Breaking News
Home / ਪੰਜਾਬ / 3 ਲੱਖ ਤੋਂ ਜ਼ਿਆਦਾ ਪਰਿਵਾਰਾਂ ਦੀ ਹਾਲਤ ਹੋਈ ਮੰਗਤਿਆਂ ਵਰਗੀ

3 ਲੱਖ ਤੋਂ ਜ਼ਿਆਦਾ ਪਰਿਵਾਰਾਂ ਦੀ ਹਾਲਤ ਹੋਈ ਮੰਗਤਿਆਂ ਵਰਗੀ

ਛੋਟੇ-ਮੋਟੇ ਧੰਦੇ ਕਰਕੇ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਵਾਲੇ 10 ਲੱਖ ਲੋਕ ਹੋਏ ਬੇਰੁਜ਼ਗਾਰ
ਫ਼ਾਜ਼ਿਲਕਾ/ਬਿਊਰੋ ਨਿਊਜ਼ : ਟਰਾਂਸਪੋਰਟ ਦੇ ਧੰਦੇ ਨੂੰ ਪੰਜਾਬੀ ਹਮੇਸ਼ਾਂ ਹੀ ਸਰਦਾਰੀ ਸਮਝਦੇ ਰਹੇ ਹਨ। 90 ਹਜ਼ਾਰ ਦੇ ਕਰੀਬ ਟਰੱਕ, ਟਰਾਲੇ, 1 ਲੱਖ 50 ਹਜ਼ਾਰ ਟੈਂਪੂ ਅਤੇ 60 ਹਜ਼ਾਰ ਦੇ ਕਰੀਬ ਟੈਕਸੀਆਂ ਨੁੱਕਰੇ ਲੱਗੀਆਂ ਡੁਸਕ ਰਹੀਆਂ ਹਨ। ਲਗਭਗ 3 ਲੱਖ ਪਰਿਵਾਰਾਂ ਦੇ 15 ਲੱਖ ਮੈਂਬਰ ਵੀ ਰੋਟੀ ਰੋਜ਼ੀ ਦੇ ਇਸ ਜੁਗਾੜ ਨੇ ਉਨ੍ਹਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਹੈ। ਕੋਰੋਨਾ ਮਹਾਂਮਾਰੀ ਕਾਰਨ ਫਾਈਨਾਂਸ ਕੰਪਨੀਆਂ ਨੇ ਫ਼ਣ ਕੱਢ ਲਿਆ ਹੈ। ਇਸ ਔਖੀ ਘੜੀ ‘ਚ ਵਿਆਜ ਤਾਂ ਮੁਆਫ਼ ਕੀ ਕਰਨੀ ਉਲਟਾ ਮਹੀਨੇ ਦੀ ਕਿਸ਼ਤ ਨਾਲ ਤਿੰਨ ਗੁਣਾ ਪੈਨਲਟੀ ਵੀ ਠੋਕੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਟਰੱਕ ਟਰਾਲੇ ਦੀ ਔਸਤ ਕੀਮਤ 25 ਤੋਂ 30 ਲੱਖ ਤੱਕ ਹੈ। ਪੰਜਾਬੀਆਂ ਨੇ ਟਰੱਕਾਂ ਵਾਲੇ ਸਰਦਾਰਾਂ ਦੀ ਜ਼ਿੱਦ ਪੁਗਾਉਣ ਤੇ ਕਰਜ਼ੇ ਵੀ ਪ੍ਰਾਈਵੇਟ ਫਾਇਨਸਰਾਂ ਤੋਂ ਲਏ ਹਨ। 40 ਦਿਨਾਂ ਤੋਂ ਧੰਦਾ ਠੱਪ ਹੋਣ ਕਰ ਕੇ ਫਾਇਨਸਰਾਂ ਨੇ ਗੱਡੀਆਂ, ਟੈਕਸੀਆਂ ਤੇ ਟੈਂਪੂ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਟਰੱਕਾਂ, ਟੈਕਸੀਆਂ, ਟੈਂਪੂਆਂ ਆਸਰੇ ਗੁਜ਼ਾਰਾ ਕਰਨ ਵਾਲੇ ਪਰਿਵਾਰਾਂ ਦੀ ਹਾਲਤ ਮੰਗਤਿਆਂ ਵਰਗੀ ਹੋ ਗਈ ਹੈ। ਉੱਥੇ ਇਸ ਧੰਦੇ ਵਿਚ ਲੱਗੇ 10 ਲੱਖ ਦੇ ਕਰੀਬ ਮਾਲਕ, ਡਰਾਈਵਰ, ਕਲੀਨਰ ਅਤੇ ਮੁਰੰਮਤ ਵਾਲੇ ਮਿਸਤਰੀ ਬੇਰੁਜ਼ਗਾਰ ਹੋ ਗਏ ਹਨ। ਸਾਲਾਂਬੱਧੀ ਇਹ ਕੰਮ ਕਰਨ ਕਾਰਨ ਉਹ ਹੋਰ ਵੀ ਕੋਈ ਧੰਦਾ ਨਹੀਂ ਕਰ ਸਕਦੇ। ਸੂਤਰ ਦੱਸਦੇ ਹਨ ਕਿ ਟਰੱਕ ਮਾਲਕ ਸਰਕਾਰ ਨੂੰ ਹਰ ਸਾਲ 25,000 ਦੇ ਕਰੀਬ ਰੋਡ ਟੈਕਸ ਵੀ ਅਦਾ ਕਰਦੇ ਹਨ। ਇਸ ਤੋਂ ਇਲਾਵਾ ਪਰਮਿਟ ਲੈਣ ਲਈ ਵੀ ਹਰ ਸਾਲ 20,000 ਅਤੇ ਪਾਸਿੰਗ ਫ਼ੀਸ ਕਰੀਬ 4000 ਲੱਗਦੀ ਹੈ। ਬੀਮਾ ਕਰਵਾਉਣ ਲਈ ਵੀ 50-60 ਹਜ਼ਾਰ ਪ੍ਰਤੀ ਸਾਲ ਲੱਗਦਾ ਹੈ। ਟਰੱਕਾਂ, ਟੈਂਪੂਆਂ, ਟੈਕਸੀਆਂ ਤੋਂ ਹੋਣ ਵਾਲੀ ਆਮਦਨ ਪ੍ਰਤੀ ਮਹੀਨਾ 400 ਕਰੋੜ ਦੇ ਆਸ-ਪਾਸ ਬਣਦੀ ਹੈ। ਜਿਸ ਤੋਂ ਪੰਜਾਬ ਸਰਕਾਰ ਹੱਥ ਧੋ ਬੈਠੀ ਹੈ। ਟਰੱਕਾਂ ਦੇ ਕਾਰੋਬਾਰੀਆਂ ਨੇ ਦੱਸਿਆ ਕਿ ਪੰਜਾਬ ਵਿਚ 90 ਹਜ਼ਾਰ ਟਰੱਕ ਟਰਾਲੇ ਹਨ। ਹਰ ਟਰੱਕ ਤੇ ਘੱਟੋ ਘੱਟ ਦੋ ਬੰਦੇ, ਡਰਾਈਵਰ ਅਤੇ ਕਲੀਨਰ ਕੰਮ ਕਰਦੇ ਹਨ, 2 ਲੱਖ ਬਾਕੀ ਟੈਂਪੂ, ਟੈਕਸੀਆਂ ਤੇ ਵੀ 1 ਜਾਂ 2 ਲੋਕ ਕੰਮ ਕਰਦੇ ਹਨ। ਜਿਨ੍ਹਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਦੇਣੇ ਪੈ ਰਹੇ ਹਨ ਪਰ ਉਨ੍ਹਾਂ ਕੋਲ ਤਾਂ ਜ਼ਹਿਰ ਖਾਣ ਨੂੰ ਵੀ ਪੈਸਾ ਨਹੀਂ ਹੈ। ਉਹ ਬਿਮਾਰੀ ਨਾਲ ਮਰਨ ਜਾਂ ਨਾਂ ਪਰ ਕਰਜ਼ੇ ਅਤੇ ਭੁੱਖ ਨਾਲ ਜ਼ਰੂਰ ਦਮ ਤੋੜਨਗੇ।

ਟੋਲ ਪਲਾਜ਼ੇ ਸ਼ੁਰੂ ਹੋਣ ਨਾਲ ਹੋਰ ਬੋਝ ਵਧਿਆ
ਇਸੇ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਟਰੱਕਾਂ ਵਾਲਿਆਂ ਨੂੰ ਤਾਂ ਹੁਣ ਦੂਹਰੀ-ਚੌਹਰੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਤਾਲਾਬੰਦੀ ਨਾਲ ਝੰਬੇ ਟਰੱਕ ਵਾਲਿਆਂ ਨੂੰ ਹੁਣ ਇਕਦਮ ਟੋਲ ਪਲਾਜ਼ਾ ਸ਼ੁਰੂ ਕਰਨ ਨਾਲ ਹੋਰ ਬੋਝ ਪੈ ਗਿਆ ਹੈ ਜਦਕਿ ਕੰਮਕਾਜ ਤਾਂ ਪਹਿਲਾਂ ਹੀ ਠੱਪ ਹਨ। ਉਨ੍ਹਾਂ ਹੋਰ ਕਿਹਾ ਕਿ ਕੌਮਾਂਤਰੀ ਮੰਡੀ ਵਿਚ ਜਦੋਂ ਕੱਚੇ ਤੇਲ ਦਾ ਭਾਅ ਸਿਫਰ ਡਾਲਰ ਤੋਂ ਵੀ ਹੇਠਾਂ ਚਲਾ ਗਿਆ ਹੈ ਤਾਂ ਵੀ ਕੇਂਦਰ ਸਰਕਾਰ ਇਸ ਦਾ ਫਾਇਦਾ ਆਮ ਲੋਕਾਂ ਨੂੰ ਦੇ ਕੇ ਰਾਜੀ ਨਹੀਂ ਹੈ। ਇਹੀ ਕਾਰਨ ਹੈ ਕਿ ਡੀਜ਼ਲ ਪਹਿਲੇ ਭਾਅ ਹੀ ਮਿਲ ਰਿਹਾ ਹੈ ਜੋ ਕਿ ਟਰੱਕ ਵਾਲਿਆਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਕਰ ਰਿਹਾ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …