ਪੰਜਾਬ ‘ਚ ਬਣੀ ‘ਪੰਜਾਬੀ ਏਕਤਾ ਪਾਰਟੀ’
ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਬਣੇ ਸੁਖਪਾਲ ਖਹਿਰਾ ਨੇ ਧਰਮਵੀਰ ਗਾਂਧੀ ਦੇ ਫਾਰਮੂਲੇ ਨੂੰ ਅਪਣਾਉਂਦਿਆਂ ਅਫੀਮ ਵਰਗੇ ਆਰਗੈਨਿਕ ਨਸ਼ਿਆਂ ਦੀ ਖੇਤੀ ਦੀ ਵੀ ਕੀਤੀ ਵਕਾਲਤ
ਸਾਥੀ 6 ਵਿਧਾਇਕ ਵਧਾਈਆਂ ਦੇਣ ਆਏ ਪਰ ਅਜੇ ਨਵੀਂ ਪਾਰਟੀ ‘ਚ ਸ਼ਾਮਲ ਹੋਣ ਤੋਂ ਕਤਰਾਏ
ਚੰਡੀਗੜ੍ਹ : ਆਮ ਆਦਮੀ ਪਾਰਟੀ ਵਿਚੋਂ ਅਸਤੀਫਾ ਦੇ ਚੁੱਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੰਗਲਵਾਰ ਨੂੰ ਆਪਣੇ ਵੱਖਰੇ ਦਲ ‘ਪੰਜਾਬੀ ਏਕਤਾ ਪਾਰਟੀ’ ਦਾ ਐਲਾਨ ਕਰ ਦਿੱਤਾ। ਇਕ ਮਹੀਨੇ ਵਿਚ ਪੰਜਾਬ ਵਿਚ ਵਜੂਦ ‘ਚ ਆਉਣ ਵਾਲੀ ਇਹ ਦੂਜੀ ਪਾਰਟੀ ਹੈ। ਇਸ ਤੋਂ ਪਹਿਲਾਂ 16 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਤੋਂ ਨਰਾਜ਼ ਟਕਸਾਲੀਆਂ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਇਆ ਸੀ। ਹਾਲਾਂਕਿ, ਉਨ੍ਹਾਂ ਨੇ ਅਜੇ ਤੱਕ ਵਿਧਾਇਕ ਪਦ ਤੋਂ ਅਸਤੀਫਾ ਨਹੀਂ ਦਿੱਤਾ। ਖਹਿਰਾ ਦੀ ਵਿਧਾਇਕੀ ਤਦ ਤੱਕ ਬਰਕਰਾਰ ਰਹੇਗੀ, ਜਦ ਤੱਕ ਪਾਰਟੀ ਜਾਂ ਕੋਈ ਦੂਜਾ ਇਸ ਨੂੰ ਚੁਣੌਤੀ ਨਹੀਂ ਦਿੰਦਾ। ਜੇਕਰ ‘ਆਪ’ ਖਹਿਰਾ ਤੇ ਉਸਦਾ ਸਾਥ ਦੇ ਰਹੇ ਵਿਧਾਇਕਾਂ ਦੀ ਮੈਂਬਰੀ ਖਤਮ ਕਰਨ ਨੂੰ ਕਹਿੰਦੀ ਹੈ ਤਾਂ ਪਾਰਟੀ ਕੋਲੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਵੀ ਖੁੱਸ ਜਾਵੇਗਾ। ਖਹਿਰਾ ਨੇ ਆਰਗੈਨਿਕ ਨਸ਼ਿਆਂ ਦੀ ਖੇਤੀ ਦਾ ਵੀ ਸਮਰਥਨ ਕੀਤਾ।
ਹਰਸਿਮਰਤ ਬਾਦਲ ਦੇ ਖਿਲਾਫ਼ ਬਠਿੰਡਾ ਤੋਂ ਖਹਿਰਾ ਲੜ ਸਕਦੇ ਹਨ ਲੋਕ ਸਭਾ ਚੋਣ
ਪੰਡਾਲ ‘ਚ ਚਰਚਾ ਰਹੀ ਕਿ ਸੁਖਪਾਲ ਖਹਿਰਾ ਲੋਕ ਸਭਾ ਚੋਣਾਂ ਦੌਰਾਨ ਹਰਸਿਮਰਤ ਕੌਰ ਦੇ ਖਿਲਾਫ ਬਠਿੰਡਾ ਤੋਂ ਮੈਦਾਨ ‘ਚ ਡਟ ਸਕਦੇ ਹਨ। ਸੰਕੇਤ ਸੁਖਪਾਲ ਖਹਿਰਾ ਨੇ ਖੁਦ ਵੀ ਇਹ ਕਹਿ ਕੇ ਦਿੱਤਾ ਕਿ ਜੇਕਰ ਪਾਰਟੀ ਤਹਿ ਕਰੇਗੀ ਤਾਂ ਮੈਂ ਲੋਕ ਸਭਾ ਚੋਣ ਲੜਨ ਵੀ ਤਿਆਰ ਹਾਂ। ਸੰਭਾਵਨਾ ਹੈ ਕਿ ਖਹਿਰਾ ਖੁਦ ਲੋਕ ਸਭਾ ਚੋਣ ਲੜਣ ਦੀ ਤਿਆਰੀ ਕਰ ਚੁੱਕੇ ਹਨ। ਉਹ ਖੁਦ ਨਵੀਂ ਪਾਰਟੀ ਦੇ ਪ੍ਰਧਾਨ ਬਣ ਗਏ ਹਨ ਅਤੇ ਫਿਲਹਾਲ ਹੋਰ ਕਿਸੇ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ। ਬਾਗੀ ਧੜੇ ਵੱਲੋਂ ਸੰਕੇਤ ਦਿੱਤੇ ਜਾ ਰਹੇ ਸਨ ਕਿ ਨਵੀਂ ਪਾਰਟੀ ਬਣਾਉਣ ਮੌਕੇ ਇਕ-ਦੋ ਹੋਰ ਵਿਧਾਇਕ ਖਹਿਰਾ ਵਾਂਗ ਪਾਰਟੀ ਤੋਂ ਅਸਤੀਫਾ ਦੇ ਸਕਦੇ ਹਨ, ਪਰ ਸਾਰੇ 6 ਵਿਧਾਇਕ ਖਹਿਰਾ ਦੀ ਪ੍ਰੈਸ ਕਾਨਫਰੰਸ ਵਿਚ ਮੂਕ ਦਰਸ਼ਕਾਂ ਵਾਂਗ ਆ ਕੇ ਚਲੇ ਗਏ।
ਬੀਬੀ ਜਗੀਰ ਕੌਰ ਨੇ ਕਿਹਾ ਪਹਿਲਾਂ ਮੇਰੇ ਖਿਲਾਫ਼ ਵਿਧਾਨ ਸਭਾ ਚੋਣ ਲੜੇ ਖਹਿਰਾ
ਜਲੰਧਰ : ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਨੂੰ ਸਭ ਤੋਂ ਪਹਿਲਾਂ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਚੈਲੰਜ ਦਿੱਤਾ ਹੈ। ਜਗੀਰ ਕੌਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਤਾਂ ਬਾਅਦ ਵਿਚ ਪਹਿਲਾਂ ਖਹਿਰਾ ਵਿਧਾਨ ਸਭਾ ‘ਚੋਂ ਅਸਤੀਫਾ ਦੇ ਕੇ ਮੇਰੇ ਖਿਲਾਫ ਚੋਣ ਲੜ ਕੇ ਦਿਖਾਉਣ। ਜਗੀਰ ਕੌਰ ਨੇ ਕਿਹਾ ਕਿ ਸੁਖਪਾਲ ਖਹਿਰਾ ਕਾਂਗਰਸ ਪਾਰਟੀ ਦਾ ਏਜੰਟ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭੁਲੱਥ ਤੋਂ ਖਹਿਰਾ ਨੂੰ ਕਾਂਗਰਸ ਪਾਰਟੀ ਨੇ ਹੀ ਜਿਤਾਇਆ ਸੀ। ਜਗੀਰ ਕੌਰ ਨੇ ਕਿਹਾ ਕਿ ਖਹਿਰਾ ਨੂੰ ਜ਼ਮੀਨੀ ਹਕੀਕਤ ਪੰਚਾਇਤੀ ਚੋਣਾਂ ਵਿੱਚ ਪਤਾ ਲੱਗ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਵਿਚ ਖਹਿਰਾ ਦੀ ਭਰਜਾਈ ਚੋਣ ਹਾਰ ਗਈ ਸੀ ਅਤੇ ਖਹਿਰਾ ਹੀ ਇਸ ਸਮੇਂ ਪੋਲਿੰਗ ਏਜੰਟ ਸਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …