Breaking News
Home / ਹਫ਼ਤਾਵਾਰੀ ਫੇਰੀ / ਕਾਲੇ ਕਾਰਨਾਮੇ ਨਤੀਜਾ ਕਾਲ ਕੋਠੜੀ

ਕਾਲੇ ਕਾਰਨਾਮੇ ਨਤੀਜਾ ਕਾਲ ਕੋਠੜੀ

ਪੱਤਰਕਾਰ ਛਤਰਪਤੀ ਕਤਲ ਮਾਮਲੇ ‘ਚ ਡੇਰਾ ਸਿਰਸਾ ਮੁਖੀ ਨੂੰ ਉਮਰ ਕੈਦ
ਡੇਰਾ ਸਿਰਸਾ ਮੁਖੀ ਨੂੰ ਜੇਲ੍ਹ ਦੀ ਮਿਲੀ ਪੱਕੀ ਪੀ. ਆਰ.
ਪਹਿਲਾਂ ਮਿਲੀ 20 ਸਾਲਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ ਉਮਰ ਕੈਦ ਦੀ ਸਜ਼ਾ
ਪੰਚਕੂਲਾ : ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਉਮਰ ਕੈਦ ਦੀ ਸਜ਼ਾ ਬਲਾਤਕਾਰ ਮਾਮਲੇ ‘ਚ ਹੋਈ 20 ਸਾਲ ਦੀ ਸ਼ਜਾ ਪੂਰੀ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ। ਰਾਮ ਰਹੀਮ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਸੀਬੀਆਈ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਲੰਘੀ 11 ਜਨਵਰੀ ਨੂੰ ਰਾਮ ਰਹੀਮ ਅਤੇ ਤਿੰਨ ਹੋਰਨਾਂ ਨੂੰ ਅਦਾਲਤ ਨੇ ਮੁਜਰਮ ਕਰਾਰ ਦਿੱਤਾ ਸੀ। ਜਾਣਕਾਰੀ ਮੁਤਾਬਕ ਸੁਣਵਾਈ ਦੌਰਾਨ ਰਾਮ ਰਹੀਮ ਨੂੰ ਵੀ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਗਿਆ, ਪਰ ਰਾਮ ਰਹੀਮ ਵੱਲੋਂ ਆਪਣੇ ਵਕੀਲ ਨੂੰ ਹੀ ਗੱਲ ਕਰਨ ਲਈ ਕਿਹਾ ਗਿਆ। ਰਾਮ ਰਹੀਮ ਦੇ ਵਕੀਲ ਨੇ ਕਿਹਾ ਕਿ ਡੇਰਾ ਮੁਖੀ ਦੀ ਉਮਰ ਨੂੰ ਦੇਖਦਿਆਂ ਉਸ ‘ਤੇ ਰਹਿਮ ਕਰਨਾ ਚਾਹੀਦਾ ਹੈ, ਪਰ ਸੀਬੀਆਈ ਵੱਲੋਂ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਗਈ। ਅਦਾਲਤ ‘ਚ ਸੁਣਵਾਈ ਦੇ ਦੌਰਾਨ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ।
ਬਲਾਤਕਾਰ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਹੀ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਵੇਗੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਰਾਮ ਰਹੀਮ 10 ਸਾਲ ਦੀ ਸਜ਼ਾ ਭੁਗਤੇਗਾ, ਉਸ ਤੋਂ ਬਾਅਦ ਫਿਰ 10 ਸਾਲ ਦੀ ਸਜ਼ਾ ਭੁਗਤੇਗਾ ਤੇ ਬਾਅਦ ਵਿਚ ਹੱਤਿਆ ਦੇ ਮਾਮਲੇ ਵਿਚ ਸੁਣਵਾਈ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਵੇਗੀ। ਇਸ ਤੋਂ ਸਾਫ ਹੈ ਕਿ ਡੇਰਾ ਮੁਖੀ ਦਾ ਹੁਣ ਜੇਲ੍ਹ ਤੋਂ ਬਾਹਰ ਆਉਣ ਮੁਸ਼ਕਲ ਹੈ। ਮਾਨਯੋਗ ਜੱਜ ਜਗਦੀਪ ਸਿੰਘ ਵੱਲੋਂ ਸਜ਼ਾ ਸੁਣਾਉਣ ਸਮੇਂ ਅਦਾਲਤ ਵਿੱਚ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਤੇ ਪੁੱਤਰੀ ਵੀ ਮੌਜੂਦ ਸੀ। ਇਨ੍ਹਾਂ ਦੇ ਨਾਲ ਕੇਸ ਦਾ ਅਹਿਮ ਗਵਾਹ ਤੇ ਰਾਮ ਰਹੀਮ ਦਾ ਸਾਬਕਾ ਡਰਾਈਵਰ ਖੱਟਾ ਸਿੰਘ ਵੀ ਹਾਜ਼ਰ ਸੀ।
ਕੋਰਟ ਦੀ ਪੂਰੀ ਕਾਰਵਾਈ ਦੌਰਾਨ ਗੁੰਮਸੁੰਮ ਬੈਠਾ ਰਿਹਾ ਰਾਮ ਰਹੀਮ
ਅੰਸ਼ੁਲ ਛਤਰਪਤੀ ਦੇ ਨਾਲ ਕੋਰਟ ‘ਚ ਮੌਜੂਦ ਸਿਰਸਾ ਦੇ ਵਕੀਲ ਲੇਖਰਾਜ ਢੋਟ ਨੇ ਦੱਸਿਆ ਕਿ ਰਾਮ ਰਹੀਮ ਪੂਰੀ ਤਰ੍ਹਾਂ ਨਾਲ ਮਾਯੂਸ ਨਜ਼ਰ ਆ ਰਿਹਾ ਸੀ। ਸਜਾ ਸੁਣਾਉਣ ਦੌਰਾਨ ਜੱਜ ਨੇ ਰਾਮ ਰਹੀਮ ਨੂੰ ਸਵਾਲ ਕੀਤਾ ਤਾਂ ਰਾਮ ਰਹੀਮ ਨੇ ਕਿਹਾ ਕਿ ਮੇਰੇ ਵੱਲੋਂ ਮੇਰਾ ਵਕੀਲ ਬੋਲੇਗਾ। ਕੋਰਟ ਦੀ ਕਾਰਵਾਈ ਦੇ ਦੌਰਾਨ ਪੂਰਾ ਸਮਾਂ ਆਪਣੀ ਕੁਰਸੀ ‘ਤੇ ਗੁੰਮਸੁੰਮ ਬੈਠਾ ਰਿਹਾ। ਜੱਜ ਜਗਦੀਪ ਸਿੰਘ ਨੇ ਜਦੋਂ ਉਸ ਨੂੰ ਸਜ਼ਾ ਸੁਣਾਈ ਤਾਂ ਗੁਰਮੀਤ ਰਾਮ ਰਹੀਮ ਨੇ ਹਾਂ ਤੋਂ ਇਲਾਵਾ ਕੁੱਝ ਨਹੀਂ ਕਿਹਾ।
ਅੰਸ਼ੁਲ ਛਤਰਪਤੀ ਨੇ ਕਿਹਾ ਮੈਂ ਫੈਸਲੇ ਤੋਂ ਖੁਸ਼ ਹਾਂ
ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਅਦਾਲਤ ਦੇ ਫੈਸਲੇ ਨੂੰ ਸੱਚ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਮੈਂ ਅੱਜ ਬਹੁਤ ਰਾਹਤ ਮਹਿਸੂਸ ਕਰ ਰਿਹਾ ਹਾਂ। ਅੰਸ਼ੁਲ ਨੇ ਕਿਹਾ ਕਿ ਅਸੀਂ ਫਾਂਸੀ ਦੀ ਸਜ਼ਾ ਮੰਗੀ ਸੀ ਪ੍ਰੰਤੂ ਅਦਾਲਤ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਮੈਂ ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।
ਜਦੋਂ ਰਾਮ ਰਹੀਮ ਤੇ ਹਨੀਪ੍ਰੀਤ ਦਾ ਬੀਪੀ ਵਧਿਆ
ਸੁਣਵਾਈ ਦੌਰਾਨ ਰਾਮ ਰਹੀਮ ਨਿਢਾਲ ਜਿਹਾ ਹੋ ਗਿਆ ਤੇ ਦੂਜੇ ਪਾਸੇ ਆਪਣੀ ਬੈਰਕ ਵਿਚ ਬੈਠੀ ਹਨੀਪ੍ਰੀਤ ਵੀ ਤੜਫਦੀ ਰਹੀ। ਮੈਡੀਕਲ ਜਾਂਚ ਵਿਚ ਆਇਆ ਕਿ ਬਾਬਾ ਦੋਸ਼ੀ ਕਰਾਰ ਦਿੱਤੇ ਜਾਣ ‘ਤੇ ਦੋਵਾਂ ਦਾ ਬੀਪੀ ਵਧ ਗਿਆ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …