Breaking News
Home / ਨਜ਼ਰੀਆ / ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਡਾ. ਡੀ.ਪੀ. ਸਿੰਘ ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ

ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਡਾ. ਡੀ.ਪੀ. ਸਿੰਘ ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ

ਬੇਬੁਨਿਆਦ ਲਿਖਤਾਂ ਰਾਹੀਂ ਲੋਕਾਂ ਨੂੰ ਨਾ ਕਰੋ ਗੁੰਮਰਾਹ : ਡਾ. ਸੇਖੋਂ
(ਕਿਸ਼ਤ ਆਖਰੀ)

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਡਾ: ਸਿੰਘ: ਪਾਠਕਾਂ ਦਾ ਰੁਝਾਣ ਕਿਤਾਬਾਂ ਨਾਲੋਂ ਘਟ ਕੇ ਸੋਸ਼ਲ ਮੀਡੀਆਵਾਂ ਨਾਲ ਵਧ ਰਿਹਾ ਹੈ। ਪਾਠਕਾਂ ਨੂੰ ਕਿਤਾਬਾਂ ਵੱਲ ਮੋੜਣ ਲਈ ਕੋਈ ਹੱਲ?
ਡਾ: ਸੇਖੋਂ: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਏ ਕਰਕੇ ਪਾਠਕਾਂ ਦਾ ਰੁਝਾਨ ਕਿਤਾਬਾਂ ਵੱਲੋਂ ਬਹੁਤ ਘਟ ਗਿਆ ਹੈ ਅਤੇ ਸ਼ਾਇਦ ਇਹ ਰੁਝਾਨ ਅਜੇ ਹੋਰ ਵੀ ਘਟੇਗਾ। ਇਸ ਘਟ ਰਹੇ ਰੁਝਾਨ ਕਾਰਨ ਹੀ ਅੱਜ ਕੱਲ੍ਹ ਪਬਲਿਸ਼ਰ ਵੀ ਕਿਤਾਬਾਂ ਛਾਪਣ ਤੋਂ ਬਹੁਤ ਪ੍ਰਹੇਜ਼ ਕਰ ਰਹੇ ਹਨ ਅਤੇ ਲੇਖਕਾਂ ਨੂੰ ਵੀ ਪੱਲਿਉਂ ਪੈਸੇ ਖਰਚ ਕੇ ਕਿਤਾਬਾਂ ਛਪਵਾਉਣੀਆਂ ਪੈਂਦੀਆਂ ਹਨ ਜਿਸ ਕਰਕੇ ਉਹਨਾਂ ਦਾ ਉਤਸ਼ਾਹ ਵੀ ਘਟਦਾ ਜਾਂਦਾ ਹੈ। ਪਰ ਮੇਰਾ ਇਹ ਵੀ ਪੱਕਾ ਵਿਸ਼ਵਾਸ ਹੈ ਕਿ ਜੇਕਰ ਉੱਚੇ ਮਿਆਰ ਦੀਆਂ ਕਿਤਾਬਾਂ ਲਿਖੀਆਂ ਜਾਣ ਤਾਂ ਪਾਠਕ ਜ਼ਰੂਰ ਪੜ੍ਹਨਗੇ। ਬੱਸ ਮੇਰੇ ਵਿਚਾਰ ਵਿੱਚ ਇਹੋ ਹੀ ਇੱਕ ਤਰੀਕਾ ਹੈ ਜਿਸ ਨਾਲ਼ ਇਸ ਰੁਝਾਨ ਨੂੰ ਕੁਝ ਘਟਾਇਆ ਜਾ ਸਕਦਾ ਹੈ।
ਡਾ: ਸਿੰਘ: ਇੱਕੀਵੀਂ ਸਦੀ (ਖਾਸ ਕਰਕੇ ਦੂਸਰੇ ਦਹਾਕੇ) ਦੇ ਲੇਖਕਾਂ ਨੂੰ ਆਪ ਧਾਰਮਿਕ ਸਾਹਿਤ ਰਚਨਾ ਕਾਰਜਾਂ ਦੇ ਸੰਦਰਭ ‘ਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਡਾ: ਸੇਖੋਂ: ਆਪ ਜੀ ਦਾ ਇਹ ਸੁਆਲ ਬਹੁਤ ਹੀ ਮਹੱਤਵਪੂਰਨ ਹੈ ਅਤੇ ਪੁੱਛਣ ਲਈ ਆਪ ਦਾ ਬਹੁਤ ਧੰਨਵਾਦ। ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਧਾਰਮਿਕ ਖੇਤਰ ਵਿੱਚ ਅਜੋਕੇ ਸਮੇਂ ਦੇ ਬਹੁਤ ਸਾਰੇ ਵਿਦਵਾਨ ਪਾਠਕਾਂ ਨਾਲ਼ ਆਪਣੇ ਨਿੱਜੀ ਵਿਚਾਰ ਜ਼ਿਆਦਾ, ਅਤੇ ਪਾਵਨ ਗੁਰਬਾਣੀ ਦੇ ਵਿਚਾਰ ਬਹੁਤ ਹੀ ਘੱਟ ਸਾਂਝੇ ਕਰ ਰਹੇ ਹਨ, ਤੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਹਨਾਂ ਵਿੱਚ ਆਪਣੇ ਨਿਜੀ ਵਿਚਾਰਾਂ ਨੂੰ ਫ਼ੈਲਾਉਣ ਲਈ ਦੌੜ ਲੱਗੀ ਹੋਵੇ। ਕੋਈ ਇਹ ਪ੍ਰਚਾਰ ਕਰ ਰਿਹਾ ਹੈ ਕਿ ਰੋਜ਼ਾਨਾ ਪਾਠ ਕਰਨ ਦੀ ਕੋਈ ਲੋੜ ਨਹੀਂ, ਕੋਈ ਕਹਿ ਰਿਹਾ ਹੈ ਕਿ ਮੌਤ ਤੋਂ ਪਿੱਛੋਂ ਮਨੁੱਖ ਦਾ ਕੋਈ ਜਨਮ ਨਹੀਂ ਹੁੰਦਾ, ਕੋਈ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕੋਈ ਵੱਖਰਾ ਧਰਮ ਸ਼ੁਰੂ ਨਹੀਂ ਕੀਤਾ ਸੀ, ਕੋਈ ਪਾਵਨ ਮੂਲ ਮੰਤਰ ਦੇ ਅਰਥ ਆਪਣੇ ਤਰੀਕਿਆਂ ਨਾਲ ਕਰ ਰਹੇ ਹਨ, ਅਤੇ ਕੋਈ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਕਦੇ ਮੱਕੇ ਹੀ ਨਹੀਂ ਗਏ ਸਨ, ਆਦਿ। ਇੱਥੇ ਹੀ ਬੱਸ ਨਹੀਂ, ਹਰ ਇੱਕ ਡੇਰੇਦਾਰ ਦੀ ਮਰਿਆਦਾ ਵੀ ਵੱਖਰੀ ਹੈ। ਇਹਨਾਂ ਸਾਰਿਆਂ ਕਾਰਨਾਂ ਕਰਕੇ ਆਮ ਲੋਕ ਨਾ ਕੇਵਲ ਭੰਬਲਭੂਸਿਆਂ ਵਿੱਚ ਪਏ ਹਨ, ਸਗੋਂ ਉਹ ਧਰਮ ਤੋਂ ਵੀ ਦੂਰ ਜਾ ਰਹੇ ਹਨ।
ਕੋਈ ਦੋ ਕੁ ਮਹੀਨੇ ਪਹਿਲਾਂ ਸਰੀ (ਵੈਨਕੂਵਰ ਦੇ ਨੇੜੇ) ਇੱਕ ਕਾਨਫ਼ਰੰਸ ਵਿੱਚ ਇੱਕ ਸਰਦਾਰ ਜੀ ਉੱਠ ਕੇ ਕਹਿਣ ਲੱਗੇ ਕਿ ਆਮ ਇਹ ਵਿਚਾਰ ਚੱਲਿਆ ਆ ਰਿਹਾ ਹੈ ਕਿ ਬਾਬਰ ਦੇ ਐਮਨਾਬਾਦ ਦੇ ਹਮਲੇ ਵੇਲੇ ਗੁਰੂ ਨਾਨਕ ਸਾਹਿਬ ਉਥੇ ਸਨ ਅਤੇ ਉਹ ਕੁਝ ਚਿਰ ਬਾਬਰ ਦੀ ਕੈਦ ਵਿੱਚ ਰਹੇ। ਪਰ ਇਹ ਠੀਕ ਨਹੀਂ। ਗੁਰੂ ਨਾਨਕ ਸਾਹਿਬ ਹਮਲੇ ਤੋਂ ਕੋਈ ਡੇਢ ਮਹੀਨਾ ਪਿੱਛੋਂ ਉਥੇ ਪਹੁੰਚੇ ਸਨ। ਮੈਨੂੰ ਸੁਣ ਕਿ ਕੁਝ ਗੁੱਸਾ ਆਇਆ ਕਿ ਭਾਈ ਸਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਯਕੀਨਨ ਉਥੇ ਸਨ ਅਤੇ ਉਹਨਾਂ ਨੇ ਅੰਨ੍ਹੀ ਕਤਲੋ-ਗਾਰਦ ਵੇਖ ਕੇ ਹੀ ਦੁਖੀ ਮਨ ਨਾਲ਼ ਇਹ ਲਿਖਿਆ ਸੀ ਕਿ ”ਤੈਂ ਕੀ ਦਰਦ ਨਾ ਆਇਆ”, ਪਰ ਚਲੋ ਜੇ ਇਹ ਮੰਨ ਵੀ ਲਿਆ ਜਾਏ ਕਿ ਗੁਰੂ ਸਾਹਿਬ ਉਥੇ ਨਹੀਂ ਵੀ ਸਨ,ਤਾਂ ਕਿਸੇ ਨੂੰ ਵੀ ਕੀ ਫ਼ਰਕ ਪਵੇਗਾ? ਗੁਰੂ ਸਾਹਿਬ ਦੀਆਂ ਲਿਖਤਾਂ ਤਾਂ ਪਾਵਨ ਗੁਰੂ ਸਾਹਿਬ ਵਿੱਚ ਦਰਜ ਹਨ, ਅਤੇ ਉਹਨਾਂ ਨੂੰ ਕਿਹੜੀ ਜਾਇਦਾਦ ਮਿਲ ਗਈ ਸੀ ਜਿਸ ਕਾਰਨ ਤੁਹਾਨੂੰ ਕੋਈ ਵੱਡਾ ਘਾਟਾ ਪੈ ਗਿਆ। ਅਜਿਹੇ ਲੋਕ ਕੇਵਲ ਆਪਣੀ ਹੋਸ਼ੀ ਸ਼ੁਹਰਤ ਲਈ ਇਹ ਕੋਝੇ ਕੰਮ ਕਰ ਰਹੇ ਹਨ। ਮੇਰੀ ਸਭ ਵਿਦਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਬੇਬੁਨਿਆਦ ਲਿਖਤਾਂ ਰਾਹੀਂ ਲੋਕਾਂ ਨੂੰ ਹੋਰ ਗੁੰਮਰਾਹ ਨਾ ਕਰੋ। ਅਸੀ ਪਹਿਲਾਂ ਹੀ ਜਾਂ ਤਾਂ ਧਰਮ ਤੋਂ ਬੇਮੁੱਖ ਹੋ ਰਹੇ ਹਾਂ ਜਾਂ ਕਰਮ ਕਾਂਡਾਂ ਵਿੱਚ ਧਸਦੇ ਜਾ ਰਹੇ ਹਾਂ। ਕਿਰਪਾ ਕਰਕੇ ਗੁਰਬਾਣੀ ਦੇ ਅਨੁਕੂਲ ਹੀ ਲੇਖ ਲਿਖ ਕੇ ਪੰਥ ਦੀ ਸੇਵਾ ਕਰੋ।
ਡਾ: ਸਿੰਘ: ਵਿਗਿਆਨ, ਧਰਮ ਅਤੇ ਮਾਂ-ਬੋਲੀ, ਇਹਨਾਂ ਤਿੰਨਾਂ ਨੂੰ ਇੱਕ ਦੂਜੇ ਦੇ ਆੜੀ ਬਣਾ ਕੇ ਰੱਖਣ ਲਈ ਅੱਜ ਕੱਲ੍ਹ ਕੀ ਕੁਝ ਕਰ ਰਹੇ ਹੋ?
ਡਾ: ਸੇਖੋਂ: ਵੀਰ ਜੀ, ਧਾਰਮਿਕ ਖੇਤਰ ਵਿੱਚ ਤਾਂ ਸਤਿਗੁਰੂ ਦੀ ਮਿਹਰ ਸਦਕਾ ਮੈਂ ਪੁਸਤਕਾਂ ਅਤੇ ਲੇਖ ਲਿਖਣ ਦੇ ਨਾਲ਼ ਨਾਲ਼ ਗੁਰਬਾਣੀ ਦੀ ਵੈੱਬਸਾਈਟ (www.gurbanisandesh.com) ਵੀ ਚਲਾ ਰਿਹਾ ਹਾਂ ਅਤੇ ਗੁਰੂ ਗਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿੱਚ ਉਲਥਾ ਵੀ ਕਰ ਰਿਹਾ ਹਾਂ। ਗੁਰਬਾਣੀ ਵਿੱਚ ਵਿਗਿਆਨ ਨੂੰ ਵਿਸ਼ੇਸ਼ ਰੂਪ ਵਿੱਚ ਘੁਸੇੜਨ ਦੀ ਮੇਰੀ ਕੋਈ ਚੇਸ਼ਟਾ ਨਹੀਂ। ਹਾਂ, ਜਿੱਥੇ ਵਿਗਿਆਨ ਦੀ ਵਰਤੋਂ ਕਰ ਕੇ ਗੁਰਬਾਣੀ ਵਿੱਚਲੇ ਵਿਚਾਰਾਂ ਦੀਆਂ ਬੁਲੰਦੀਆਂ ਦੀ ਮਹਾਨਤਾ ਨੂੰ ਜ਼ਿਆਦਾ ਸਮਝਿਆ ਜਾ ਸਕਦਾ ਹੈ, ਉਥੇ ਵਿਗਿਆਨ ਦੀ ਵਰਤੋਂ ਕਰਨ ਲਈ ਕਦੇ ਝਿਜਕਿਆ ਵੀ ਨਹੀਂ,ਅਤੇ ਹਰ ਸੰਭਵ ਮੌਕੇ ਤੇ ਉਸਦੀ ਵਰਤੋਂ ਕੀਤੀ ਹੈ। ਜਿੱਥੋਂ ਤੱਕ ਮਾਂ-ਬੋਲੀ ਦੀ ਵਰਤੋਂ ਦਾ ਸਬੰਧ ਹੈ, ਮੈਨੂੰ ਇਸ ਨਾਲ ਬੇਹੱਦ ਪਿਆਰ ਹੈ। ਮੈਂ ਹੁਣ ਤੱਕ ਧਾਰਮਿਕ ਵਿਸ਼ਿਆਂ ਤੇ 6 ਪੁਸਤਕਾਂ ਅਤੇ ਪੰਜਾਬੀ ਬੋਲੀ ਅਤੇ ਪੰਜਾਬੀਅਤ ਵਿੱਚ ਇੱਕ ਪੁਸਤਕ ਗੁਰਮੁਖੀ ਲਿਪੀ ਵਿੱਚ ਲਿਖੀਆਂ ਹਨ ਅਤੇ ਅਜੇ ਤਿੰਨ ਹੋਰ ਤਿਆਰ ਹਨ ਪਰ ਉਹ ਅਜੇ ਛਪੀਆਂ ਨਹੀਂ ਹਨ। ਉਮੀਦ ਹੈ ਕਿ ਇਹਨਾਂ ਵਿੱਚੋਂ ਇੱਕ ਛੇਤੀ ਹੀ ਛਪ ਜਾਵੇਗੀ। ਅੱਜ ਕੱਲ੍ਹ ਪੰਜਾਬੀ ਦਾ ਮੂੰਹ ਮੁਹਾਂਦਰਾ ਬੜੀ ਤੇਜ਼ੀ ਨਾਲ ਵਿਗੜਦਾ ਜਾ ਰਿਹਾ ਹੈ, ਮੇਰੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਮਾਂ ਬੋਲੀ ਦੇ ਅਸਲੀ ਰੂਪ ਨੂੰ ਸੰਭਾਲ ਸਕਾਂ। ਗੁਰੂ ਗਰੰਥ ਸਾਹਿਬ ਜੀ ਦੇ ਉਲਥੇ ਤੋਂ ਪਿੱਛੋਂ ਮੇਰੀਆਂ ਜ਼ਿਆਦਾ ਲਿਖਤਾਂ ਟਕਸਾਲੀ ਪੰਜਾਬੀ ਵਿੱਚ ਹੀ ਹੋਣਗੀਆਂ।
ਡਾ: ਸਿੰਘ: ਡਾ: ਸਾਹਿਬ ਆਪ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਦੀ ਧਾਰਮਿਕ ਪ੍ਰਸੰਗਿਕਤਾ ਵਿੱਚ ਪੰਜਾਬੀ ਸਾਹਿਤ ਦਾ ਮੁਲਾਂਕਣ ਕਿਵੇਂ ਕਰਨਾ ਚਾਹੋਗੇ?
ਡਾ: ਸੇਖੋਂ: ਵੀਰ ਜੀ, ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ,ਧਾਰਮਿਕ ਵਿਸ਼ਿਆਂ ‘ਤੇ ਰਚੇ ਜਾ ਰਹੇ ਸਾਹਿਤ ਨਾਲ਼ ਮੈਂ ਬਹੁਤ ਖ਼ੁਸ਼ ਨਹੀਂ ਹਾਂ। ਬਹੁਤੇ ਵਿਦਵਾਨ ਤਾਂ ਗੁਰਬਾਣੀ ਦਾ ਸੁਨੇਹਾ ਪ੍ਰਸਾਰਿਤ ਕਰਨ ਦੀ ਬਜਾਇ ਆਪਣੇ ਹੀ ਵਿਸ਼ਵਾਸ ਲੋਕਾਂ ਤੇ ਠੋਸ ਰਹੇ ਅਤੇ ਉਹਨਾਂ ਨੂੰ ਹੋਰ ਭੰਬਲਭੂਸਿਆਂ ਵਿੱਚ ਪਾ ਰਹੇ ਹਨ ਜਿਸ ਕਰਕੇ ਨੌਜੁਆਨ ਧਰਮ ਤੋਂ ਮੂੰਹ ਮੋੜ ਰਹੇ ਹਨ ਅਤੇ ਆਮ ਲੋਕ ਫ਼ਿਰ ਕਰਮ ਕਾਂਡਾਂ ਵਿੱਚ ਧਸਦੇ ਜਾ ਰਹੇ ਹਨ। ਪਰ ਮੈਂ ਇੰਨਾ ਨਿਰਾਸ਼ ਵੀ ਨਹੀਂ ਕਿਉਂਕਿ ਆਪ ਵਰਗੇ ਕੁਝ ਸੁਹਿਰਦ ਵਿਦਵਾਨ ਵੀ ਹਨ ਜਿਹੜੇ ਨਿਰੋਲ ਗੁਰਬਾਣੀ ਦਾ ਸੁਨੇਹਾ ਵੰਡਣ ਵਿੱਚ ਹੀ ਜੁੱਟੇ ਹੋਏ ਹਨ। ਪਰ ਮਾੜੀ ਗੱਲ ਇਹ ਹੈ ਕਿ ਪਾਠਕਾਂ ਜਾਂ ਸਰੋਤਿਆਂ ਨੂੰ ਪ੍ਰਸਪਰ ਵਿਰੋਧੀ ਸੁਨੇਹੇ ਮਿਲਣ ਕਾਰਨ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਹੜੇ ਵਿਚਾਰ ਠੀਕ ਹਨ ਅਤੇ ਕਿਹੜੇ ਗ਼ਲਤ।
ਡਾ: ਸਿੰਘ: ਆਪ ਉਭਰਦੇ ਲੇਖਕਾਂ ਅਤੇ ਖੋਜਾਰਥੀਆਂ ਨੂੰ ਧਾਰਮਿਕ ਵਿਰਸੇ ਨਾਲ ਜੁੜਨ ਤੇ ਇਸ ਦੀ ਸਾਂਭ ਸੰਭਾਲ ਹਿਤ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਡਾ: ਸੇਖੋਂ: ਇਹ ਲੇਖਕ ਹੀ ਹਨ ਜਿਹੜੇ ਕਿਸੇ ਵੀ ਧਰਮ ਜਾਂ ਸੰਸਕ੍ਰਿਤੀ ਨੂੰ ਢਾਲਦੇ ਹਨ। ਗੁਰੂ ਨਾਨਕ ਸਾਹਿਬ ਨੇ ਵੀ ਆਪਣੀਆਂ ਲਿਖਤਾਂ ਨਾਲ਼ ਹੀ ਇੱਕ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਕਰਮ ਕਾਂਡਾਂ ਵਿੱਚੋਂ ਕੱਢ ਕੇ ਉਹਨਾਂ ਨੂੰ ਰਜਵਾੜਾਸ਼ਾਹੀ ਅਤੇ ਧਾਰਮਿਕ ਆਗੂਆਂ ਦੀ ਲੁੱਟ ਘਸੁੱਟ ਤੋਂ ਸਾਵਧਾਨ ਕੀਤਾ। ਸੋ ਆਪਣੇ ਧਰਮ ਦੀ ਰੱਖਿਆ ਕਰਨ, ਅਤੇ ਉਸਦੇ ਪਰਸਾਰ ਕਰਨ ਦੀ ਵੱਡੀ ਜ਼ਿੰਮੇਵਾਰੀ ਨਵੇਂ ਲੇਖਕਾਂ ਦੇ ਮੋਢਿਆਂ ‘ਤੇ ਹੀ ਹੈ। ਸੋ ਮੇਰੀ ਤਾਂ ਉਹਨਾਂ ਨੂੰ ਇਹੋ ਬੇਨਤੀ ਹੈ ਕਿ ਉਸ ਆਪਣੇ ਸੌੜੇ ਨਿਜੀ ਹਿੱਤਾਂ ਤੋਂ ਉੱਪਰ ਉੱਠ ਕੇ ਕੌਮ ਨੂੰ ਨਿਰੋਲ ਗੁਰਬਾਣੀ ਦੇ ਲੜ ਲਾਉਣ ਦੇ ਜਤਨ ਕਰਨ।
ਡਾ: ਸਿੰਘ: ਆਧੁਨਿਕ ਨੌਜਵਾਨ ਵਰਗ ਵਧੇਰੇ ਪੜ੍ਹਿਆ ਲਿਖਿਆ ਹੈ, ਤਕਨਾਲੋਜੀ ਨਾਲ਼ ਲੈਸ ਹੈ,ਫ਼ਿਰ ਕਿਉਂ ਉਹ ਧਰਮ ਸੰਕੀਰਣਤਾ/ਉਦਾਸੀਨਤਾ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ?
ਡਾ: ਸੇਖੋਂ: ਡਾਕਟਰ ਸਾਹਿਬ, ਮਹੱਤਵਪੂਰਣ ਹੋਣ ਦੇ ਨਾਲ਼ ਨਾਲ਼ ਆਪ ਜੀ ਦੇ ਇਸ ਪ੍ਰਸ਼ਨ ਦਾ ਵਿਸ਼ਾ ਵੀ ਬਹੁਤ ਚਿੰਤਾਜਨਕ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਕੱਲ੍ਹ ਦਾ ਨੌਜੁਆਨ ਵਰਗ ਧਰਮ ਤੋਂ ਦੂਰ ਜਾ ਰਿਹਾ ਹੈ ਜਿਸ ਦੇ ਕਈ ਕਾਰਨ ਹਨ। ਮੇਰੇ ਵਿਚਾਰ ਵਿੱਚ ਵਧੇਰੇ ਪੜ੍ਹਿਆ ਲਿਖਿਆ ਹੋਣਾ ਅਤੇ ਤਕਨਾਲੋਜੀ ਨਾਲ਼ ਲੈਸ ਹੋਣਾ ਹੀ ਇੱਕ ਵੱਡਾ ਕਾਰਨ ਹੈ। ਵਧੇਰੇ ਪੜ੍ਹ ਲਿਖ ਜਾਣ ਨਾਲ ਮਨੁੱਖ ਜ਼ਿਆਦਾ ਤਰਕਸ਼ੀਲ ਹੋ ਜਾਂਦਾ ਹੈ ਅਤੇ ਹਰ ਗੱਲ ਤੇ ਪ੍ਰਸ਼ਨ ਕਰਦਾ ਹੈ। ਧਰਮ ਦੇ ਸਬੰਧ ਵਿੱਚ ਹਰ ਸੁਆਲ ਦਾ ਉੱਤਰ ਦੇ ਸਕਣਾ ਕਈ ਵਾਰ ਸੰਭਵ ਨਹੀਂ ਹੁੰਦਾ ਜਿਸਦੀ ਘਾਟ ਕਰਕੇ ਉਹਨਾਂ ਦੀ ਤਸੱਲੀ ਨਹੀਂ ਹੁੰਦੀ। ਤਸੱਲ਼ੀ ਨਾਂ ਹੋਣ ਦੀ ਸਥਿਤੀ ਵਿੱਚ ਉਹ ਕਈ ਵਾਰ ਧਰਮ ਤੋਂ ਦੂਰ ਹੋਣ ਲਗ ਪੈਂਦੇ ਹਨ। ਤਕਨਾਲੋਜੀ ਦੀ ਹੋਂਦ ਉਹਨਾਂ ਦੇ ਕਈ ਵਿਸ਼ਵਾਸਾਂ ‘ਤੇ ਹੋਰ ਵੀ ਸੱਟ ਮਾਰਦੀ ਹੈ। ਉਦਾਹਰਣ ਵਜੋਂ ਜਦ ਉਹ ਪੁੱਛਦੇ ਹਨ ਕਿ ਇੱਕ ਸਿੱਖ ਲਈ ਕੇਸ ਰੱਖਣੇ ਕਿਉਂ ਜ਼ਰੂਰੀ ਹਨ, ਤਾਂ ਆਮ ਲੋਕਾਂ ਦੀ ਗੱਲ ਤਾਂ ਦੂਰ, ਸਾਡੇ ਬਹੁਤੇ ਧਾਰਮਿਕ ਆਗੂ ਵੀ ਉਹਨਾਂ ਨੂੰ ਤਸੱਲੀਬਖ਼ਸ਼ ਉੱਤਰ ਦੇਣ ਦੇ ਅਸਮਰਥ ਹੁੰਦੇ ਹਨ ਜਿਸ ਕਰਕੇ ਉਹ ਕੇਸ ਕਤਲ ਕਰਾਉਣ ਲਈ ਤਿਆਰ ਹੋ ਜਾਂਦੇ ਹਨ। ਇਸ ਦੇ ਨਾਲ਼ ਨਾਲ਼ ਉਹਨਾਂ ਕੋਲ਼ ਇੰਟਰਨੈੱਟ ‘ਤੇ ਦਿਲਚਸਪੀ ਦੇ ਇੰਨੇ ਸਾਧਨ ਹਨ ਕਿ ਉਹਨਾਂ ਨੂੰ ਧਰਮ ਬਾਰੇ ਜਾਣਕਾਰੀ ਲੈਣ ਲਈ ਨਾ ਤਾਂ ਸਮਾਂ ਹੀ ਹੈ ਅਤੇ ਨਾ ਹੀ ਦਿਲਚਸਪੀ।
ਨੰਬਰ ਦੋ ਤੇ ਸਾਡੇ ਧਾਰਮਿਕ ਆਗੂ ਆਉਂਦੇ ਹਨ ਜਿਹੜੇ ਧਰਮ ਪ੍ਰਚਾਰ ਲਈ ਕੁਝ ਵੀ ਨਹੀਂ ਕਰ ਰਹੇ। ਸ਼ਾਇਦ ਇਸਦਾ ਦਾ ਇੱਕ ਕਾਰਨ ਇਹ ਵੀ ਹੋਵੇ ਕਿ ਸਾਡੀਆਂ ਧਾਰਮਿਕ ਸੰਸਥਾਵਾਂ ‘ਤੇ ਰਾਜਨੀਤੀ ਭਾਰੂ ਹੋ ਗਈ ਹੈ। ਜਦ ਸਾਡੇ ਵੱਡੇ ਵੱਡੇ ਨੇਤਾ ਹਰ ਡੇਰੇ ਤੇ ਜਾ ਮੱਥਾ ਟੇਕਦੇ ਹਨ, ਤਾਂ ਆਮ ਜਨਤਾ ਨੇ ਉਹਨਾਂ ਕੋਲੋਂ ਕੀ ਸਿੱਖਿਆ ਲੈਣੀ ਹੈ? ਸਾਡੇ ਗੁਰਦੁਆਰਿਆਂ ਨੂੰ ਇੰਨੀ ਆਮਦਨ ਹੋ ਰਹੀ ਹੈ ਕਿ ਹਰ ਇੱਕ ਦੀ ਅੱਖ ਕੇਵਲ ਗੁਰੂ ਦੀ ਗੋਲਕ ‘ਤੇ ਹੀ ਹੈ। ਕਿਸੇ ਨੂੰ ਵੀ ਸਿੱਖੀ ਨੂੰ ਫੈਲਾਉਣ ਦਾ ਕੋਈ ਸ਼ੌਕ ਨਹੀਂ ਅਤੇ ਨਾ ਹੀ ਸਿੱਖਾਂ ਦੀ ਦਿੱਖ ਦੀ ਨਿੱਘਰਦੀ ਜਾ ਰਹੀ ਹਾਲਤ ਦਾ ਕਿਸੇ ਨੂੰ ਕੋਈ ਦਰਦ ਹੈ। ਪਰ, ਜਿੱਥੇ ਤਕਨਾਲੋਜੀ ਦੇ ਕੁਝ ਨੁਕਸਾਨ ਹਨ, ਉਥੇ ਇਸ ਦੇ ਲਾਭ ਵੀ ਬਹੁਤ ਹਨ। ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਨਵੀਂ ਤਕਨਾਲੋਜੀ ਦੀ ਵਰਤੋਂ ਕਰਕੇ ਗੁਰਬਾਣੀ ਦਾ ਪਰਚਾਰ ਕਰਨਾ ਚਾਹੀਦਾ ਹੈ ਅਤੇ ਸਿੱਖ ਇਤਿਹਾਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪੁਚਾਉਣਾ ਚਾਹੀਦਾ ਹੈ। ਪਰ ਜਿਵੇਂ ਮੈਂ ਬੇਨਤੀ ਕਰ ਚੁੱਕਾ ਹਾਂ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਰਾਜਸੀ ਨੇਤਾਵਾਂ ਦਾ ਹੱਥ ਠੋਕਾ ਹੀ ਬਣ ਕੇ ਰਹਿ ਗਈਆਂ ਹਨ। (ਸਮਾਪਤ)
———
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ ਦੇ ਆਨਰੇਰੀ, ਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ। ਈਮੇਲ:
[email protected]
ਫੋਨ ਨੰਬਰ : 416-859-1856

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …