Breaking News
Home / ਨਜ਼ਰੀਆ / ਜ਼ਿੰਦਗੀ ਦੀ ਜੰਗ ਦੇ ਕੰਡਿਆਂ ‘ਚੋਂ ਰਾਹ

ਜ਼ਿੰਦਗੀ ਦੀ ਜੰਗ ਦੇ ਕੰਡਿਆਂ ‘ਚੋਂ ਰਾਹ

ਸ਼ਿਨਾਗ ਸਿੰਘ ਸੰਧੂ, ਸ਼ਮਿੰਦਰ ਕੌਰ ਰੰਧਾਵਾ
ਜ਼ਿੰਦਗੀ ਸੰਘਰਸ਼ ਨਾਲ ਭਰੀ ਹੋਈ ਹੈ। ਜਦੋਂ ਮਨੁੱਖ ਧਰਤੀ ਤੇ ਜਨਮ ਲੈਂਦਾ ਹੈ ਤਾਂ ਸੰਘਰਸ਼ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਉਹ ਆਪਣੀ ਜ਼ਿੰਦਗੀ ਵਿੱਚ ਪਛਾਣ ਬਣਾਉਣ ਲਈ ਅਤਿ ਅੰਤ ਮਿਹਨਤ ਕਰਦਾ ਹੈ। ਮੁਸ਼ਕਿਲਾਂ ਵੀ ਉਸੇ ਲਈ ਹੁੰਦੀਆਂ ਹਨ, ਜਿਸ ਨੇ ਆਪਣੇ ਜੀਵਨ ਵਿੱਚ ਵਿਲੱਖਣ ਪਛਾਣ ਬਣਾਉਣੀ ਹੁੰਦੀ ਹੈ। ਰੱਬ ਦਾ ਦਿੱਤਾ ਖਾਣ ਵਾਲੇ ਅਤੇ ਕਿਸਮਤ ਨੂੰ ਕੋਸਣ ਵਾਲੇ ਲਈ ਕੋਈ ਸੰਘਰਸ਼ ਮਈ ਜੀਵਨ ਬਣਿਆ ਨਹੀਂ ਹੈ। ਸੰਤ ਕਬੀਰ ਜੀ ਨੇ ਵੀ ਆਪਣੀ ਬਾਣੀ ਅੰਦਰ ਕਿਹਾ ਹੈ ”ਕਬੀਰਾ ਜਬ ਹਮ ਆਏ ਏਸ ਜਗਤ ਮੇ, ਜਗ ਹਸੇ ਹਮ ਰੋਏ।ਐਸੀ ਕਰਨੀ ਕਰ ਚਲੋ ਹਮ ਹਸੇਂ ਜਗ ਰੋਏ”। ਕਿ ਹੇ ਮਨੁੱਖ ਜਦੋਂ ਤੂੰ ਸੰਸਾਰ ਵਿੱਚ ਆਇਆ ਤੂੰ ਰੋਇਆ ਤੇ ਸੰਸਾਰ ਦੇ ਲੋਕ ਤੇਰੇ ਤੇ ਹੱਸੇ ਪਰ ਤੂੰ ਆਪਣੇ ਜੀਵਨ ਵਿੱਚ ਐਸਾ ਕੰਮ ਕਰਕੇ ਜਾਵੀਂ ਕਿ ਤੂੰ ਆਪਣੇ ਜੀਵਨ ਦੀ ਸਫਲਤਾ ਵੇਖ ਕੇ ਸੰਸਾਰ ਤੋਂ ਜਾਣ ਵੇਲੇ ਹੱਸੇ ਤੇ ਜਗ ਇਹ ਯਾਦ ਕਰਕੇ ਰੋਵੇ ਕਿ ਏਸ ਤੋਂ ਵਧੀਆ ਬੰਦਾ ਹੋ ਹੀ ਨਹੀਂ ਸਕਦਾ ਸੀ। ਜਿਸ ਨੇ ਜ਼ਿੰਦਗੀ ਦੇ ਮਾਇਨੇ ਹੀ ਬਦਲ ਦਿੱਤੇ।
ਸੰਘਰਸ਼ ਅਤੇ ਮਿਹਨਤ ਤੋਂ ਬਿਨਾਂ ਜੀਵਨ ਜਿਵੇਂ ਦਾ ਤਿਵੇਂ ਹੀ ਚਲਦਾ ਹੈ, ਰੋਟੀ ਪਾਣੀ ਮਿਲਦਾ ਹੈ ਤੇ ਏਵੇਂ ਲੱਗਦਾ ਹੈ ਕਿ ਬੰਦਾ ਖਾਣ ਲਈ ਹੀ ਜੀ ਰਿਹਾ ਹੈ ਪਰ ਅਸਲ ਵਿੱਚ ਇਹ ਜ਼ਿੰਦਗੀ ਨਹੀਂ ਹੈ। ਇਨਸਾਨ ਉਹੀ ਹੈ ਜੋ ਜ਼ਿੰਦਗੀ ਦੀ ਜੰਗ ਲੜਦਾ ਹੈ ਤੇ ਕੁੱਝ ਵੱਖਰਾ ਕਰਕੇ ਦਿਖਾਉਂਦਾ ਹੈ। ਨਹੀਂ ਤਾ ਜੀਵਨ ਪਸ਼ੂਆਂ ਦੀ ਤਰ੍ਹਾਂ ਹੀ ਹੈ। ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਹਨ। ਜੇ ਹਾਰ ਹੁੰਦੀ ਹੈ ਤਾਂ ਜਿੱਤ ਵੀ ਯਕੀਨਨ ਹੈ। ਪਰ ਜ਼ਿੰਦਗੀ ‘ਚ ਹਾਰ ਕੇ ਬੈਠਣ ਵਾਲੇ ਦਾ ਜੀਵਨ ਨਰਕ ਸਮਾਨ ਬਣ ਜਾਂਦਾ ਹੈ। ਸਧਾਰਣ ਤੇ ਸੰਘਰਸ਼ਮਈ ਲੋਕਾਂ ਦੇ ਜੀਵਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਸਧਾਰਣ ਆਦਮੀ ਪੈਸਾ ਕਮਾਉਣ ਵਿੱਚ ਰੁੱਝੇ ਰਹਿੰਦੇ ਹਨ ਪਰ ਮਿਹਨਤ ਕਰਨ ਵਾਲੇ ਕੁਝ ਨਿਵੇਕਲਾ ਕਰ ਦਿਖਾਉਣ ਵਿੱਚ। ਸਧਾਰਣ ਆਦਮੀ ਘੜੀ ਵੇਖ ਕੇ ਕੰਮ ਕਰਦੇ ਹਨ ਪਰ ਮਿਹਨਤੀ ਕੰਮ ਕਰਕੇ ਘੜੀ ਵੇਖਦੇ ਹਨ। ਉਹ ਅਤੀਤ ਨੂੰ ਯਾਦ ਨਹੀਂ ਕਰਦੇ ਸਗੋਂ ਵਰਤਮਾਨ ਸਮੇਂ ਤੋਂ ਲਾਭ ਉਠਾੳਂਦੇ ਹਨ। ਉਹ ਦਿਨ ਦੂਰ ਨਹੀਂ ਜਦੋਂ ਮਿਹਨਤੀ ਲੋਕਾਂ ਦੇ ਦਸਤਖ਼ਤ ਵੀ ਆਟੋਗ੍ਰਾਫ ਬਣ ਜਾਂਦੇ ਹਨ।
ਜੀਵਨ ਵਿੱਚ ਜੋ ਜਿੱਤਾਂ ਸੋਖੀਆਂ ਹੁੰਦੀਆਂ ਹਨ ਉਹਨਾਂ ਦਾ ਕਦੇ ਮਾਣ ਸਤਿਕਾਰ ਨਹੀਂ ਹੁੰਦਾ। ਸਤਿਕਾਰੇ ਉਹੀ ਲੋਕ ਜਾਂਦੇ ਹਨ ਜਿਨ੍ਹਾਂ ਨੇ ਦੁਨੀਆਂ ਦੇ ਡਰ ਛੱਡ ਕੇ ਕੁਝ ਵੱਖਰਾ ਕੀਤਾ ਹੁੰਦਾ ਹੈ। ਇਹ ਵੀ ਸਿਦਕ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਕਈ ਲੋਕ ਕੰਮ ਬੜੇ ਜ਼ੋਸ਼ ਨਾਲ ਸ਼ੁਰੂ ਕਰਦੇ ਹਨ ਪਰ ਅੱਧਵਾਟੇ ਹੀ ਹਿੰਮਤ ਹਾਰ ਜਾਂਦੇ ਹਨ। ਸਿਰੜ ਨਾਲ ਮਿਹਨਤ ਕਰਨ ਨਾਲ ਲੋਹਾਰ ਦੀ ਵਰਕਸ਼ਾਪ ਕਾਰ ਦਾ ਕਾਰਖ਼ਾਨਾ ਬਣ ਸਕਦੀ ਹੈ। ਖੋਖੇ ਵਾਲੇ ਦੀ ਦੁਕਾਨ ਬਣ ਸਕਦੀ ਹੈ। ਰੇੜੀ ਤੋਂ ਟਰੱਕ ਬਣ ਸਕਦਾ ਹੈ। ਅਖੀਰ ਇਹ ਦੁਨੀਆਂ ਉਹਨਾਂ ਨੂੰ ਹੀ ਮੰਨਦੀ ਹੈ ਜਿਹੜੇ ਜ਼ਿੰਦਗੀ ਦੀਆਂ ਔਕੜਾਂ ‘ਚੋਂ ਲ਼ੰਘ ਕੇ ਮੰਜ਼ਿਲਾਂ ‘ਤੇ ਪਹੁੰਚਦੇ ਹਨ।
ਤੰਗ ਨਜ਼ਰ ਨਾਲ ਵਿਸ਼ਾਲ ਨਜ਼ਾਰੇ ਨਹੀਂ ਮਾਣੇ ਜਾ ਸਕਦੇ। ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆਂ ਖੰਡਰ ਵੀ ਰੌਣਕ ਬਣ ਜਾਂਦੇ ਹਨ। ਇਹ ਸੋਚਣਾ ਕਿ ਸਾਡੇ ਬਾਰੇ ਦੁਨੀਆਂ ਕੀ ਸੋਚਦੀ ਹੋਵੇਗੀ। ਸਾਡੀ ਹੀ ਕਮਜ਼ੋਰੀ ਹੈ। ਜ਼ਿੰਦਗੀ ‘ਚ ਹਾਂ ਪੱਖੀ ਸੋਚ ਹੀ ਸਾਡੀ ਯੋਗਤਾ ਵਧਾਉਂਦੀ ਹੈ। ਇਹ ਆਮ ਹੀ ਕਿਹਾ ਜਾਂਦਾ ਹੈ ਕਿ ਜੇ ਕਾਲੀ ਬਿੱਲੀ ਰਾਹ ਕੱਟ ਜਾਵੇ ਤਾਂ ਨੁਕਸਾਨ ਹੁੰਦਾ ਹੈ। ਪਰ ਕੀ ਨੁਕਸਾਨ ਹੁੰਦਾ ਹੈ ? ਨਿਰਭਰ ਕਰਦਾ ਹੈ ਕਿ ਬਿੱਲੀ ਦਿਸਦੀ ਕਿਸ ਨੂੰ ਹੈ। ਚੂਹੇ ਨੂੰ ਜਾਂ ਕੁੱਤੇ ਨੂੰ। ਬਹੁਤੇ ਲੋਕ ਆਪ ਸੋਹਣਾ ਬਣਨਾ ਚਾਹੁੰਦੇ ਹਨ ਪਰ ਕਲਾਕਾਰ ਅਤੇ ਮਿਹਨਤੀ ਉਹ ਹੁੰਦਾ ਹੈ ਜਿਸਦੇ ਵਿੱਚ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸੋਹਣਾ ਬਣਾਉਣ ਦਾ ਹੁਨਰ ਹੋਵੇ। ਰਾਹ ਤੁਰਨ ਨਾਲ ਬਣਦੇ ਹਨ ਅਤੇ ਕਲਾ ਯਤਨ ਨਾਲ ਨਿੱਖਰਦੀ ਹੈ।
ਜਿਊਣ ਨੂੰ ਤਾਂ ਹਰ ਕੋਈ ਜੀ ਹੀ ਰਿਹਾ ਹੈ ਪਰ ਸਲੀਕੇ ਅਤੇ ਹੁਨਰ ਨਾਲ ਜਿਊਣਾ ਸੰਘਰਸ਼ ਦੀ ਮੰਗ ਕਰਦਾ ਹੈ। ਬੱਚਿਆਂ ਨੂੰ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਦੇ ਯੋਗ ਬਣਾ ਕੇ ਮਜ਼ਬੂਤ ਜੀਵਨ ਜੀਊਣ ਦੀ ਤਾਂਘ ਸਿਖਾਉਣੀ ਚਾਹੀਦੀ ਹੈ। ਉਹਨਾਂ ਵਿੱਚ ਜਿੱਤ ਦਾ ਭਰੋਸਾ ਸਿਰਜਣ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਖੇਡ ਵਿੱਚ ਜਿੱਤਣਾ ਮਹੱਤਵਪੂਰਨ ਨਹੀਂ। ਜਿੰਨਾ ਕਿ ਪੂਰਾ ਤਾਣ ਲਾ ਕੇ ਜਿੱਤ ਦੀ ਭਾਵਨਾ ਨਾਲ ਖੇਡਣਾ ਹੈ। ਕਹਿੰਦੇ ਹਨ ਕਿ ਜੇਕਰ ਪਿਤਾ ਕੋਲ ਆਪਣੇ ਬੱਚਿਆਂ ਨੂੰ ਦੇਣ ਲਈ ਕੁਝ ਨਾ ਹੋਵੇ ਤਾਂ ਉਸ ਨੂੰ ਘੱਟੋ -ਘੱਟ ਆਪਣੀ ਔਲਾਦ ਨੂੰ ਹੌਸਲਾ ਅਤੇ ਹੱਲਾਸ਼ੇਰੀ ਤਾਂ ਦੇਣੀ ਚਾਹੀਦੀ ਹੈ। ਜਿਸ ਨਾਲ ਉਹ ਆਪਣੀ ਜ਼ਿੰਦਗੀ ਦੇ ਸੰਘਰਸ਼ ਦੀ ਜੰਗ ਲੜਕੇ ਸਫਲਤਾ ਪ੍ਰਾਪਤ ਕਰ ਸਕਣ। ਜੀਵਨ ਦਾ ਉਦੇਸ਼ ਮਿੱਥ ਕੇ ਬੜੇ ਸਿਰੜ, ਸਿਦਕ ਤੇ ਦ੍ਰਿੜ ਇਰਾਦੇ ਨਾਲ ਅਸਫਲਾ ਨੂੰ ਪਛਾੜ ਕੇ ਹੀ ਜੀਵਨ ਦੀ ਮੂਹਰਲੀ ਕਤਾਰ ਵਿੱਚ ਖਲੋਇਆ ਜਾ ਸਕਦਾ ਹੈ।
ਇਹ ਠੀਕ ਹੈ ਕਿ ਗਲਤੀਆਂ ਤੋਂ ਬਚਣ ਲਈ ਤਜ਼ਰਬੇ ਦੀ ਲੋੜ ਹੁੰਦੀ ਹੈ ਪਰ ਤਜ਼ਰਬਾ ਗਲਤੀਆਂ ਤੋਂ ਹੀ ਪ੍ਰਾਪਤ ਹੁੰਦਾ ਹੈ। ਵਿਦਿਆਰਥੀ ਨਲਾਇਕ ਨਹੀਂ ਹੁੰਦੇ ਜਿਨ੍ਹਾਂ ਦੀ ਯੋਗਤਾ ਜਗਾ ਦਿੱਤੀ ਜਾਂਦੀ ਹੈ ਉਹ ਲਾਇਕ ਬਣ ਜਾਂਦੇ ਹਨ ਅਤੇ ਬਾਕੀਆਂ ਨੂੰ ਨਲਾਇਕ ਕਹਿ ਦਿੱਤਾ ਜਾਂਦਾ ਹੈ। ਜੋ ਆਸ਼ਾਵਾਦੀ ਹੈ। ਉਹ ਹਨੇਰੇ ਵਿੱਚੋਂ ਵੀ ਵੇਖ ਲੈਂਦਾ ਹੈ ਪਰ ਨਿਰਾਸ਼ਾਵਾਦੀ ਜਗਦੇ ਦੀਵੇ ਨੂੰ ਵੀ ਫੂਕ ਮਾਰ ਕੇ ਬੁਝਾ ਦਿੰਦਾ ਹੈ। ਜ਼ਿੰਦਗੀ ਵਿੱਚ ਕਈ ਨਵੇਂ ਸਾਲ ਚੜ੍ਹੇ ਕੋਈ ਸੂਰਜ, ਧਰਤੀ, ਚੰਦ, ਤਾਰੇ ਜਾਂ ਸ਼੍ਰਿਸਟੀ ਨਹੀਂ ਬਦਲੀ। ਸਾਲ ਦੀ ਆਖਰੀ ਰਾਤ ਨੂੰ ਜਿਵੇਂ ਸੌਦੇ ਹਾਂ। ਉਵੇਂ ਪਹਿਲਾ ਵਾਂਗ ਹੀ ਉੱਠ ਖਲੋਦੇ ਹਾਂ। ਬਸ ਆਪਣੇ ਨਜ਼ਦੀਕੀਆਂ ਨੂੰ ਇਹੀ ਕਹਿੰਦੇ ਹਾਂ ਕਿ ਨਵਾਂ ਸਾਲ ਮੁਬਾਰਿਕ ਹੋਵੇ। ਇੱਕ ਅੱਧੇ ਦਿਨ ਵਿੱਚ ਮੁਬਾਰਕਾਂ ਦਾ ਮਹੌਲ ਖਤਮ ਹੋ ਜਾਂਦਾ ਹੈ ਤੇ ਫਿਰ ਜ਼ਿੰਦਗੀ ਪੁਰਾਣੇ ਦਿਨਾਂ ਦੀ ਤਰ੍ਹਾਂ ਸ਼ੁਰੂ ਹੋ ਜਾਂਦੀ ਹੈ। ਸਾਨੂੰ ਆਪਣੀ ਜ਼ਿੰਦਗੀ ਵਿੱਚ ਮਿਹਨਤ ਅਤੇ ਸੰਘਰਸ਼ ਕਰਕੇ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਇਨਸਾਨ ਜੋ ਚਾਹੇ ਉਹ ਕਰ ਸਕਦਾ ਹੈ। ਸਾਨੂੰ ਘੱਟ ਤੋਂ ਘੱਟ ਕਿਸੇ ਦਾ ਹੌਸਲਾ ਤੋੜਨ ਦੀ ਬਜਾਇ ਜੇਕਰ ਅਸੀਂ ਉਸਦੀ ਪੈਸੇ ਦੇ ਰੂਪ ਵਿੱਚ ਮਦਦ ਨਹੀਂ ਕਰ ਸਕਦੇ ਤਾਂ ਉਹਨੂੰ ਹੱਲਾਸ਼ੇਰੀ ਦੇ ਕੇ ਜਿੰਦਗੀ ਦੀ ਜੰਗ ਜਿੱਤਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਬਦਲਾਵ ਤੇ ਆਸ ਜੀਵਨ ਦਾ ਆਧਾਰ ਹਨ। ਕਾਮਨਾ ਕਰਦੇ ਹਾਂ ਕਿ ਨਵਾਂ ਵਰ੍ਹਾ ਹਰੇਕ ਲਈ ਸੁਖਦ ਭਰਿਆ ਹੋਵੇ। ਧਰਮ, ਜਾਤ-ਪਾਤ ਅਤੇ ਊਚ-ਨੀਚ ਦੇ ਭੇਦ-ਭਾਵ ਦਿਲਾਂ ‘ਚੋਂ ਖਤਮ ਹੋਵਣ। ਹਰੇਕ ਦੀ ਮਿਹਨਤ ਅਤੇ ਸੰਘਰਸ਼ ਨੂੰ ਬੂਰ ਪਵੇ। ਹਰ ਇੱਕ ਆਪਣੀ ਮਿੱਥੀ ਹੋਈ ਮੰਜਿਲ ਤੇ ਪਹੁੰਚੇ। ਜ਼ਿੰਦਗੀ ਵਿੱਚ ਔਕੜ ਬਣਕੇ ਉੱਗੇ ਹੋਏ ਕੰਡਿਆਂ ਦੇ ਮੂੰਹ ਮੁੜਕੇ ਐਸੇ ਰਾਹ ਬਣਨ ਕਿ ਨਵੇਂ ਸਾਲ ਦਾ ਹਰੇਕ ਦਿਨ ਮੁਬਾਰਕਵਾਦ ਹੋਵੇ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …