Home / Special Story / ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ
ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੱਡਾ ਝਟਕਾ
ਨਾਇਡੂ, ਨਿਤੀਸ਼ ਤੇ ਹੋਰ ਭਾਈਵਾਲ ਕਿੰਗਮੇਕਰ ਦੀ ਭੂਮਿਕਾ ‘ਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਦੇ ਅਣਕਿਆਸੇ ਰੁਝਾਨ/ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੱਡਾ ਝਟਕਾ ਹਨ। ਇਨ੍ਹਾਂ ਰੁਝਾਨਾਂ ਵਿਚ ਭਾਜਪਾ 241 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਪਰ ਪ੍ਰਧਾਨ ਮੰਤਰੀ ਦੇ ‘400 ਪਾਰ’ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਤੇ ਪਾਰਟੀ (ਭਾਜਪਾ) ਆਪਣੇ ਦਮ ‘ਤੇ ਸਪਸ਼ਟ ਬਹੁਮਤ ਜੁਟਾਉਣ ਵਿਚ ਵੀ ਨਾਕਾਮ ਰਹੀ। ਰੁਝਾਨਾਂ ਵਿਚ ਐੱਨਡੀਏ ਗੱਠਜੋੜ ਨੂੰ 294 ਸੀਟਾਂ ‘ਤੇ ਅੱਗੇ ਦਰਸਾਇਆ ਗਿਆ ਹੈ। ਉਧਰ ਕਾਂਗਰਸ ਦੀ ਅਗਵਾਈ ਵਾਲਾ ‘ਇੰਡੀਆ’ ਗੱਠਜੋੜ 231 ਸੀਟਾਂ ‘ਤੇ ਚੜ੍ਹਤ ਬਣਾ ਕੇ ਮਜ਼ਬੂਤ ਤਾਕਤ ਵਜੋਂ ਉਭਰਿਆ ਹੈ। ਗੱਠਜੋੜ ਨੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਗਲਤ ਸਾਬਤ ਕਰਦਿਆਂ ਯੂਪੀ, ਮਹਾਰਾਸ਼ਟਰ, ਰਾਜਸਥਾਨ, ਹਰਿਆਣਾ ਤੇ ਕਰਨਾਟਕ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਉੜੀਸਾ ਵਿਚ ਭਾਜਪਾ ਨੇ 147 ਮੈਂਬਰੀ ਅਸੈਂਬਲੀ ਵਿਚ 78 ਸੀਟਾਂ ਜਿੱਤ ਕੇ ਨਵੀਨ ਪਟਨਾਇਕ ਦਾ ਲਗਾਤਾਰ ਛੇਵੀਂ ਵਾਰ ਸਰਕਾਰ ਬਣਾਉਣ ਦਾ ਸੁਫਨਾ ਤੋੜ ਦਿੱਤਾ।
ਬੀਜੇਡੀ ਨੂੰ 51, ਕਾਂਗਰਸ ਨੂੰ 14 ਤੇ ਹੋਰਾਂ ਨੂੰ 4 ਸੀਟਾਂ ਮਿਲੀਆਂ। ਉਧਰ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ‘ਚ ਤੇਲਗੂ ਦੇਸਮ ਪਾਰਟੀ (ਟੀਡੀਪੀ), ਉਸ ਦੇ ਭਾਈਵਾਲ ਜਨਸੈਨਾ ਅਤੇ ਭਾਜਪਾ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਸੂਬੇ ਦੀਆਂ 175 ਸੀਟਾਂ ‘ਚੋਂ ਐੱਨਡੀਏ ਗੱਠਜੋੜ ਨੇ 156 ਸੀਟਾਂ ਜਿੱਤੀਆਂ ਹਨ।
ਭਾਜਪਾ ਕੇਰਲਾ ਵਿਚ ਵੀ ਖਾਤਾ ਖੋਲ੍ਹਣ ਵਿਚ ਸਫਲ ਰਹੀ ਹੈ। ਕਾਂਗਰਸ ਨੇ ਨਸਲੀ ਹਿੰਸਾ ਦੇ ਝੰਬੇ ਮਨੀਪੁਰ ਦੀਆਂ ਦੋਵੇਂ ਲੋਕ ਸਭਾ ਸੀਟਾਂ ਜਿੱਤ ਲਈਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਕਾਂਗਰਸ 7, ਸੱਤਾਧਾਰੀ ‘ਆਪ’ 3, ਸ਼੍ਰੋਮਣੀ ਅਕਾਲੀ ਦਲ ਇਕ ਤੇ ਦੋ ਸੀਟਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਭਾਜਪਾ ਨੇ ਸਾਰੀਆਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਪਾਰਟੀ ਇਕ ਵੀ ਸੀਟ ਜਿੱਤਣ ਵਿਚ ਨਾਕਾਮ ਰਹੀ। ਉਧਰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ ਕਾਂਗਰਸ ਤੇ ਆਪ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਦੀ ਝੋਲੀ ਪਈ। ਤਿਵਾੜੀ ਨੇ ਭਾਜਪਾ ਦੇ ਸੰਜੇ ਟੰਡਨ ਨੂੰ 2504 ਵੋਟਾਂ ਦੇ ਫਰਕ ਨਾਲ ਹਰਾਇਆ।
ਇਸ ਦੌਰਾਨ ਕਾਂਗਰਸ ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਹੋਰ ਚੋਣ ਕਮਿਸ਼ਨਰਾਂ ਨਾਲ ਮੁਲਾਕਾਤ ਕਰਕੇ ਆਰੋਪ ਲਾਇਆ ਕਿ ਯੂਪੀ ਅਤੇ ਬਿਹਾਰ ‘ਚ ਵੋਟਾਂ ਦੀ ਗਿਣਤੀ ਧੀਮੀ ਰਫਤਾਰ ਨਾਲ ਕੀਤੀ ਜਾ ਰਹੀ ਹੈ। ਵਫਦ ‘ਚ ਸ਼ਾਮਲ ਅਭਿਸ਼ੇਕ ਸਿੰਘਵੀ ਅਤੇ ਸਲਮਾਨ ਖੁਰਸ਼ੀਦ ਨੇ ਇਹ ਵੀ ਮੰਗ ਕੀਤੀ ਕਿ ਹਰੇਕ ਗੇੜ ਦੀ ਗਿਣਤੀ ਮਗਰੋਂ ਅਪਡੇਟ ਨਤੀਜੇ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਨਸ਼ਰ ਕੀਤੇ ਜਾਣ। ਭਾਜਪਾ ਨੂੰ ਕੇਂਦਰ ਵਿਚ ਸਰਕਾਰ ਬਣਾਉਣ ਲਈ ਐੱਨਡੀਏ ਗੱਠਜੋੜ ਵਿਚ ਆਪਣੇ ਭਾਈਵਾਲਾਂ- ਟੀਡੀਪੀ ਦੇ ਚੰਦਰਬਾਬੂ ਨਾਇਡੂ, ਜੇਡੀਯੂ ਦੇ ਨਿਤੀਸ਼ ਕੁਮਾਰ ਤੇ ਹੋਰਨਾਂ ‘ਤੇ ਟੇਕ ਰੱਖਣੀ ਹੋਵੇਗੀ, ਜੋ ਇਸ ਵੇਲੇ ਕਿੰਗਮੇਕਰ ਦੀ ਭੂਮਿਕਾ ਵਿਚ ਹਨ। ਐੱਨਡੀਏ ਤੀਜੀ ਵਾਰ ਸੱਤਾ ਵਿਚ ਆਉਂਦਾ ਹੈ ਤਾਂ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ।
