ਸੰਨਿਆਸੀ ਹੋ ਕੇ ਝਾਕ ਸੰਸਾਰੀ ਚੰਗੀ ਨਹੀਂ ਹੁੰਦੀ
ਬੁੱਢ੍ਹੇ ਵਾਰੇ ਇਸ਼ਕ ਬਿਮਾਰੀ ਚੰਗੀ ਨਹੀਂ ਹੁੰਦੀ
ਸੱਚ ਆਖਦੇ ਘਰ ਦਾ ਭੇਤੀ ਲੰਕਾ ਢਾਹ ਦਿੰਦਾ
ਬੇਇਤਵਾਰੇ ਦੀ ਵੀ ਯਾਰੀ ਚੰਗੀ ਨਹੀਂ ਹੁੰਦੀ
ਸ਼ਾਮਲਾਟ ਤੇ ਕਬਜ਼ਾ ਕਰਕੇ ਦੱਬੀ ਬੈਠੇ ਨੇ
ਦੱਸੀ ਧੱਕੇ ਨਾਲ ਹੱਕਦਾਰੀ ਚੰਗੀ ਨਹੀਂ ਹੁੰਦੀ
ਘਰ ਦੀ ਇੱਜ਼ਤ ਧੀ ਦੇ ਹੱਥਾਂ ਵਿੱਚ ਕਹਿੰਦੇ
ਬੇਸਮਝੀ ਕਰੇ ਕੁਆਰੀ ਚੰਗੀ ਨਹੀਂ ਹੁੰਦੀ
ਕਾਠ ਦੀ ਹਾਂਡੀ ਵਾਰ ਵਾਰ ਕਦੇ ਚੜ੍ਹਦੀ ਨਾ
ਕਰ ਲਈਏ ਜੇ ਹੁਸ਼ਿਆਰੀ ਚੰਗੀ ਨਹੀਂ ਹੁੰਦੀ
ਕਹਿੰਦੇ ਮੂਰਖ ਬੰਦਾ, ਖਾ ਜਾਂ ਚੁੱਕ ਮਰਦਾ
‘ਲੌਣੀ ਦਾਅ ਤੇ ਜਾਨ ਪਿਆਰੀ ਚੰਗੀ ਨਹੀਂ ਹੁੰਦੀ
ਹੱਕ ਹਲਾਲ ਦਾ ਖਾਣਾ, ਕਹਿੰਦੇ ਖਾਣਾ ਚਾਹੀਦਾ
ਮੰਗਣੀ ਰੋਜ਼ ਉਧਾਰੀ ਚੰਗੀ ਨਹੀਂ ਹੁੰਦੀ
ਮੰਝਧਾਰ ਵਿੱਚ ਕਿਸ਼ਤੀ ਆਖਰ ਡੁੱਬ ਜਾਂਦੀ
ਕੀਤੀ ਨਾ ਮੌਸਮ ਦੇਖ ਤਿਆਰੀ ਚੰਗੀ ਨਹੀਂ ਹੁੰਦੀ
ਵਿੱਤੋਂ ਬਾਹਰਾ ਖਰਚਾ ਜੋ ਕਰਨ ਵਿਹਾਰਾਂ ਤੇ
ਚੁੱਕਣੀ ਪੰਡ ਕਰਜ਼ੇ ਦੀ ਭਾਰੀ ਚੰਗੀ ਨਹੀਂ ਹੁੰਦੀ
ਮਹਿਫ਼ਿਲ ਵਿੱਚ ਤਾਂ ਡੀਗਾਂ ਬਹੁਤ ਮਾਰ ਲਈਆਂ
ਕੀਤੀ ਕੋਈ ਬਿਨਾਂ ਵਿਚਾਰੀ ਚੰਗੀ ਨਹੀਂ ਹੁੰਦੀ
ਨਿਮਰਤਾ ਦਾ ਗਹਿਣਾ ਮਿਲੇ ਨਾਲ ਨਸੀਬਾਂ ਦੇ
ਰੱਖੀ ਦਿਲਾਂ ‘ਚ ਖੁਦੀ ਹੰਕਾਰੀ ਚੰਗੀ ਨਹੀਂ ਹੁੰਦੀ
ਬਣ ਕੇ ਢੌਂਗੀ ਧਰਮੀ ਤਾਂ ਅਖਵਾ ਲਿਆ
ਕੱਛੇ ਤੇਜ਼ ਕਟਾਰੀ ਚੰਗੀ ਨਹੀਂ ਹੁੰਦੀ
ਕੀ ਹੋਇਆ ਜੇ ਚਾਰ ਅੱਖਰ ਲਿਖਣੇ ਆ ਗਏ
ਲੱਗੀ ਨ ਸਾਹਿਤ ਸਮੁੰਦਰ ਤਾਰੀ ਚੰਗੀ ਨਹੀਂ ਹੁੰਦੀ
– ਸੁਲੱਖਣ ਮਹਿਮੀ
+647-786-6329
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …