1.9 C
Toronto
Thursday, November 27, 2025
spot_img
Homeਹਫ਼ਤਾਵਾਰੀ ਫੇਰੀਚਿੰਤਾਜਨਕ : ਮੋਗਾ ਦੇ 100 ਪਿੰਡਾਂ 'ਚ ਵਿਗੜਿਆ ਲਿੰਗ ਅਨੁਪਾਤ, ਹਜ਼ਾਰ ਬੇਟਿਆਂ...

ਚਿੰਤਾਜਨਕ : ਮੋਗਾ ਦੇ 100 ਪਿੰਡਾਂ ‘ਚ ਵਿਗੜਿਆ ਲਿੰਗ ਅਨੁਪਾਤ, ਹਜ਼ਾਰ ਬੇਟਿਆਂ ‘ਤੇ ਸਿਰਫ 750 ਬੇਟੀਆਂ

ਡੀ.ਸੀ. ਦੇ ਕਹਿਣ ‘ਤੇ ਹੋਏ ਸਰਵੇ ਵਿਚ ਹੋਇਆ ਖੁਲਾਸਾ
ਮੋਗਾ : ਮੋਗਾ ਦੇ 100 ਪਿੰਡਾਂ ਵਿਚ ਲਿੰਗ ਅਨੁਪਾਤ ਦਾ ਔਸਤ ਗ੍ਰਾਫ ਏਨਾ ਵਿਗੜ ਚੁੱਕਾ ਹੈ ਕਿ ਇੱਥੇ ਇਕ ਹਜ਼ਾਰ ਬੇਟਿਆਂ ਦੇ ਪਿੱਛੇ ਸਿਰਫ 750 ਬੇਟੀਆਂ ਨੇ ਜਨਮ ਲਿਆ ਹੈ। ਇਹ ਚਿੰਤਾਜਨਕ ਖੁਲਾਸਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੇ ਕਹਿਣ ਤੋਂ ਬਾਅਦ ਕਰਾਏ ਗਏ ਸਰਵੇ ਵਿਚ ਹੋਇਆ ਹੈ। ਹਾਲਾਂਕਿ ਅਜਿਹੇ ਪਿੰਡਾਂ ਦੇ ਨਾਮ ਪ੍ਰਸ਼ਾਸਨ ਨੇ ਜਨਤਕ ਨਹੀਂ ਕੀਤੇ। ਕਈ ਸਾਲਾਂ ਤੋਂ ਮੋਗਾ ਵਿਚ ਲਿੰਗ ਜਾਂਚ ਦਾ ਗੋਰਖ ਧੰਦਾ ਚੱਲ ਰਿਹਾ ਹੈ। ਲੰਘੇ ਪੰਜ ਸਾਲਾਂ ਵਿਚ ਕਰੀਬ ਪੰਜ ਵਾਰ ਸਿਰਸਾ ਸਿਹਤ ਵਿਭਾਗ ਦੀ ਟੀਮ ਨੇ ਸਟਿੰਗ ਅਪਰੇਸ਼ਨ ਕਰਕੇ ਮੋਗਾ ਵਿਚ ਭਰੂਣ ਲਿੰਗ ਜਾਂਚ ਕਰਨ ਵਾਲੇ ਸਕੈਨ ਸੈਂਟਰਾਂ ਨੂੰ ਸੀਲ ਕਰ ਦਿੱਤਾ ਸੀ। ਉਧਰ ਦੂਜੇ ਪਾਸੇ ਪੰਜਾਬ ਸਿਹਤ ਵਿਭਾਗ ਦਾ ਦਾਅਵਾ ਸੀ ਕਿ ਜ਼ਿਲ੍ਹੇ ਵਿਚ ਲਿੰਗ ਅਨੁਪਾਤ ਪਹਿਲਾਂ ਨਾਲੋਂ ਸੁਧਰਿਆ ਹੈ। ਇੱਥੇ ਸਾਲ 2019 ਵਿਚ ਇਕ ਹਜ਼ਾਰ ਲੜਕਿਆਂ ਦੇ ਮੁਕਾਬਲੇ 932 ਲੜਕੀਆਂ ਹੋ ਗਈਆਂ ਹਨ। ਇਸ ਸੱਚਾਈ ਦਾ ਪਤਾ ਲਗਾਉਣ ਲਈ ਡੀ.ਸੀ. ਨੇ ਮੋਗਾ ਜ਼ਿਲ੍ਹੇ ਦੇ 430 ਪਿੰਡਾਂ ਵਿਚੋਂ ਅਜਿਹੇ ਪਿੰਡਾਂ ਦੀ ਪਹਿਚਾਣ ਕਰਨ ਨੂੰ ਕਿਹਾ ਜਿੱਥੇ ਲਿੰਗ ਅਨੁਪਾਤ ਘੱਟ ਸੀ। ਇਸ ਤੋਂ ਇਲਾਵਾ ਜਿੱਥੇ ਭਰੂਣ ਲਿੰਗ ਜਾਂਚ ਸੈਂਟਰਾਂ ਨੂੰ ਸੀਲ ਕੀਤਾ ਗਿਆ ਸੀ, ਉਸਦੇ ਦੇ ਨੇੜਲੇ ਪਿੰਡਾਂ ਨੂੰ ਵੀ ਚੌਕਸ ਕੀਤਾ ਗਿਆ ਹੈ। ਇਸ ਤੋਂ ਬਾਅਦ ਜ਼ਿਲ੍ਹੇ ਦੇ ਪੰਜ ਬਲਾਕਾਂ ਦੇ ਕੁੱਲ 100 ਪਿੰਡਾਂ ਵਿਚ ਇਹ ਸਰਵੇ ਕਰਵਾਇਆ ਗਿਆ। ਉਸ ਵਿਚ ਹੀ ਇਹ ਚਿੰਤਾਜਨਕ ਸਥਿਤੀ ਸਾਹਮਣੇ ਆਈ ਹੈ।
ਸਰਕਾਰ ਨੇ ਦਿੱਤਾ ਫੰਡ : ਪੰਜਾਬ ਸਰਕਾਰ ਨੇ ਮੋਗਾ ਲਈ ਢਾਈ ਲੱਖ ਰੁਪਏ ਦਾ ਫੰਡ ਜਾਰੀ ਕੀਤਾ ਹੈ। ਇਸ ਵਿਚ ਇਸ ਵਾਰ ਸਿਹਤ ਵਿਭਾਗ ਵਿਸ਼ੇਸ਼ ਤੌਰ ‘ਤੇ ਪਿੰਡਾਂ ਵਿਚ ਬੇਟੀਆਂ ਦੀ ਲੋਹੜੀ ਮਨਾਏਗਾ। 6 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਜ਼ਿਲ੍ਹੇ ਦੇ ਪੰਜ ਬਲਾਕਾਂ ਡਰੋਲੀ ਭਾਈ, ਠੱਠੀ ਭਾਈ, ਪੱਤੋ ਹੀਰਾ ਸਿੰਘ, ਕੋਟ ਈਸੇ ਖਾਂ ਅਤੇ ਢੁਡੀਕੇ ਵਿਚ 400 ਨਵਜੰਮੀਆਂ ਬੱਚੀਆਂ ਨੂੰ ਸਿਹਤ ਵਿਭਾਗ ਵਲੋਂ 500 ਰੁਪਏ ਦਾ ਗਿਫਟ ਦਿੱਤਾ ਜਾਵੇਗਾ। ਗਿਫਟ ਵਿਚ ਬੇਬੀ ਸੂਟ ਜਾਂ ਫਿਰ ਗਰਮ ਕੰਬਲ ਦਿੱਤੇ ਜਾਣਗੇ।
”ਸਾਲ 2018 ਦੀ ਤੁਲਨਾ ਵਿਚ 2019 ਵਿਚ ਮੋਗਾ ਜ਼ਿਲ੍ਹੇ ਵਿਚ ਲਿੰਗ ਅਨੁਪਾਤ ਦਾ ਗ੍ਰਾਫ ਪਹਿਲਾਂ ਨਾਲੋਂ ਕਾਫੀ ਸੁਧਰਿਆ ਹੈ। ਹਾਲਾਂਕਿ ਡੀਸੀ ਦੇ ਕਹਿਣ ‘ਤੇ ਕੀਤੇ ਗਏ ਸਰਵੇ ਵਿਚ ਹੋਣ ਵਾਲਾ ਖੁਲਾਸਾ ਚਿੰਤਾਜਨਕ ਹੈ। ਪਿੰਡਾਂ ਵਿਚ ਡੀਪੀਓ ਦਫਤਰਾਂ ਵਲੋਂ ਨੁੱਕੜ ਨਾਟਕਾਂ ਦਾ ਆਯੋਜਨ ਸ਼ੁਰੂ ਕੀਤਾ ਗਿਆ ਹੈ। ਜਨਵਰੀ ਵਿਚ ਸਿਹਤ ਵਿਭਾਗ ਵਲੋਂ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
-ਓਮ ਪ੍ਰਕਾਸ਼ ਅਰੋੜਾ, ਪੀਐਨਡੀਟੀ ਕੋਆਰਡੀਨੇਟਰ, ਸਿਹਤ ਵਿਭਾਗ , ਮੋਗਾ

RELATED ARTICLES
POPULAR POSTS