ਭਾਜਪਾ ਨੂੰ ਐਤਕੀਂ ਲੋਕ ਸਭਾ ਚੋਣਾਂ ਵਿਚ ਯੂਪੀ ਵਿਚ ਵੱਡਾ ਝਟਕਾ ਲੱਗਾ ਹੈ ਜਿੱਥੇ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੇ ਉਸ ਨੂੰ ਪਿੱਛੇ ਛੱਡ ਦਿੱਤਾ। ਰਾਜਸਥਾਨ ਤੇ ਹਰਿਆਣਾ ਵਿਚ ਪਾਰਟੀ ਦਾ ਪ੍ਰਦਰਸ਼ਨ ਆਸ ਤੋਂ ਉਲਟ ਰਿਹਾ। ਚੋਣ ਨਤੀਜਿਆਂ ਦੇ ਰੁਝਾਨਾਂ ਦਰਮਿਆਨ ਸਥਿਤੀ ਕੋਈ ਬਹੁਤੀ ਸਪਸ਼ਟ ਨਹੀਂ ਹੈ ਪਰ ਇਸ ਦੇ ਬਾਵਜੂਦ ਦੋਵੇਂ ਪ੍ਰਮੁੱਖ ਗੱਠਜੋੜਾਂ ਦੇ ਆਗੂਆਂ ਨੇ ਆਪੋ ਆਪਣੇ ਦਾਅਵੇ ਕੀਤੇ ਹਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਕਿਹਾ, ”ਇਹ ਕਰੀਬੀ ਮੁਕਾਬਲਾ ਨਹੀਂ ਹੈ। ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਗੱਠਜੋੜ ਵੱਡੇ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਿਹਾ ਹੈ। ਵੋਟਾਂ ਦੀ ਗਿਣਤੀ ਖ਼ਤਮ ਹੋਣ ਦਿਓ, ਸਾਫ਼ ਹੋ ਜਾਵੇਗਾ ਕਿ ਦੇਸ਼ ਦੀ ਜਨਤਾ ਮੋਦੀ ਦੇ ਨਾਲ ਹੈ।” ਕਾਂਗਰਸ ਦੇ ਜੈਰਾਮ ਰਮੇਸ਼ ਨੇ ਮੋਦੀ ‘ਤੇ ਨਿਸ਼ਾਨਾ ਸੇਧਦਿਆਂ ਕਿਹਾ, ”ਉਹ ਦਿਖਾਵਾ ਕਰਦੇ ਸਨ ਕਿ ਉਹ ਅਸਾਧਾਰਨ ਹਨ।” ਉਨ੍ਹਾਂ ਐੱਕਸ ‘ਤੇ ਇਕ ਪੋਸਟ ਵਿਚ ਕਿਹਾ, ”ਹੁਣ ਇਹ ਸਾਬਤ ਹੋ ਗਿਆ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਹੁਣ ਸਾਬਕਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਉਹ ਨੈਤਿਕ ਜ਼ਿੰਮੇਵਾਰੀ ਲੈਣ ਤੇ ਅਸਤੀਫ਼ਾ ਦੇਣ।”
ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਤੋਂ 1.52 ਲੱਖ ਵੋਟਾਂ ਨਾਲ ਜਿੱਤ ਗਏ ਹਨ। ਹਾਲਾਂਕਿ ਉਨ੍ਹਾਂ ਦੀ ਪਾਰਟੀ ਦੀ ਸਮ੍ਰਿਤੀ ਇਰਾਨੀ ਅਮੇਠੀ ਵਿਚ ਕਾਂਗਰਸ ਉਮੀਦਵਾਰ ਤੇ ਗਾਂਧੀ ਪਰਿਵਾਰ ਦੇ ਕਰੀਬੀ ਕਿਸ਼ੋਰੀ ਲਾਲ ਸ਼ਰਮਾ ਤੋਂ 1.31 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਾਰ ਗਈ। ਰਾਏਬਰੇਲੀ ਤੋਂ ਰਾਹੁਲ ਗਾਂਧੀ 3,90,030 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।
ਮੋਦੀ ਦੀ ਵਾਰਾਣਸੀ ਤੋਂ ਹੈਟ੍ਰਿਕ
ਲਖਨਊ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਦੇ ਅਜੈ ਰਾਏ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਵਾਰਾਣਸੀ ਸੀਟ ਤੋਂ ਚੋਣ ਜਿੱਤ ਗਏ ਹਨ। ਨਰਿੰਦਰ ਮੋਦੀ ਦੀ ਜਿੱਤ ਦਾ ਇਸ ਵਾਰ ਫ਼ਰਕ 1,52,513 ਰਿਹਾ ਜੋ 2019 ਅਤੇ 2014 ਦੀ ਜਿੱਤ ਨਾਲੋਂ ਘੱਟ ਹੈ। ਸਾਲ 2019 ‘ਚ ਮੋਦੀ ਦੀ ਜਿੱਤ ਦਾ ਫ਼ਰਕ 4,79,505 ਰਿਹਾ ਸੀ ਜਦੋਂ ਉਨ੍ਹਾਂ ਸਮਾਜਵਾਦੀ ਪਾਰਟੀ ਦੀ ਸ਼ਾਲਿਨੀ ਯਾਦਵ ਨੂੰ ਹਰਾਇਆ ਸੀ ਜਦਕਿ ਕਾਂਗਰਸ ਦੇ ਅਜੈ ਰਾਏ ਤੀਜੇ ਸਥਾਨ ‘ਤੇ ਰਹੇ ਸਨ। ਇਸੇ ਤਰ੍ਹਾਂ 2014 ‘ਚ ਮੋਦੀ ਦੀ ਜਿੱਤ ਦਾ ਫ਼ਰਕ 3,71,784 ਰਿਹਾ ਸੀ ਜਦੋਂ ਉਨ੍ਹਾਂ ਆਮ ਆਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਸੀ।
1962 ਮਗਰੋਂ ਪਹਿਲੀ ਵਾਰ ਕੋਈ ਸਰਕਾਰ ਤੀਜੀ ਵਾਰ ਸੱਤਾ ‘ਚ ਆਈ : ਮੋਦੀ
ਨਵੀਂ ਦਿੱਲੀ : ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਜਿੱਤ ਨੂੰ ‘ਵਿਕਸਿਤ ਭਾਰਤ’ ਦੇ ਸੰਕਲਪ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਦੇਸ਼ਵਾਸੀਆਂ ਨੇ ਭਾਜਪਾ ਤੇ ਉਸ ਦੀ ਅਗਵਾਈ ਵਾਲੇ ਗੱਠਜੋੜ ‘ਤੇ ‘ਪੂਰਾ ਭਰੋਸਾ’ ਦਿਖਾਇਆ ਹੈ।
ਉਨ੍ਹਾਂ ਕਿਹਾ ਕਿ ਇਹ ਨਤੀਜੇ ਲੋਕਾਂ, ਲੋਕਤੰਤਰ ਅਤੇ ਦੇਸ਼ ਦੇ ਸੰਵਿਧਾਨ ਵਿੱਚ ਵਿਸ਼ਵਾਸ ਦੀ ਜਿੱਤ ਹਨ। ਚੋਣ ਨਤੀਜੇ ਸਪਸ਼ਟ ਹੋਣ ਮਗਰੋਂ ਭਾਜਪਾ ਮੁੱਖ ਦਫ਼ਤਰ ਵਿੱਚ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 1962 ਮਗਰੋਂ ਪਹਿਲੀ ਵਾਰ ਕੋਈ ਸਰਕਾਰ ਆਪਣੇ ਦੋ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਲਗਾਤਾਰ ਤੀਸਰੀ ਵਾਰ ਸੱਤਾ ਵਿੱਚ ਆਈ ਹੈ।
ਉਧਰ, ਭਾਜਪਾ ਨੇ ਦਾਅਵਾ ਕੀਤਾ ਕਿ ਐੱਨਡੀਏ ਗੱਠਜੋੜ ਦੀ ਜਿੱਤ ਪ੍ਰਧਾਨ ਮੰਤਰੀ ਮੋਦੀ ਦੇ ‘ਵਿਕਸਿਤ ਭਾਰਤ’ ਦੇ ਨਜ਼ਰੀਏ ਵਿੱਚ ਲੋਕਾਂ ਦੇ ਵਿਸ਼ਵਾਸ ਤੇ ਭਰੋਸੇ ਨੂੰ ਜ਼ਾਹਿਰ ਕਰਦੀ ਹੈ। ਮੋਦੀ ਨੇ ਐੱਨਡੀਏ ਦੀ ਜਿੱਤ ਨੂੰ ਭਾਰਤ ਦੇ ਇਤਿਹਾਸ ਵਿੱਚ ‘ਅਦਭੁੱਤ ਪਲ’ ਕਰਾਰ ਦਿੰਦਿਆਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਨਵੀਂ ਊਰਜਾ, ਨਵੇਂ ਉਤਸ਼ਾਹ ਅਤੇ ਨਵੇਂ ਸੰਕਲਪਾਂ ਨਾਲ ਅੱਗੇ ਵਧਣਗੇ। ਮੋਦੀ ਨੇ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, ”ਦੇਸ਼ ਦੀ ‘ਜਨਤਾ ਜਨਾਰਦਨ’ ਨੇ ਐੱਨਡੀਏ ‘ਤੇ ਲਗਾਤਾਰ ਤੀਜੀ ਵਾਰ ਭਰੋਸਾ ਕੀਤਾ ਹੈ।
ਭਾਰਤ ਦੇ ਇਤਿਹਾਸ ਵਿੱਚ ਇਹ ਇੱਕ ਸ਼ਾਨਦਾਰ ਪਲ ਹੈ। ਮੈਂ ਇਸ ਪਿਆਰ ਅਤੇ ਆਸ਼ੀਰਵਾਦ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਪ੍ਰਣਾਮ ਕਰਦਾ ਹਾਂ।” ਉਨ੍ਹਾਂ ਕਿਹਾ, ”ਮੈਂ ਦੇਸ਼ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਨਵੀਂ ਊਰਜਾ, ਨਵੇਂ ਉਤਸ਼ਾਹ ਅਤੇ ਨਵੇਂ ਸੰਕਲਪਾਂ ਨਾਲ ਅੱਗੇ ਵਧਾਂਗੇ।” ਉਨ੍ਹਾਂ ਨੇ ਸਮਰਪਣ ਭਾਵਨਾ ਤੇ ਅਣਥੱਕ ਮਿਹਨਤ ਨਾਲ ਕੰਮ ਕਰਨ ਲਈ ਸਾਰੇ ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ।
ਨਰਿੰਦਰ ਮੋਦੀ ਨੇ ਉੜੀਸਾ ਵਿੱਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸੂਬਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਚੰਗੇ ਸ਼ਾਸਨ ਅਤੇ ਸੂਬੇ ਦੇ ਵਿਲੱਖਣ ਸੱਭਿਆਚਾਰ ਲਈ ਹੈ। ਉਨ੍ਹਾਂ ਕਿਹਾ, ”ਸੂਬਾ ਵਾਸੀਆਂ ਦੇ ਸੁਫ਼ਨੇ ਪੂਰੇ ਕਰਨ ਅਤੇ ਉੜੀਸਾ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਭਾਜਪਾ ਕੋਈ ਕਸਰ ਨਹੀਂ ਛੱਡੇਗੀ।” ਉਨ੍ਹਾਂ ਆਂਧਰਾ ਪ੍ਰਦੇਸ਼ ਵਿੱਚ ਐੱਨਡੀਏ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਅਸਾਧਾਰਨ ਫਤਵਾ ਕਰਾਰ ਦਿੰਦਿਆਂ ਸੂਬਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਜਿੱਤ ਲਈ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਚੰਦਰਬਾਬੂ ਨਾਇਡੂ, ਜਨਸੈਨਾ ਪਾਰਟੀ ਦੇ ਪਵਨ ਕਲਿਆਣ ਅਤੇ ਭਾਜਪਾ ਆਗੂਆਂ ਨੂੰ ਵਧਾਈ ਦਿੱਤੀ।
ਦਿੱਲੀ ‘ਚ ਭਾਜਪਾ ਨੇ ਸਾਰੀਆਂ ਸੱਤ ਸੀਟਾਂ ਜਿੱਤੀਆਂ
ਨਵੀਂ ਦਿੱਲੀ : ਭਾਜਪਾ ਨੇ ਤੀਜੀ ਵਾਰ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਦੇ ਸਾਰੇ ਸੱਤ ਲੋਕ ਸਭਾ ਹਲਕਿਆਂ ਵਿੱਚ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਐਤਕੀਂ ਭਾਜਪਾ ਉਮੀਦਵਾਰਾਂ ਨੂੰ ਸਾਲ 2019 ਦੇ ਮੁਕਾਬਲੇ ਘੱਟ ਵੋਟਾਂ ਮਿਲੀਆਂ ਹਨ। ਜਾਣਕਾਰੀ ਮੁਤਾਬਕ ਪਾਰਟੀ ਨੇ ਉੱਤਰ ਪੂਰਬ, ਉੱਤਰ ਪੱਛਮੀ ਅਤੇ ਪੱਛਮੀ ਦਿੱਲੀ ਹਲਕਿਆਂ ਵਿੱਚ 1,00,000 ਤੋਂ ਵੱਧ ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ ਹੈ। ਭਾਜਪਾ ਦਾ ਵੋਟ ਸ਼ੇਅਰ 54.10 ਫ਼ੀਸਦੀ, ਆਮ ਆਦਮੀ ਪਾਰਟੀ (‘ਆਪ’) ਦਾ 26.05 ਫ਼ੀਸਦੀ ਅਤੇ ਕਾਂਗਰਸ ਦਾ 17.30 ਫ਼ੀਸਦੀ ਹੈ। ਇਹ ਪਹਿਲੀ ਵਾਰ ਹੈ ਜਦੋਂ ‘ਆਪ’ ਅਤੇ ਕਾਂਗਰਸ ਵਿਰੋਧੀ ਧਿਰ ਦੇ ਇੰਡੀਆ ਬਲਾਕ ਦੇ ਬੈਨਰ ਹੇਠ ਸਾਂਝੇ ਤੌਰ ‘ਤੇ ਲੜ ਰਹੀਆਂ ਸਨ, ਪਰ ਇਸ ਦੇ ਬਾਵਜੂਦ ਇਸ ਗੱਠਜੋੜ ਨੂੰ ਕੌਮੀ ਰਾਜਧਾਨੀ ਵਿੱਚ ਕਰਾਰੀ ਹਾਰ ਮਿਲੀ।
ਮਾਲੇਰਕੋਟਲਾ ਦੇ ਜੰਮਪਲ ਕਿਸ਼ੋਰੀ ਲਾਲ ਨੇ ਅਮੇਠੀ ਤੋਂ ਸਮ੍ਰਿਤੀ ਇਰਾਨੀ ਨੂੰ ਹਰਾਇਆ
ਮਾਲੇਰਕੋਟਲਾ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਦੇ ਅਮੇਠੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਹਰਾ ਕੇ ਮਾਲੇਰਕੋਟਲਾ ਦੇ ਮੁਹੱਲਾ ਭਾਵੜਿਆਂ ਦੇ ਮਰਹੂਮ ਅਮਰ ਚੰਦ ਸ਼ਰਮਾ ਦਾ ਪੁੱਤਰ ਤੇ ਕਾਂਗਰਸ ਪਾਰਟੀ ਦਾ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਸੰਸਦ ਮੈਂਬਰ ਬਣ ਗਿਆ ਹੈ। ਕਿਸ਼ੋਰੀ ਲਾਲ ਸ਼ਰਮਾ ਦੇ ਪਰਿਵਾਰਕ ਮੈਂਬਰ, ਹਮਜਮਾਤੀ ਅਤੇ ਸ਼ਹਿਰ ਵਾਸੀ ਸਵੇਰ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਵੇਲੇ ਤੋਂ ਹੀ ਟੈਲੀਵਿਜ਼ਨ ਅੱਗੇ ਬੈਠੇ ਅਮੇਠੀ ਦੀਆਂ ਵੋਟਾਂ ਦੀ ਸਥਿਤੀ ਦਿਲਚਸਪੀ ਨਾਲ ਦੇਖ ਰਹੇ ਸਨ ਜਿਉਂ ਹੀ ਕਿਸ਼ੋਰੀ ਲਾਲ ਸ਼ਰਮਾ ਦੀ ਡੇਢ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤਣ ਦੀ ਖ਼ਬਰ ਆਈ ਤਾਂ ਖ਼ੁਸ਼ੀ ‘ਚ ਖੀਵੇ ਹੋਏ ਉਸ ਦੇ ਪਰਿਵਾਰਕ ਜੀਆਂ ਅਤੇ ਹਮਜਮਾਤੀਆਂ ਨੇ ਲੱਡੂ ਅਤੇ ਮਠਿਆਈ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ।
ਕਿਸ਼ੋਰੀ ਲਾਲ ਦੇ ਸਥਾਨਕ ਐੱਸਡੀਪੀਪੀ ਸਕੂਲ ਦੇ ਜਮਾਤੀਆਂ ਸਾਬਕਾ ਕੌਂਸਲਰ ਜਗਦੀਸ਼ ਕੁਮਾਰ ਜੱਗੀ ਅਤੇ ਸਨਅਤਕਾਰ ਸੰਜੀਵ ਕੁਮਾਰ ਕਿੱਟੀ ਚੋਪੜਾ ਨੇ ਦੱਸਿਆ ਕਿ ਕਿਸ਼ੋਰੀ ਲਾਲ ਸ਼ਰਮਾ ਦੇ ਪਿਤਾ ਮਾਲੇਰਕੋਟਲਾ ਵਿੱਚ ਬੇਕਰੀ ਦਾ ਕੰਮ ਕਰਦੇ ਸਨ। ਉਸ ਦਾ ਇੱਕ ਭਰਾ ਪ੍ਰੇਮ ਨਾਥ ਸ਼ਰਮਾ ਅੱਜ ਵੀ ਮਾਲੇਰਕੋਟਲਾ ਦੇ ਸਰਾਫ਼ਾ ਬਾਜ਼ਾਰ ਨੇੜੇ ਛੋਟਾ ਚੌਕ ਵਿਚ ਬੇਕਰੀ ਦੀ ਦੁਕਾਨ ਚਲਾ ਰਿਹਾ ਹੈ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਸਥਾਨਕ ਐੱਸਡੀਪੀਪੀ ਸਕੂਲ ਤੋਂ ਪ੍ਰਾਪਤ ਕੀਤੀ। 1977 ਵਿੱਚ ਦਸਵੀਂ ਕਰਨ ਉਪਰੰਤ ਉਹ ਆਪਣੇ ਵੱਡੇ ਭਰਾ ਲੇਖ ਰਾਜ ਸ਼ਰਮਾ ਕੋਲ ਰੇਡੀਓ ਸੇਲ ਐਂਡ ਸਰਵਿਸ ਦਾ ਕੰਮ ਸਿੱਖਣ ਲੁਧਿਆਣਾ ਚਲੇ ਗਏ ਸਨ। ਉਹ ਲੁਧਿਆਣਾ ਤੋਂ 1983 ਵਿੱਚ ਅਮੇਠੀ ਚਲੇ ਗਏ ਜਿੱਥੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਤੇ ਉਨ੍ਹਾਂ ਦੀ ਨੇੜਤਾ ਗਾਂਧੀ ਪਰਿਵਾਰ ਨਾਲ ਹੋ ਗਈ। ਉਨ੍ਹਾਂ ਉਸ ਵੇਲੇ ਰਾਜੀਵ ਗਾਂਧੀ ਨਾਲ ਮਿਲ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ।

Check Also

ਇਕ ਬਿਹਤਰ ਭਵਿੱਖ ਲਈ ਡਰਾਈਵਿੰਗ : ਕੈਨੇਡੀਅਨ ਟ੍ਰਾਂਸਪੋਰਟ ਇੰਡਸਟਰੀ ‘ਚ ਮੀਡੀਅਮ ਤੇ ਹੈਵੀ ਡਿਊਟੀ ਵਹੀਕਲਾਂ ਵਿਚੋਂ ਧੂੰਏਂ ਦੀ ਕੋਈ ਜਗ੍ਹਾ ਨਹੀਂ

ਕੈਨੇਡੀਅਨ ਟ੍ਰਾਂਸਪੋਰਟ ਇੰਡਸਟਰੀ ‘ਚ ਮੀਡੀਅਮ ਅਤੇ ਹੈਵੀ ਡਿਊਟੀ ਇਕ ਮਹੱਤਵਪੂਰਨ ਹਿੱਸਾ ਹੈ ਜਿਵੇਂ-ਜਿਵੇਂ ਦੁਨੀਆ ‘ਚ …