Breaking News
Home / ਰੈਗੂਲਰ ਕਾਲਮ / ਸਾਰੰਗੀ ਦੀ ਹੂਕ…

ਸਾਰੰਗੀ ਦੀ ਹੂਕ…

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਸਾਰੰਗੀ ਕੂਕਣ ਲੱਗੀ ਹੈ, ਕੁੱਝ ਪਲ ਕੂਕੀ ਜਾਂਦੀ ਹੈ, ਤਾਂ ਨਾਲ਼-ਨਾਲ਼ ਢੱਡ ਵੀ ਰਲ ਪਈ ਹੈ, ”ਖੜ ਨੀਂ ਭੈਣਾ, ਮਾਮੇ ਦੀ ਧੀ ਚੱਲੀ, ਤੇ ਮੈਂ ਕਿਉਂ ਰਹਿ ਜਾਂ ਕੱਲੀ… ਢਊਂ ਢਮਕ… ਢਮਕ ਢਊਂ… ਢਮਕ ਢਮਕ… ਢਊਂ… ਢਊਂ…।” ਸਾਰੰਗੀ ਦੇ ਗਜ਼ ਨਾਲ ਬੱਧੇ ਘੁੰਗਰੂ ਛਣਕੇ, ”ਸਾਨੂੰ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ…ਛਣੰ… ਛਣਨੰ ਛਣਨੰ… ਛਣੰ… ਛਣਨੰ ਛਣਨੰ… ਛਣੰ…।” ”ਹਾਏ…!” ਮੇਰੇ ਮੂੰਹੋਂ ਬਦੋ-ਬਦੀ ਨਿਕਲ ਗਿਐ। ਸਾਰੰਗੀ ਕੂਕ ਰਹੀ ਏ ਜਿਵੇਂ ਅੰਤਾਂ ਦੀ ਸਤਾਈ ਪਈ, ਸੋਗਾਂ ਮਾਰੀ ਤੇ ਦੁਖਿਆਰੀ। ਲਾਵਾਰਿਸ, ਬੇਸਹਾਰਾ ਹੋਵੇ, ਤੇ ਨਿਤਾਣੀ ਹੋਵੇ।
ਢੱਡ ਢੁਣਕ ਰਹੀ ਹੈ, ”ਢਮਕ…ਢਊਂ ਢਊਂ…ਢਮਕ-ਢਮਕ ਢਊਂ…।” ਬੇਹੱਦ ਉਦਾਸ, ਨਿਰਾਸੀ ਹੋਈ, ਗ਼ਰੀਬ ਤੇ ਨਿਕਚੂੰ ਜਿਹੀ, ਸਿਰਫ਼ ਤੇ ਸਿਰਫ਼ ਇੱਕ ਹੱਥ ਵਿੱਚ ਆ ਜਾਣ ਵਾਲੀ, ਮਾਸੂਮ ਜਿਹੀ ਢੱਡ! ਘੁੰਗਰੂੰ ਬੇਚਾਰੇ, ਜਿਵੇਂ ਉਨ੍ਹਾਂ ਨੂੰ ਜਰ ਲੱਗ ਚੱਲੀ ਹੋਵੇ, ”ਜਰ ਲਾਹੋ, ਜਰ ਪੈ ਚੱਲੀ ਏ ਭਰਾਵੋ, ਦੱਸੋ ਸਾਨੂੰ ਹੋਰ-ਹੋਰ ਕਿਵੇਂ ਛੰਣਕੀਏ, ਸਾਥੋਂ ਨਹੀਂ ਛੰਣਕ ਹੁੰਦਾ ਹੋਰ ਹੁਣ! ਖ਼ਾਮੋਸ਼ ਹੋ ਰਹੇ ਆਂ… ਸਾਡੇ ਛੰਣਕਣ ਵਾਲੀ ਕੋਈ ਗੱਲ ਨਹੀਂ ਰਹੀ… ਨੱਚਦੀਆਂ ਨਾਚੀਆਂ ਦੇ ਪੈਰਾਂ ਨੇ ਸਾਨੂੰ ਲਾਹ ਸੁੱਟਿਐ, ਬੜੀ ਬੇਕਦਰੀ ਨਾਲ਼ ਠੁੱਡੇ ਮਾਰ ਦਿੱਤੇ ਨੇ! ਨਾਚੀਆਂ ਮਰ-ਮੁੱਕ ਗਈਆਂ ਨੇ, ਅਸੀਂ ਨਹੀਂ ਛੰਣਕ ਸਕਦੇ ਹੁਣ।”
ਸਾਰੰਗੀ ਜੋਸ਼ ਵਿੱਚ ਆਣ ਕੇ ਕੂਕ ਰਹੀ ਏ, ”ਕੂ ਊ ਕੂ… ਕੂ ਊ ਕੂ ਕੂ…।” ਜਿਵੇਂ ਸੁਰਾਂ ਨਾਲ਼ ਲੱਦੀ ਸਮੁੰਦਰੀ ਛੱਲ ਆ ਰਹੀ ਹੋਵੇ!
”ਕੀਕੂੰ ਕੂਕਦੀ ਪਈ ਏਂ… ਚੁੱਪ ਕਰ ਰਹਿ… ਨਾ ਕੂਕ… ਹਾਏ! ਤੇਰੀ ਵੇਦਨਾ, ਤੇਰਾ ਵੈਰਾਗ, ਤੇਰਾ ਵੈਣ, ਤੇਰਾ ਵਿਲਕਣਾ ਮੈਥੋਂ ਸੁਣ ਨਹੀਂ ਹੁੰਦਾ ਪਿਆ ਪਿਆਰੀਏ ਸਾਰੰਗੀਏ! ਨਾ ਕੂਕ, ਚੁੱਪ ਕਰ, ਸੀਨੇ ਡੋਬੂ ਪਾਉਣ ਵਾਲੀਏ…।”
”ਨਹੀਂ, ਵੀਰਾ ਨਹੀਂ, ਮੈਨੂੰ ਕੂਕਣ ਦੇ, ਰੋਣ ਦੇ, ਮੈਂ ਵੈਣ ਪਾਵਾਂਗੀ, ਮੈਂ ਵਿਲਕਾਂਗੀ, ਮੈਂ ਚੀਕਾਂਗੀ, ਕੂਕਾਂਗੀ, ਕੁਰਲਾਵਾਂਗੀ, ਨਾ ਰੋਕ ਮੈਨੂੰ… ਕਿਉਂ ਰੋਕਦਾ ਏਂ ਮੈਨੂੰ… ਅੰਤਾਂ ਦੀ ਦੁਖਿਆਰਨ ਆਂ ਮੈਂ… ਤੈਨੂੰ ਕੀ ਪਤੈ ਵੀਰਾ।” ਉਹ ਕੂਕ ਰਹੀ ਏ, ਬੇਰੋਕ! ਬਾਵਰੀ ਹੋਈ! ਸੋਗੀ ਸੁਰਾਂ ਨੇ, ਸੋਗ ਵਰਤਾਈ ਜਾ ਰਹੀ ਏ।
”ਮੈਂ ਕਿੱਥੋਂ ਲੱਭਾਂ ਉਹ ਅਲੋਕਾਰੀ, ਸ਼ਾਹਾਨਾ ਤੇ ਰੌਣਕੀਲੀਆਂ ਬਜ਼ਮਾਂ, ਮਹਾਰਾਜਿਆਂ ਦੀਆਂ ਮਹਿਫ਼ਲਾਂ। ਨਾਚੀ ਨਚਦੀ, ਮੇਰੀ ਸੁਰ ਚਾਰੇ ਪਾਸੇ ਖਿੰਡ-ਖਿੰਡ ਖੇਡਦੀ। ਮਹਿਫ਼ਲ ਵਿੱਚ ਜਾਨ ਪੈ ਜਾਂਦੀ। ਸਰੋਤਿਆਂ ਦੇ ਚਿਹਰਿਆਂ ‘ਤੇ ਤਾਰੀ ਜਲੌ ਦੇਖਣ ਵਾਲਾ ਹੁੰਦਾ। ਰਾਜੇ ਜਾਮ ਛਲਕਾਉਂਦੇ, ਉਹ ਮੇਰੀ ਸੁਰ ਨਾਲ਼ ਇੱਕ-ਮਿੱਕ ਹੋ ਕੇ ਨਾਚੀ ਨੂੰ ਨਿਹਾਰਦੇ, ਤੇ ਫੇਰ ਮੇਰੇ ਵੱਲ ਮਣਾਂ ਮੂੰਹੀਂ ਮੋਹ ਨਾਲ਼ ਤੱਕਦੇ, ਕਮਬਖ਼ਤੇ, ਜ਼ਾਲਿਮ ਸੁਰਾਂ ਵਰਸਾਉਣ ਵਾਲੀਏ, ਡੰਗ ਸੁੱਟਿਆ ਸੂ…।”
”ਹੀਰੇ-ਜਵਾਹਰਾਤ, ਰੁਪਈਏ ਤੇ ਮੋਹਰਾਂ ਟਪਕ-ਟਪਕ ਪੈਂਦੀਆਂ। ਮੈਂ ਧਨ-ਦੌਲਤ ਨਾਲ਼ ਆਫ਼ਰ-ਆਫ਼ਰ ਜਾਂਦੀ। ਬੇਅੰਤ ਆਦਰ ਸੀ ਉੱਥੇ ਮੇਰਾ। ਉਹ ਵਕਤ ਹੁਣ ਚੇਤਾ ਆਂਵਦਾ ਏ, ਫੇ ਚੇਤੇ ਕਰਨੀ ਆਂ ਅਖਾੜਿਆਂ ਨੂੰ, ਉਦੋਂ ਕਿਹੜਾ ਸਪੀਕਰ ਹੁੰਦਾ ਸੀ, ਨੰਗੀ ਧਰਤੀ ਉੱਤੇ ਅਖਾੜੇ ਦਾ ‘ਕੱਠ ਦੂਰ-ਦੂਰ ਤੱਕ ਫ਼ੈਲਿਆ ਹੁੰਦਾ, ਗੁਮੰਤਰੀ ਗੇੜੇ ਦੇ-ਦੇ ਗਾਉਂਦੇ। ਮੇਰੀ ਸੁਰ ਦੂਰ ਤੋਂ ਦੂਰ ਪਰੇ-ਪਰੇ ਤੀਕ ਫ਼ੈਲਰਦੀ ਚਲੀ ਜਾਂਦੀ, ਕੋਈ ਹਿਲਦਾ ਤੱਕ ਨਾ, ਜਿਵੇਂ ਸਾਹ ਵੀ ਉੱਚੀ ਨਾ ਲੈਂਦਾ ਕੋਈ, ਮੰਤਰ-ਮੁਗਧ ਹੋ ਬਹਿੰਦੇ ਲੋਕ, ਕੰਨਾਂ ਥਾਣੀਂ ਸੁਰਾਂ ਲੰਘਾਉਂਦੇ, ਸੁਣ ਕਈ ਅੱਖੀਆਂ ਰੋਂਦੀਆਂ, ਮੇਰੇ ਉਨ੍ਹਾਂ ਸੱਚਿਆਂ ਸਰੋਤਿਆਂ ਦੀਆਂ ਆਤਮਾਵਾਂ ਪਾਕ-ਪਵਿੱਤਰ ਸਨ, ਮੋਹ ਨਾਲ਼ ਤਰੋ-ਤਰ ਸਨ, ਹਾਏ! ਮੈਂ ਮਰ ਜਾਵਾਂ… ਕਿੱਥੋਂ ਲੱਭਣਗੇ ਉਹ ਆਪਣਾ-ਆਪਾ ਭੁੱਲ ਜਾਣ ਵਾਲੇ ਰੱਬ ਜੈਸੇ ਸਰੋਤੇ, ਮੈਨੂੰ ਸੁਣ, ਸੂਰਮਿਆਂ ਦਿਆਂ ਸਰੀਰਾਂ ਵਿੱਚ ਖ਼ੂਨ ਖੌਲਣ ਲੱਗਦਾ, ਗੁਮੰਤਰੀ ਜਦੋਂ ਜੋਸ਼ੀਲੀਆਂ ਵਾਰਾਂ ਗਾਉਂਦੇ, ਸੱਚੋ-ਸੱਚ ਦਸਣੀ ਆਂ ਭਾਈਆ, ਮੈਂ ਤੇ ਆਪ ਅੰਨੇ ਜੋਸ਼ ਵਿੱਚ ਆ ਜਾਇਆ ਕਰਦੀ ਸਾਂ ਉਦੋ… ਹਾਏ…।”
”ਧਾਰਮਿਕ ਥਾਵਾਂ ਉੱਤੇ ਵੀ ਮੈਨੂੰ ਨਿੱਘੀ ਮੁਹੱਬਤ ਤੇ ਡੂੰਘਾ ਸਤਿਕਾਰ ਮਿਲਣ ਲੱਗਿਆ। ਢਾਡੀ ਸਿੰਘ ਧਾਰਮਿਕ ਗਾਥਾਵਾਂ ਤੇ ਵਾਰਾਂ ਗਾਉਂਦੇ, ਮੈਂ ਗੂੰਜਦੀ, ਸੰਗਤਾਂ ਦੇ ਮਨਾਂ ਉੱਤੇ ਵਿਸਮਾਦੀ ਨਜ਼ਾਰਾ ਹਾਵੀ ਹੋ ਜਾਂਦਾ। ਨਾਚੀਆਂ ਨਚਦੀਆਂ-ਨਚਦੀਆਂ ਫ਼ਾਨੀ ਸੰਸਾਰ ਤੋਂ ਕੂਚ ਕਰ ਗਈਆਂ, ਰਾਜੇ-ਮਹਾਰਾਜੇ ਵੀ, ਤੇ ਹੁਣ ਮੈਂ ਪਵਿੱਤਰ ਸਾਜ਼ਾਂ ਵਿੱਚ ਆ ਗਈ ਸਾਂ, ਧਾਰਮਿਕ ਬੰਦਿਆਂ ਦੇ ਵਜੌਣ ਵਾਲੇ ਸਾਜ਼ਾਂ ਵਿੱਚ…ਢਾਡੀ ਸਿੰਘ ਮੈਨੂੰ ਮਜਬੂਰ ਕਰਨ ਲੱਗ ਪਏ, ਆਖਣ, ਕਿ ਹੁਣ ਛੱਡ ਦੇ ਪੁਰਾਤਨ ਤਰਜ਼ਾਂ ਨੂੰ, ਕੌਣ ਸੁਣ ਸੁਣਦੈ ਤੇਰੀਆਂ ਲੋਕ-ਸੁਰਾਂ? ਉਹ ਅਜੋਕੇ ਭੜਕੀਲੇ ਗੀਤਾਂ ਦੀਆਂ ਤਰਜ਼ਾਂ ਉੱਤੇ ਮੈਨੂੰ ਵਜਾਉਣ ਲੱਗ ਪਏ, ਭੁੱਲ ਗਏ ਸਭ ਕੁੱਝ, ਬੇਸੁਰੀਆਂ ਧੁਨੀਆਂ ਉੱਤੇ ਵੱਜਣ ਲਈ ਮੈਨੂੰ ਮਜਬੂਰ ਹੋਣਾ ਪੈਂਦਾ ਏ, ਇੱਥੇ ਤਾਂ ਮੈਂ ਦੁਖੀ ਸੈਂਗੀ ਹੀ, ਤੇ ਫੇਰ ਆ ਗਏ ਅੱਜ ਦੇ ਜਿਹੜੇ… ਟੁੱਟ-ਪੈਣੇ ਟਟਪੂੰਜੀਏ ਤੇ ਡੱਡੂ-ਟਪੂਸੀਆਂ ਮਾਰਨ ਵਾਲੇ, ਰਾਤੋ-ਰਾਤ ਬਣੇ ਸਟਾਰ ਤੇ ‘ਮਹਾਨ ਗਾਇਕ ਪੁੱਤਰ’… ਇੰਨਾਂ ਅਣਜਾਣਾਂ ਤੇ ਕੱਲ ਦੇ ਜੰਮੇ ਛੋਕਰਿਆਂ ਨੂੰ ਮੇਰੀ ਮੰਨਤਾ ਤੇ ਮਹਾਨਤਾ ਦਾ ਕੀ ਇਲਮ ਏਂ ਭਲਾ? ਇਹ ਮੈਨੂੰ ਆਪਣੇ ਲੱਚਰ, ਉਕਸਾਊ, ਬੇਸੁਰੇ, ਕੱਚ ਘਰੜ ਤੇ ਸ਼ੋਰੀਲੇ ਗੀਤਾਂ ਵਿੱਚ ‘ਫਿੱਲਰ’ ਦੇ ਤੌਰ ‘ਤੇ ਵਰਤਣ ਲੱਗੇ, ਮੈਂ ਦੁਖੀ ਹੋ ਗਈ, ਬਈ ਏਹ ਕ…? ਮੈਂ ਆਪਣੀ ਢੱਡ ਸਹੇਲੀ ਨੂੰ ਆਖਿਆ, ਤੂੰ ਨੀ ਬੋਲਦੀ ਕੁੜੇ, ਉਹ ਅੱਖਾਂ ਭਰ ਆਈ, ਖ਼ਾਮੋਸ਼ਣ ਜਿਹੀ, ਫੇ ਬੋਲੀ, ‘ਤੇਰੀ ਤਾਂ ਭੈਣਾਂ ਮਾੜ-ਮੋਟ ਪੁੱਛ-ਗਿੱਛ ਜਿਹੀ ਹੈਗੀ ਊ, ਮੇਰੀ ਉ<ੱਕਾ ਈ ਨਹੀਂ, ਮੈਂ ਕੀ ਬੋਲਾਂ?’
”ਮੇਰੇ ਗਜ਼ ਨਾਲ਼ੋਂ ਘੁੰਗਰੂੰ ਲੱਥ ਗਏ ਨੇ ਕਦੋਂ ਦੇ, ਮੈਂ ਤਾਂ ਆਪਣੇ-ਆਪ ਨੂੰ ‘ਕੱਲੀ-ਕਾਹਰੀ ਮਹਿਸੂਸ ਕਰਦੀ ਆਂ ਹਰ ਪਲ, ਹਰ ਘੜੀ… ‘ਕੱਲਾ ਤਾਂ ਰੁੱਖ ਵੀ ਨਾ ਹੋਵੇ… ਜੰਗਲਾਂ ਵਿੱਚ ਕਿੰਨੇ ਹੀ ਰੁੱਖ ਨੇ, ਹਾਂ ਸੱਚ… ਜੰਗਲ ਤੋਂ ਚੇਤੇ ਆਇਐ, ਮੈਨੂੰ ਦਸਨੀ ਆਂ ਪਈ…। ਸੁੰਨਸਾਨ ਰਾਤ ਸੀ। ਪੰਛੀ-ਪਰਿੰਦੇ, ਜਾਨਵਰ, ਰੁੱਖ, ਵਣ-ਬੂਟ ਤੇ ਪਰਬਤ ਸਭ ਸੌਂ ਰਹੇ ਸਨ, ਮੈਂ ਤੇ ਆਪ ਗੂੜੀ ਨੀਂਦਰ ਦੀ ਬੁੱਕਲ ਵਿੱਚ ਲਿਪਟੀ ਹੋਈ ਸਾਂ, ਫ਼ਕੀਰ ਨੂੰ ਜਾਗ ਆ ਗਈ ਸੀ, ਮੈਨੂੰ ਹਲੂਣ ਕੇ ਬੋਲਿਆ, ਜਾਗ ਜਾਹ ਪਿਆਰੀਏ ਬੜਾ ਸੌਂ ਲਿਐ। ਫ਼ਕੀਰ ਮੈਨੂੰ ਹਿੱਕ ਨਾਲ਼ ਲਾਈ ਝੁੱਗੀ ਵਿੱਚੋਂ ਬਾਹਰ ਨਿਕਲਿਆ, ਉਹਨੇ ਚੁਫ਼ੇਰੇ ਨਜ਼ਰ ਦੌੜਾਈ, ਹਨੇਰ-ਘੁੱਪ ਤੇ ਚੁੱਪ ਦਾ ਕਹਿਰਵਾਨ ਸੰਨਾਟਾ… ਜਿਵੇਂ ਜੰਗਲ ਸਦਾ ਦੀ ਨੀਂਦ ਸੌਂ ਗਿਆ ਹੋਵੇ! ਪੋਲਾ ਜਿਹਾ ਗਜ ਫੇਰਿਆ ਫ਼ਕੀਰ ਨੇ… ਘੁੰਗਰੂੰ ਛੰਣਕੇ!”
ਸੁਰਾਂ ਟਪਕ ਪਈਆਂ, ਤੇਜ਼ ਠੰਢੀ ਹਵਾ ਦਾ ਫਰ-ਫਰ ਕਰਦਾ ਬੁੱਲਾ ਆਇਆ। ਆਲਣਿਆਂ ਵਿੱਚ ਪੰਛੀ ਚਹਿਕੇ ਨੇ, ਚੈਂ-ਚੈਂ…ਚੈਂ-ਚੀਆਂ ਚੀਂ…ਚੀਂ…। ਰੁੱਖਾਂ ਦੀਆਂ ਟਾਹਣੀਆਂ ਕੁਸਕੀਆਂ, ਪੱਤਿਆਂ ‘ਖੜ-ਖੜ’ ਕੀਤੀ। ਪਰੇ ਦੂਰ ਗਿੱਦੜ ਹੁਆਂਕਿਆ, ਹੂਆ ਊ ਊ ਹੂਆ ਊ…। ਗਟਾਰ ਗੁਟਕੀ…। ਸ਼ੇਰ ਨੇ ਅੰਗੜਾਈ ਭੰਨੀ। ਮੈਂ ਗੂੰਜ ਰਹੀ ਸਾਂ, ਜੰਗਲ ਵਿੱਚ ਮੰਗਲ ਲੱਗ ਗਿਆ, ਚੁੱਪ ਭਰੀ ਰਾਤ, ਦਿਨ ਵਿੱਚ ਬਦਲ ਗਈ। ਦੇਖਦੇ-ਦੇਖਦੇ ਇੱਕ ਬੱਦਲੀ ਉੱਠੀ, ਝੱਟ ਵਿੱਚ ਲਿਸ਼ਕਣ ਲੱਗੀ, ਗਰਜੀ, ”ਗੜ… ਗੜ… ਗੜ…। ਪਲੋ-ਪਲੀ ਕਿਣ-ਮਿਣ-ਕਿਣ-ਮਿਣ ਹੋਣ ਲੱਗੀ, ਸ਼ਾਂਤ ਲੇਟੀ ਨਦੀ ਵਿੱਚ ਲਹਿਰਾਂ ਉੱਠੀਆਂ, ਨਦੀ ਚਮਕ ਪਈ। ਧਰਤੀ ਦੀ ਹਿੱਕ ਉੱਤੇ ਠੰਢ ਵਰਤ ਗਈ। ਮੈਂ ਬੇਅਟਕ ਕੂਕ ਰਹੀ ਸਾਂ… ਕੁੱਝ ਛਿਣਾਂ ਤੀਕ ਮੇਰੇ ਫ਼ਕੀਰ ਗੁਮੰਤਰੀ ਨੂੰ ਰੱਬ ਦੇ ਦੀਦਾਰੇ ਹੋਣ ਵਾਲੇ ਸਨ!”

Check Also

ਸੁਪਨੇ ਤੇ ਸੱਚ

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਚਾਲੀ ਸਾਲ ਨੂੰ ਉਮਰ ਢੁੱਕਣ ਤੋਂ …