Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਦੇ ਚੋਣ ਦੰਗਲ ‘ਚ 1146 ਉਮੀਦਵਾਰ ਡਟੇ

ਪੰਜਾਬ ਦੇ ਚੋਣ ਦੰਗਲ ‘ਚ 1146 ਉਮੀਦਵਾਰ ਡਟੇ

logo-2-1-300x105-3-300x105ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਲਈ 1146 ਉਮੀਦਵਾਰ ਆਪਣੇ ਸਿਆਸੀ ਭਵਿੱਖ ਨੂੰ ਅਜ਼ਮਾਉਣਗੇ। ਨਾਮਜ਼ਦਗੀਆਂ ਵਾਪਸ ਲੈਣ ਦੇ ਅੰਤਮ ਦਿਨ 114 ਉਮੀਦਵਾਰਾਂ ਨੇ ਨਾਮ ਵਾਪਸ ਲਏ। ਕਾਗਜ਼-ਪੱਤਰ ਵਾਪਸ ਲੈਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਹੁਣ ਸਮੁੱਚੀ ਸਿਆਸੀ ਜੰਗ ‘ਚੋਣ ਮੈਦਾਨ’ ਵਿੱਚ ਤਬਦੀਲ ਹੋ ਗਈ ਹੈ। ਸਾਲ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੁੱਲ 1078 ਉਮੀਦਵਾਰ ਮੈਦਾਨ ਵਿੱਚ ਸਨ। ਸਨੌਰ ਵਿਧਾਨ ਸਭਾ ਹਲਕੇ ਵਿਚ 18 ਅਤੇ ਭੋਆ ‘ਚ 16 ਉਮੀਦਵਾਰ ਹਨ। ਇਸ ਕਰ ਕੇ ਇਨ੍ਹਾਂ ਹਲਕਿਆਂ ਵਿਚ ਦੋ-ਦੋ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਲਾਈਆਂ ਜਾਣਗੀਆਂ। ਇਸ ਵਾਰ ਈਵੀਐਮਜ਼ ਵਿਚ ਨੋਟਾ ਦਾ ਵੀ ਬਟਨ ਹੋਏਗਾ ਤਾਂ ਜੋ ਵੋਟਰ ਕੋਈ ਉਮੀਦਵਾਰ ਪਸੰਦ ਨਾ ਆਉਣ ‘ਤੇ ਇਹ ਬਟਨ ਦੱਬ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਸਕਦਾ ਹੈ। ਚੋਣ ਅਖਾੜਾ ਭਖਦਿਆਂ ਹੀ ਪੰਜਾਬੀਆਂ ਦੀਆਂ ਨਜ਼ਰਾਂ ਲੰਬੀ, ਜਲਾਲਾਬਾਦ, ਪਟਿਆਲਾ (ਸ਼ਹਿਰੀ), ਮਜੀਠਾ, ਅੰਮ੍ਰਿਤਸਰ (ਪੂਰਬੀ), ਲਹਿਰਾਗਾਗਾ ਆਦਿ ਵਿਧਾਨ ਸਭਾ ਹਲਕਿਆਂ ‘ਤੇ ਟਿਕ ਗਈਆਂ ਹਨ। ਇਨ੍ਹਾਂ ਹਲਕਿਆਂ ਵਿਚ ਵੱਡੀਆਂ ਸਿਆਸੀ ਹਸਤੀਆਂ ਦਾ ਭਵਿੱਖ ਦਾਅ ‘ਤੇ ਲੱਗਿਆ ਹੋਇਆ ਹੈ। ਇਸ ਵਾਰ ਦੀਆਂ ਚੋਣਾਂ ਦਾ ਸਭ ਤੋਂ ਵੱਡਾ ਤੇ ਦਿਲਚਸਪ ਪੱਖ ਇਹ ਹੈ ਕਿ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਲੰਬੀ ਵਿਚ ਮੁਕਾਬਲਾ ਹੋਣ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਵੱਲੋਂ ਇਸ ਹਲਕੇ ਤੋਂ ਦਿੱਲੀ ਦੇ ਸਿੱਖ ਆਗੂ ਜਰਨੈਲ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ‘ਆਪ’ ਦੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਵੱਲੋਂ ਜਲਾਲਾਬਾਦ ਹਲਕੇ ਤੋਂ ਸਿੱਧੀ ਚੁਣੌਤੀ ਦਿੱਤੀ ਜਾ ਰਹੀ ਹੈ। ਕਾਂਗਰਸ ਨੇ ਇਸ ਹਲਕੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਬਣਾਇਆ ਹੈ। ਪਟਿਆਲਾ (ਸ਼ਹਿਰੀ) ਤੋਂ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ, ਕੈਪਟਨ ਅਮਰਿੰਦਰ ਸਿੰਘ ਨੂੰ ਟੱਕਰ ਦੇਣ ਲਈ ਅਕਾਲੀ ਦਲ ਵੱਲੋਂ ਮੈਦਾਨ ਵਿਚ ਹਨ। ਪੰਜਾਬ ਵਿਚ 10 ਸਾਲਾਂ ਦੇ ਲੰਮੇ ਰਾਜ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਪਤੀ ਵਿਰੋਧੀ ਲਹਿਰ ਦਾ ਜ਼ਬਰਦਸਤ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਦੋ ਦਰਜਨ ਦੇ ਕਰੀਬੀ ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹੋਏ ਹਨ ਪਰ ਮੁੱਖ ਤੌਰ ‘ਤੇ ਹਾਲ ਦੀ ਘੜੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦਰਮਿਆਨ ਹੀ ਵੱਕਾਰੀ ਟੱਕਰ ਹੋਣ ਦੇ ਆਸਾਰ ਬਣੇ ਹੋਏ ਹਨ। ਕੁਝ ਹਲਕਿਆਂ ਤੋਂ ਚਹੁੰ ਕੋਣੇ ਜਾਂ ਬਹੁ ਕੋਣੇ ਮੁਕਾਬਲੇ ਵੀ ਹੋ ਸਕਦੇ ਹਨ। ਉਂਜ ਚੋਣ ਮੈਦਾਨ ਵਿੱਚ ਉਕਤ ਤਿੰਨਾਂ ਪਾਰਟੀਆਂ ਸਮੇਤ ઠਬਹੁਜਨ ਸਮਾਜ ਪਾਰਟੀ, ਖੱਬੀਆਂ ਪਾਰਟੀਆਂ, ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਾਲੀ ਆਪਣਾ ਪੰਜਾਬ ਪਾਰਟੀ, ਤ੍ਰਿਣਮੂਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ‘ਆਪ’ ਦੇ ਬਾਗੀ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ਫਰੰਟ ਅਤੇ ਹੋਰਨਾਂ ਕਈ ਦਲਾਂ ਨੇ ਵੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਉਪਰੋਕਤ ਆਗੂਆਂ ਸਮੇਤ ਰਾਜਿੰਦਰ ਕੌਰ ਭੱਠਲ, ਮਨਪ੍ਰੀਤ ਬਾਦਲ, ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ, ਪਰਮਿੰਦਰ ਢੀਂਡਸਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਮਜੀਠੀਆ ਆਦਿ ਵੀ ਚੁਣੌਤੀ ਦੇ ਰਹੇ ਹਨ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਮੁਤਾਬਕ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਜ਼ਿਲ੍ਹਾ ਵਾਰ ਉਮੀਦਵਾਰਾਂ ਦੀ ਗਿਣਤੀ ਪਠਾਨਕੋਟ ਵਿੱਚ 35, ਗੁਰਦਾਸਪੁਰ ਵਿੱਚ 66, ਅੰਮ੍ਰਿਤਸਰ ਵਿੱਚ 120, ਤਰਨਤਾਰਨ ਵਿੱਚ 30, ਕਪੂਰਥਲਾ ਵਿਚ 35, ਜਲੰਧਰ ਵਿੱਚ 84, ਹੁਸ਼ਿਆਰਪੁਰ ਵਿੱਚ 70, ਸ਼ਹੀਦ ਭਗਤ ਸਿੰਘ ਨਗਰ ‘ਚ 26, ਰੂਪਨਗਰ ‘ਚ 24, ਮੁਹਾਲੀ ਵਿਚ 34, ਫਤਹਿਗੜ੍ਹ ਸਾਹਿਬ ‘ਚ 25, ਲੁਧਿਆਣਾ ‘ਚ 137, ਮੋਗਾ ਵਿਚ 41, ਫਿਰੋਜ਼ਪੁਰ ‘ਚ 48, ਫਾਜ਼ਿਲਕਾ ਵਿਚ 44, ਮੁਕਤਸਰ ‘ਚ 30, ਫਰੀਦਕੋਟ ਵਿਚ 28, ਬਠਿੰਡਾ ‘ਚ 60, ਮਾਨਸਾ ਵਿਚ 27, ਸੰਗਰੂਰ ‘ਚ 66, ਬਰਨਾਲਾ ਵਿਚ 30, ਪਟਿਆਲਾ ‘ਚ 86 ਰਹਿ ਗਈ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …