾਕੀ ਪਾਣੀ 14 ਲੱਖ ਤੋਂ ਵੱਧ ਲੱਗੇ ਟਿਊਬਵੈੱਲ ਧਰਤੀ ਹੇਠੋਂ ઠਖਿੱਚ ਰਹੇ ਹਨ। ਖੇਤੀ ਵਿਭਾਗ ਦੇ ਅੰਕੜਿਆਂ ਅਨੁਸਾਰ 1973 ਵਿੱਚ ਦਸ ਮੀਟਰ ਤੋਂ ਵਧੇਰੇ ਜ਼ਮੀਨਦੋਜ਼ ਪਾਣੀ ਦੀ ਡੂੰਘਾਈ ਵਾਲਾ ਖੇਤਰ ਸਿਰਫ਼ 18 ਫ਼ੀਸਦ ਸੀ, ਜਦੋਂਕਿ 2016 ਤੱਕ ਇਹ 5 ਫ਼ੀਸਦ ਹੋ ਚੁੱਕਾ ਹੈ। ਪੰਜਾਬ ਦੇ ਕੁੱਲ ਕਾਸ਼ਤਯੋਗ ਰਕਬੇ ‘ਤੇ 2015-16 ਤੱਕ ਪ੍ਰਤੀ ਵਰਗ ਕਿਲੋਮੀਟਰ ਵਿੱਚ 34 ਟਿਊਬਵੈੱਲ ਹਨ। ਧਰਤੀ ਹੇਠੋਂ ਕੱਢੇ ਜਾ ਰਹੇ ਬੇਹਿਸਾਬੇ ਪਾਣੀ ਕਾਰਨ ਪੰਜਾਬ ਦੇ 148 ਬਲਾਕਾਂ ਵਿੱਚੋਂ 110 ਬਲਾਕ ਜ਼ਮੀਨਦੋਜ਼ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ઠ(ਓਵਰ ਐਕਪਲਾਇਟਿਡ) ਵਾਲੇ ਬਣ ਗਏ ਹਨ। ਭਾਵ ਜਿੰਨਾ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ, ਉਸ ਦਰ ਨਾਲ ਰੀਚਾਰਜ ਨਹੀਂ ਹੋ ਰਿਹਾ। ਪਾਣੀ ਡੂੰਘੇ ਹੁੰਦੇ ਜਾਣ ਕਾਰਨ ਹੀ ਪਿਛਲੇ ਦਸ ਸਾਲਾਂ ਦੌਰਾਨ ਕਿਸਾਨਾਂ ਦਾ ਟਿਊਬਵੈੱਲ ઠਨਵੇਂ ਅਤੇ ਡੂੰਘੇ ਕਰਨ ਉੱਤੇ ਹੀ 12250 ਕਰੋੜ ਰੁਪਏ ਖ਼ਰਚ ਹੋ ਚੁੱਕੇ ਹਨ।
ਪੰਜਾਬ ਦੇ ਖੇਤੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਚਿੰਤਾ ਕਰਕੇ ਹੀ ਸਰਕਾਰ ਨੇ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ ਵਾਟਰ ਐਕਟ-2009 ਬਣਾਇਆ ਸੀ। ਇਸ ਤਹਿਤ ਹੀ ਚਾਲੂ ਸਾਲ ਦੌਰਾਨ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਉੱਤੇ ਰੋਕ ਲਾਈ ਹੈ। ਇਸ ਨਾਲ ਪਾਣੀ ਦਾ ਪੱਧਰ ਡਿੱਗਣ ਦੀ ਦਰ ਤਾਂ ਘਟੀ ਹੈ, ਜੋ 2007-08 ਦੀ 90 ਸੈਟੀਮੀਟਰ ਪ੍ਰਤੀ ਸਾਲ ਤੋਂ ਘਟ ਕੇ 55 ਸੈਂਟੀਮੀਟਰ ਤੱਕ ਆ ਗਈ ਹੈ, ਪਰ ਮੌਸਮੀ ਤਬਦੀਲੀ ਅਤੇ ਬਰਸਾਤ ਦੀ ਕਮੀ ਤੇ ਪਾਣੀ ਦੀ ਵੰਡ ਠੀਕ ਨਾ ਹੋਣ ਕਰਕੇ ਗੰਭੀਰ ਸੰਕਟ ਬਣਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿਰਫ਼ ਖੇਤੀ ਖੇਤਰ ਵਿੱਚ ਹੀ ਪਾਣੀ ਦੀ ਵੱਧ ਵਰਤੋਂ ਦੀ ਗੱਲ ਹੁੰਦੀ ਹੈ, ਪਰ ਫੈਕਟਰੀਆਂ ਵਿੱਚ ਪਾਣੀ ਦੀ ਵਧੀ ਵਰਤੋਂ ਅਤੇ ਕੁਦਰਤੀ ਜੀਵਨ ਨਾਲੋਂ ਟੁੱਟੀ ਸ਼ਹਿਰੀ ਜੀਵਨ ਜਾਂਚ ਦੌਰਾਨ ਪਾਣੀ ਦੀ ਲੋੜੋਂ ਵੱਧ ਵਰਤੋਂ ਦਾ ਅਜੇ ਹਿਸਾਬ ਹੀ ਨਹੀਂ ਲੱਗ ਰਿਹਾ।
ਇਕੱਲੇ ਲੁਧਿਆਣਾ ਸ਼ਹਿਰ ਵਿੱਚ ਹੀ ਪਾਣੀ ਅਤੇ ਹੋਰ ਵਰਤੋਂ ਲਈ 600 ਤੋਂ ਵੱਧ ਟਿਊਬਵੈੱਲ ਹਨ। ਇਸ ਤੋਂ ਇਲਾਵਾ ਲੋਕਾਂ ਦੇ ਆਪਣੇ ਸਬਮਰਸੀਬਲ ਪੰਪ ਵੀ ਲੱਗੇ ਹੋਏ ਹਨ। ਇਸ ਦਾ ਵੀ ਹਕੀਕੀ ਆਧਾਰ ‘ਤੇ ਅੰਦਾਜ਼ਾ ਲਾਉਣਾ ਜ਼ਰੂਰੀ ਹੈ। ਪੰਜਾਬ ਦੇ ਡੂੰਘੇ ਹੋ ਰਹੇ ਪਾਣੀਆਂ ਤੋਂ ਚਿੰਤਤ ਸਰਕਾਰ ਵੱਲੋਂ 1985 ਵਿੱਚ ਬਣਾਈ ਜੌਹਲ ਕਮੇਟੀ ਨੇ ਫ਼ਸਲੀ ਵੰਨ-ਸੁਵੰਨਤਾ ਲਾਗੂ ਕਰਨ ਦੀ ਰਿਪੋਰਟ ਦਿੱਤੀ ਸੀ। ਤਿੰਨ ਦਹਾਕਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ, ਕੇਂਦਰ ਅਤੇ ਰਾਜ ਸਰਕਾਰਾਂ ਨੇ ਇਸ ਪਾਸੇ ਕੋਈ ਗੰਭੀਰ ਕਦਮ ਨਹੀਂ ਉਠਾਇਆ। ਜੌਹਲ ਕਮੇਟੀ ਅਨੁਸਾਰ ਇੱਕ ਕਿੱਲੋ ਚੌਲਾਂ ਲਈ ਪੰਜ ਹਜ਼ਾਰ ਲਿਟਰ ਪਾਣੀ ਲੱਗਦਾ ਹੈ। ਇਸ ਲਈ ਪੰਜਾਬ ਨੇ ਦੇਸ਼ ਦੀ ਅੰਨ ਸੁਰੱਖਿਆ ਲਈ ਚੌਲ ਨਹੀਂ, ਬਲਕਿ ਇਸ ਦਾ ਸਭ ਤੋਂ ਕੀਮਤੀ ਕੁਦਰਤੀ ਸਰੋਤ ਪਾਣੀ ਕੁਰਬਾਨ ਕੀਤਾ ਹੈ। ਪੰਜਾਬ ਦੇ ਪਾਣੀਆਂ ਦੇ ਮਾਹਿਰ ਪ੍ਰੀਤਮ ਸਿੰਘ ਕੁੰਮੇਦਾਨ ਕਹਿੰਦੇ ਹਨ ਕਿ ਜੇਕਰ ਦਰਿਆਈ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਨਾਲ ਇਨਸਾਫ਼ ਹੋਇਆ ਹੁੰਦਾ ਤਾਂ ਪਾਣੀ ਦੀ ਇਹ ਗੰਭੀਰ ਸਮੱਸਿਆ ਪੈਦਾ ਨਹੀਂ ਹੋਣੀ ਸੀ। ਰਿਪੇਰੀਅਨ ਸਿਧਾਂਤ ਮੁਤਾਬਿਕ ਪਾਣੀਆਂ ਉੱਤੇ ਪੰਜਾਬ ਦਾ ਹੱਕ ਹੈ, ਪਰ ਕੇਂਦਰ ਨੇ ਜਬਰਦਸਤੀ ਪੰਜਾਬ ਨੂੰ ਇਸ ਤੋਂ ਵਾਂਝਾ ਰੱਖਿਆ ਹੋਇਆ ਹੈ। ਐੱਸਵਾਈਐੱਲ ਬਣਾਉਣ ਦੇ ਐਲਾਨ ਤੋਂ ਬਾਅਦ 8 ਅਪਰੈਲ 1982 ਤੋਂ ਲਾਇਆ ਧਰਮ ਯੁੱਧ ਮੋਰਚਾ ਬੇਸ਼ੱਕ ਪਾਣੀਆਂ ਉੱਤੇ ਹੀ ਲੱਗਾ ਸੀ, ਪਰ ਇਹ ਸਿਆਸੀ ਰੰਗਤ ਲੈ ਗਿਆ ਸੀ। ਇਸ ਦੌਰਾਨ ਹਜ਼ਾਰਾਂ ਜਾਨਾਂ ਚਲੀਆਂ ਗਈਆਂ।
ਪੰਜ ਪਾਣੀਆਂ ਦੀ ਧਰਤੀ ‘ਤੇ ਕਿਸੇ ਨੇ ਸੁਫ਼ਨਾ ਵੀ ਨਹੀੰਂ ਲਿਆ ਸੀ ਕਿ ਇੱਥੇ ਬੋਤਲਾਂ ਵਿੱਚ ਪਾਣੀ ਵਿਕੇਗਾ। ਪੰਜਾਬ ਦੇ ਉਘੇ ਬੁੱਧੀਜੀਵੀ ਡਾ. ਪਿਆਰੇ ਲਾਲ ਗਰਗ ਕਹਿੰਦੇ ਹਨ ਕਿ ਪਹਿਲਾਂ ਮੁਨਾਫ਼ੇ ਨੂੰ ਹੀ ਜ਼ਿੰਦਗੀ ਦਾ ਨਿਸ਼ਾਨਾ ਬਣਾ ਚੁੱਕੇ ਕਾਰਪੋਰੇਟ ਵਿਕਾਸ ਦਾ ਤਰੀਕਾ ਹੀ ਇਹ ਹੈ ਕਿ ਪਹਿਲਾਂ ਸਮੱਸਿਆ ਪੈਦਾ ਕਰੋ, ਫਿਰ ਉਸ ਦੇ ਇਲਾਜ ਲਈ ਆਪਣਾ ਸਾਮਾਨ ਵੇਚੋ। ਸਿਆਸਤਦਾਨ ਵੀ ਫੰਡਾਂ ਅਤੇ ਹੋਰ ਹਿੱਸੇਦਾਰੀਆਂ ਕਰਕੇ ਇਨ੍ਹਾਂ ਨਾਲ ਹੱਥ ਮਿਲਾ ਚੁੱਕਾ ਹੈ। ਪ੍ਰਦੂਸ਼ਣ ਰੋਕਣ ਦੀ ਜ਼ਿੰਮੇਵਾਰੀ ਲੈਣ ਵਾਲੇ ਬੋਰਡ ਜਾਂ ਵਿਭਾਗ ਵੀ ਅਛੂਤੇ ਨਹੀਂ ਹਨ। ਇਸੇ ਕਰਕੇ ਫੈਕਟਰੀਆਂ ਠੀਕ ਤਰੀਕੇ ਨਾਲ ਟਰੀਟਮੈਂਟ ਪਲਾਂਟ ਨਹੀਂ ਚਲਾਉਂਦੀਆਂ।
ਪੰਜਾਬ ਦੇ ਮਾਲਵਾ ਖਿੱਤੇ ਵਿੱਚ ਕੈਂਸਰ, ਕਾਲਾ ਪੀਲੀਆ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਹੋਰਾਂ ਗੱਲਾਂ ਦੇ ਨਾਲ ਧਰਤੀ ਹੇਠਲਾ ਖ਼ਰਾਬ ਪਾਣੀ ਤੇ ਇਸ ਖੇਤਰ ਵਿੱਚੋਂ ਲੰਘਣ ਵਾਲਾ ਘੱਗਰ ਦਰਿਆ ਹੈ। ਸਰਦੂਲਗੜ੍ਹ ਤੋਂ ਪ੍ਰੋ. ਬਿਕਰਜੀਤ ਸਿੰਘ ਅਨੁਸਾਰ ਦੋ ਦਹਾਕੇ ਪਹਿਲਾਂ ਲੋਕ ਘੱਗਰ ਦਾ ਪਾਣੀ ਪੀ ਲੈਂਦੇ ਸਨ ਤੇ ਹੁਣ ਇਹ ਗੰਦਾ ਨਾਲਾ ਬਣਿਆ ਹੋਇਆ ਹੈ। ਪੰਜਾਬ ਦੇ 21 ਅਤੇ ਹਰਿਆਣਾ ਦੇ 20 ਸ਼ਹਿਰਾਂ ਦੀ ਰਹਿੰਦ-ਖੂੰਹਦ ઠਇਸ ਵਿੱਚ ਪੈ ਰਹੀ ਹੈ।
ਪੰਜਾਬ ਦੇ ਕੰਢੀ ਖੇਤਰ ‘ਚ ਪਾਣੀ ਦਾ ਗੰਭੀਰ ਸੰਕਟ
ਹੁਸ਼ਿਆਰਪੁਰ : ਪਾਣੀ ਦੀ ਸਮੱਸਿਆ ਹੁਣ ਕਿਸੇ ਇੱਕ ਖਿੱਤੇ ਦੀ ਸਮੱਸਿਆ ਨਹੀਂ ਰਹੀ ਪਰ ਪੰਜਾਬ ਦਾ ਨੀਮ ਪਹਾੜੀ ਖੇਤਰ, ਜੋ ਕੰਢੀ ਵਜੋਂ ਜਾਣਿਆ ਜਾਂਦਾ ਹੈ, ਵਿੱਚ ਪਾਣੀ ਦੀ ਕਿੱਲਤ ਬਾਕੀ ਖਿੱਤਿਆਂ ਨਾਲੋਂ ਵੱਧ ਹੈ। ਕੁੱਲ ਖੇਤਰਫ਼ਲ ਦਾ ਲਗਪਗ 10 ਫ਼ੀਸਦੀ ਹਿੱਸਾ ਨੀਮ ਪਹਾੜੀ ਹੈ, ਜੋ ਮੁੱਢਲੀਆਂ ਸਹੂਲਤਾਂ ਦੇ ਮਾਮਲੇ ਵਿੱਚ ਮੈਦਾਨੀ ਇਲਾਕਿਆਂ ਨਾਲੋਂ ਕਾਫ਼ੀ ਪਿੱਛੇ ਹੈ।
ਸ਼ਿਵਾਲਿਕ ਦੇ ਪੈਰਾਂ ਵਿੱਚ ਵਸੇ ਕੰਢੀ ਇਲਾਕੇ ਨੂੰ ਵਾਤਾਵਰਨ ਨਾਲ ਹੋ ਰਹੀ ਛੇੜਛਾੜ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਪਹਾੜਾਂ ‘ਤੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਕਰਕੇ ਜਿੱਥੇ ਮੀਂਹ ਪੈਣਾ ਘਟ ਗਿਆ ਹੈ, ਉੱਥੇ ਚੋਅ, ਝੀਲਾਂ, ਛੱਪੜ ਲਗਪਗ ਸੁੱਕ ਗਏ ਹਨ। ਲੋਕਾਂ ਨੂੰ ਨਾ ਪੀਣ ਵਾਲਾ ਪਾਣੀ ਨਸੀਬ ਹੋ ਰਿਹਾ ਹੈ, ਨਾ ਫ਼ਸਲਾਂ ਲਈ ਅਤੇ ਨਾ ਡੰਗਰਾਂ ਲਈ। ਪੰਜਾਬ ਦੇ 146 ਫ਼ੀਸਦੀ ਰੇਟ ਦੇ ਮੁਕਾਬਲੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਧਰਤੀ ਹੇਠੋਂ ਪਾਣੀ ਕੱਢਣ ਦੀ ਔਸਤ 84 ਫ਼ੀਸਦੀ ਹੈ ਪਰ ਰੀਚਾਰਜ ਨਾ ਹੋਣ ਕਾਰਨ ਪਾਣੀ ਦਾ ਪੱਧਰ ਨਿਰੰਤਰ ਘੱਟ ਰਿਹਾ ਹੈ। ਭੂਮੀ ਰੱਖਿਆ ਵਿਭਾਗ ਵੱਲੋਂ ਅਪਣਾਏ ਜਾਂਦੇ ਵਸੀਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਵਿੱਚ ਨਾਕਾਫ਼ੀ ਸਾਬਤ ਹੋ ਰਹੇ ਹਨ। ਸਿੰਜਾਈ ਲਈ ਫ਼ਿਰ ਵੀ ਲੋਕਾਂ ਨੂੰ ਕੰਢੀ ਨਹਿਰ ਜਾਂ ਡੈਮਾਂ ਦਾ ਪਾਣੀ ਮਿਲ ਜਾਂਦਾ ਹੈ ਪਰ ਪੀਣ ਵਾਲੇ ਪਾਣੀ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।
ਕਹਿਣ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਹਰ ਪਿੰਡ ਵਿੱਚ ਪਹੁੰਚ ਚੁੱਕੀ ਹੈ ਪਰ ਫ਼ਿਰ ਵੀ ਅਜਿਹੇ ਇਲਾਕੇ ਹਨ, ਜਿੱਥੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸਦੇ ਹਨ। ਪਾਣੀ ਕਰਕੇ ਜੰਗ ਹੋਣ ਦੀਆਂ ਕਿਤਾਬੀ ਗੱਲਾਂ ਇਨ੍ਹਾਂ ਸੋਕਾ ਮਾਰੇ ਇਲਾਕਿਆਂ ‘ਤੇ ਸੱਚ ਸਾਬਤ ਹੋ ਰਹੀਆਂ ਹਨ। ਪਿਛਲੇ ਦਿਨੀਂ ਪਿੰਡ ਟੂਟੋ ਮਜਾਰਾ ਵਿਚ ਪਾਣੀ ਦੀ ਕਿੱਲਤ ਤੋਂ ਦੁਖੀ ਲੋਕਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੂੰ ਘੇਰ ਲਿਆ ਅਤੇ ਉਦੋਂ ਤੱਕ ਨਹੀਂ ਛੱਡਿਆ ਜਦੋਂ ਤੱਕ ਮਹਿਕਮੇ ਨੇ ਟੈਂਕਰ ਰਾਹੀਂ ਪਾਣੀ ਭਿਜਵਾ ਕੇ ਉਨ੍ਹਾਂ ਦੇ ਰੋਹ ਨੂੰ ਸ਼ਾਂਤ ਨਹੀਂ ਕੀਤਾ। ਪਾਣੀ ਦਾ ਪੱਧਰ ਘਟ ਜਾਣ ਕਾਰਨ ਜਲ ਸਪਲਾਈ ਸਕੀਮਾਂ ਦਾ ਫ਼ਾਇਦਾ ਲੋਕਾਂ ਨੂੰ ਨਹੀਂ ਮਿਲ ਰਿਹਾ। ਕਈ ਥਾਵਾਂ ‘ਤੇ ਟਿਊਬਵੈੱਲ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਗੜ੍ਹਸ਼ੰਕਰ ਡਿਵੀਜ਼ਨ ਵਿੱਚ ਕੰਢੀ ਦੇ ਪਿੰਡ ਰਾਮਪੁਰ, ਹੱਲੂਵਾਲ, ਲਲਵਾਨ, ਜੈਜੋਂ, ਕਾਲੇਵਾਲ ਭਗਤਾਂ ਅਤੇ ਮੈਦਾਨੀ ਇਲਾਕੇ ਵਿਚ ਨੌਨੀਤਪੁਰ, ਸੁਭਾਨਪੁਰ, ਮਰੂਲਾ, ਪਾਲਦੀ, ਭਗਤੂਪੁਰ ਅਤੇ ਟੂਟੋ ਮਜਾਰਾ ਵਿੱਚ ਲੱਗੇ ਟਿਊਬਵੈੱਲ ਲਗਪਗ ਨਕਾਰਾ ਹੋ ਚੁੱਕੇ ਹਨ। ਵਾਟਰ ਸਪਲਾਈ ਸਕੀਮ ਢਾਡਾ ਕਲਾਂ ਦਾ ਟਿਊਬਵੈੱਲ ਫ਼ੇਲ੍ਹ ਹੋ ਚੁੱਕਿਆ ਹੈ, ਜਿਸ ਕਰਕੇ ਝੱਜ, ਪੰਡੋਰੀ ਲੱਧਾ ਸਿੰਘ, ਢਾਡਾ ਕਲਾਂ ਆਦਿ ਪਿੰਡਾਂ ਵਿਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਹਾਜੀਪੁਰ, ਤਲਵਾੜਾ, ਦਸੂਹਾ ਅਤੇ ਭੂੰਗਾ ਬਲਾਕਾਂ ਵਿੱਚ ਵੀ ਕਈ ਥਾਈਂ ਪਾਣੀ ਦੀ ਕਿੱਲਤ ਹੈ। ਢੋਲਬਾਹਾ, ਜਨੌੜੀ, ਤੱਖਣੀ ਆਦਿ ਪਿੰਡਾਂ ਵਿਚ ਅਬਾਦੀ ਦੇ ਕੁੱਝ ਹਿੱਸੇ ਨੂੰ ਵਾਟਰ ਸਪਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ। ਤੱਖਣੀ ਵਿਚ ਹੁਣ ਇਕ ਨਵੀਂ ਵਾਟਰ ਸਪਲਾਈ ਸਕੀਮ ਚਾਲੂ ਕੀਤੇ ਜਾਣ ‘ਤੇ ਵਿਚਾਰ ਹੋ ਰਿਹਾ ਹੈ।
ਪੰਜਾਂ ਪਾਣੀਆਂ ਦੇ ਜਾਏ, ਹੁਣ ਬੂੰਦ-ਬੂੰਦ ਨੂੰ ਤਿਹਾਏ
ਮਾਨਸਾ : ਦੱਖਣੀ ਪੰਜਾਬ ਵਿੱਚ ਵਿਸਾਖ ਦਾ ਮਹੀਨਾ ਲੰਘਣ ਤੋਂ ਪਹਿਲਾਂ ਨਹਿਰਾਂ ਦੀ ਬੰਦੀ ਨੇ ਐਸਾ ਭੜਥੂ ਪਾਇਆ ਕਿ ਚੜ੍ਹਦੇ ਜੇਠ ਤੋਂ ਲੈ ਕੇ ਹੁਣ ਤੱਕ ਖੇਤਾਂ ਦੀ ਪਿਆਸ ਨਹੀਂ ਬੁਝ ਸਕੀ। ਪਾਣੀ ਦੀ ਘਾਟ ਨੇ ਨਰਮੇ ਦੀ ਬਿਜਾਈ ਵਾਲੇ ਦਿਨਾਂ ਨੂੰ ਲੰਘਾ ਦਿੱਤਾ ਹੈ। ਸਾਉਣੀ ਦੀਆਂ ਫ਼ਸਲਾਂ ਦਾ ਪਾਣੀ ਬਿਨਾਂ ਸਾਹ ਫੁੱਲਣ ਲੱਗਿਆ ਹੈ। ਪਾਣੀ ਦੀ ਘਾਟ ਖੇਤਾਂ ਤੋਂ ਚੱਲ ਕੇ ਪਿੰਡਾਂ ਦੇ ਘਰਾਂ ਤੱਕ ਪੁੱਜ ਗਈ ਹੈ।
ਵਾਟਰ ਵਰਕਸਾਂ ਦੇ ਟੈਂਕ ਭਰੇ ਹੀ ਨਹੀਂ ਜਾ ਸਕੇ ਹਨ। ਤੜਕੇ ਉੱਠ ਕੇ ਪਹਿਲਾਂ ਕਿਸਾਨਾਂ-ਮਜ਼ਦੂਰਾਂ ਨੂੰ ਫ਼ਸਲਾਂ ਬੀਜਣ ਦਾ ਫਿਕਰ ਹੁੰਦਾ ਸੀ ਤੇ ਹੁਣ ਜਵਾਕਾਂ ਦੀ ਤੇਹ ਮਿਟਾਉਣ ਦਾ ਝੋਰਾ ਹੋਣ ਲੱਗਿਆ ਹੈ। ਗਰਮੀ ਦੇ ਤਪਦੇ ਦਿਨਾਂ ਵਿੱਚ ਦੱਖਣੀ ਪੰਜਾਬ ਦਾ ਇਲਾਕਾ ਪੀਣ ਵਾਲੇ ਪਾਣੀ ਪੱਖੋਂ ਤਿਹਾਇਆ ਹੋ ਗਿਆ ਹੈ।
ਵਰਲਡ ਬੈਂਕ ਦਾ ਵਾਟਰ ਵਰਕਸਾਂ ਉੱਤੇ ਕਰੋੜਾਂ ਰੁਪਏ ਖਰਚ ਕੇ ਵੀ ਲੋਕਾਂ ਨੂੰ ਸ਼ੁੱਧ, ਸਾਫ਼-ਸੁਥਰਾ ਅਤੇ ਸਮਰੱਥਾ ਅਨੁਸਾਰ ਪਾਣੀ ਨਹੀਂ ਪ੍ਰਾਪਤ ਹੋ ਰਿਹਾ ਹੈ। ਮਹਿਕਮੇ ਦੀਆਂ ਅਣਗਹਿਲੀਆਂ ਕਾਰਨ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲੱਗੇ ਹਨ। ਪਿੰਡਾਂ ਵਿੱਚ ਘਰਾਂ ‘ਚੋਂ ਘੜੇ ਚੁੱਕ ਕੇ ਔਰਤਾਂ ਨੇ ਮੁੱਖ ਮਾਰਗਾਂ ‘ਤੇ ਜਾਮ ਵੀ ਲਾਏ ਹਨ, ਪਰ ਭਰੋਸਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ। ਇਸ ਖੇਤਰ ‘ਚੋਂ ਲੰਘਦੀ ਭਾਖੜਾ ਨਹਿਰ ਦੀ ਲੰਬਾ ਸਮਾਂ ਬੰਦੀ (3 ਅਪਰੈਲ ਤੋਂ 4 ਮਈ) ਨੇ 50 ਤੋਂ ਵੱਧ ਪਿੰਡਾਂ ਵਿੱਚ ਸਿੰਜਾਈ ਵਾਲੇ ਪਾਣੀ ਦੀ ਤਕਲੀਫ਼ ਪੈਦਾ ਕਰ ਦਿੱਤੀ। ਰਜਵਾਹੇ ਤੇ ਸੂਏ ਖਾਲੀ ਹੋਣ ਕਾਰਨ ਵਾਟਰ ਵਰਕਸਾਂ ਦੇ ਟੈਂਕਾਂ ਵਿਚੋਂ ਪਾਣੀ ਸੁੱਕਾ ਗਿਆ। ਇਹ ਪਹਿਲੀ ਵਾਰ ਹੈ ਕਿ ਖੇਤਾਂ ਦੇ ਨਾਲ-ਨਾਲ ਘਰਾਂ ਦੇ ਜੀਅ ਵੀ ਪਾਣੀ ਨੂੰ ਤਰਸਣ ਲੱਗੇ ਹਨ। ਭਾਵੇਂ ਖੇਤੀਬਾੜੀ ਮਹਿਕਮੇ ਵੱਲੋਂ ਪੰਜਾਬ ਸਰਕਾਰ ਨੂੰ ਭੇਜੀਆਂ ਗਈਆਂ ਤਾਜ਼ਾ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਮਾਲਵਾ ਖੇਤਰ ਵਿੱਚ ਇਸ ਵਾਰ 25 ਪ੍ਰਤੀਸ਼ਤ ਤੋਂ ਵੱਧ ਰਕਬਾ ਨਰਮੇ ਹੇਠੋਂ ਨਿਕਲ ਗਿਆ ਹੈ, ਪਰ ਪਿੰਡਾਂ ਵਿੱਚ ਜਾ ਕੇ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਚਿੱਟੇ ਸੋਨੇ ਦੇ ਖੇਤਾਂ ‘ਚੋਂ ਗਾਇਬ ਹੋਣ ਬਾਰੇ ਅੰਕੜੇ ਇਸ ਤੋਂ ਵੱਧ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਨਹਿਰਾਂ ਵਿਚ ਪਾਣੀ ਨਾ ਆਉਣ ਕਾਰਨ ਨਰਮੇ ਦੀ ਅਸਲ ਬਿਜਾਈ ਵਾਲੇ ਦਿਨ ਹੀ ਟੱਪ ਗਏ ਹਨ। ਦੁਖਾਂਤ ਇਹ ਹੈ ਕਿ ਇਸ ਵਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਵਾਸਤੇ ਵੱਧ ਬਿਜਲੀ ਦੀ ਸਪਲਾਈ ਛੱਡੀ ਹੀ ਨਹੀਂ ਗਈ ਹੈ, ਜਦੋਂਕਿ ਡੀਜ਼ਲ ਦੇ ਰੇਟ ਅਸਮਾਨੀ ਚੜ੍ਹਨ ਕਰਕੇ ਕਿਸਾਨਾਂ ਤੋਂ ਟਿਊਬਵੈੱਲ ਚਲਾਉਣੇ ਵਾਰਾ ਨਹੀਂ ਸੀ ਖਾ ਰਹੇ। ਨਹਿਰਾਂ ਦੇ ਛੁੱਟੀ ਕਰ ਜਾਣ ਨਾਲ ਬਿਜਾਈ ਦੀ ਪਿਛੇਤ ਨੇ ਦਸਤਕ ਦੇ ਦਿੱਤੀ। ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਨਰਮੇ ਦੀ ਬਿਜਾਈ ਹਰ ਹਾਲਤ ਵਿੱਚ ਮਈ ਦੇ ਪਹਿਲੇ ਦੋ ਹਫ਼ਤਿਆਂ ਵਿਚ ਮੁਕੰਮਲ ਕਰਨ ਲਈ ਕਿਹਾ ਗਿਆ ਹੈ।ਕੋਟਲਾ ਬ੍ਰਾਂਚ ਨਹਿਰ ਦੇ ਬੰਦ ਹੋਣ ਨਾਲ ਮਾਨਸਾ ਜ਼ਿਲ੍ਹੇ ਤੋਂ ਇਲਾਵਾ ਬਰਨਾਲਾ, ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਦਾ ਹਜ਼ਾਰਾਂ ਏਕੜ ਰਕਬਾ ਨਹਿਰੀ ਪਾਣੀ ਨੂੰ ਤਰਸਣ ਲੱਗਿਆ ਹੈ। ਇਸ ਖੇਤਰ ਵਿੱਚ ਨਰਮੇ ਦੀ ਅਗੇਤੀ ਬਿਜਾਈ ਹੀ ਕਾਮਯਾਬ ਮੰਨੀ ਜਾਂਦੀ ਹੈ। ਇਸ ਕਰਕੇ ਲੇਟ ਆਏ ਨਹਿਰੀ ਪਾਣੀ ਨੇ ਕਿਸਾਨਾਂ ਦਾ ਨਰਮੇ ਤੋਂ ਮੋਹ ਭੰਗ ਕਰ ਦਿੱਤਾ ਹੈ। ਇਸ ਖੇਤਰ ਦਾ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਇਕੱਲੇ ਨਰਮੇ ਦੀ ਬਿਜਾਈ ਹੀ ਪ੍ਰਭਾਵਿਤ ਨਹੀਂ ਹੁੰਦੀ, ਸਗੋਂ ਝੋਨੇ ਦੀ ਪਨੀਰੀ ਨੂੰ ਨਹਿਰੀ ਪਾਣੀ ਆਸਰੇ ਬੀਜਿਆ ਜਾਂਦਾ ਹੈ।ਵਿਚਲੇ ਵਾਟਰ ਵਰਕਸਾਂ ਦੇ ਪਾਣੀ ਸਟੋਰ ਕਰਨ ਵਾਲੇ ਭੰਡਾਰ ਛੁੱਟੀ ਕਰ ਗਏ ਸਨ, ਜਿਸ ਕਾਰਨ ਵਾਟਰ ਵਰਕਸਾਂ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਧਰਤੀ ਹੇਠਲਾ ਪਾਣੀ ਪੀਣ ਦੇ ਯੋਗ ਨਾ ਹੋਣ ਕਾਰਨ ਲੋਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਆਪਣੀ ਪਿਆਸ ਬੁਝਾਉਣ ਦੀ ਵੱਖਰੇ ਤੌਰ ‘ਤੇ ਖੜ੍ਹੀ ਹੋ ਗਈ ਹੈ।

Check Also

ਬਾਰ੍ਹਵੀਂ ‘ਚ ਮੁੰਡੇ ਅਤੇ ਅੱਠਵੀਂ ਵਿੱਚ ਕੁੜੀਆਂ ਅੱਵਲ

ਲੁਧਿਆਣਾ ਦਾ ਏਕਮਪ੍ਰੀਤ ਸਿੰਘ ਬਾਰ੍ਹਵੀਂ ਅਤੇ ਭਾਈ ਰੂਪਾ (ਬਠਿੰਡਾ) ਦੀ ਹਰਨੂਰਪ੍ਰੀਤ ਕੌਰ ਅੱਠਵੀਂ ‘ਚ ਸੂਬੇ …