Breaking News
Home / ਹਫ਼ਤਾਵਾਰੀ ਫੇਰੀ / ਪ੍ਰਾਪਤੀ : ਪ੍ਰਕਿਰਤੀ ਨੇ ਪਹਿਲੀ ਵਾਰ 15 ਅਗਸਤ 2014 ਨੂੰ ਕਲਾਸ ‘ਚ ਦਿੱਤਾ ਸੀ ਪੰਜਾਬੀ ਭਾਸ਼ਾ ‘ਚ ਪਹਿਲਾ ਭਾਸ਼ਣ

ਪ੍ਰਾਪਤੀ : ਪ੍ਰਕਿਰਤੀ ਨੇ ਪਹਿਲੀ ਵਾਰ 15 ਅਗਸਤ 2014 ਨੂੰ ਕਲਾਸ ‘ਚ ਦਿੱਤਾ ਸੀ ਪੰਜਾਬੀ ਭਾਸ਼ਾ ‘ਚ ਪਹਿਲਾ ਭਾਸ਼ਣ

ਕਵਿਤਾ, ਕਵੀਸ਼ਰੀ ਤੇ ਢਾਡੀ ਵਾਰਾਂ ‘ਚ ਨਾਂ ਚਮਕਾ ਰਹੀ ਬਿਹਾਰੀ ਕੁੜੀ
ਲੁਧਿਆਣਾ/ਬਿਊਰੋ ਨਿਊਜ਼ : ਬਿਹਾਰੀ ਕੁੜੀ ਪ੍ਰਕਿਰਤੀ ਝਾਅ ਨੇ ਪੰਜਾਬੀ ਕਵਿਤਾ, ਭਾਸ਼ਣ, ਕਵੀਸ਼ਰੀ ਤੇ ਢਾਡੀ ਵਾਰਾਂ ‘ਚ ਅਜਿਹਾ ਨਾਂ ਚਮਕਾਇਆ ਹੈ ਕਿ ਪੰਜਾਬੀ ਵੀ ਉਸਦੀ ਤਾਰੀਫ ਕੀਤੇ ਬਿਨਾ ਨਹੀਂ ਰਹਿ ਸਕਦੇ। ਪ੍ਰਕਿਰਤੀ ਦਾ ਜਨਮ 9 ਫਰਵਰੀ 2004 ਨੂੰ ਪਿਤਾ ਰਵਿੰਦਰ ਝਾਅ ਤੇ ਮਾਤਾ ਵਿਨੀਤਾ ਦੇਵੀ ਦੇ ਘਰ ਪਿੰਡ ਬਰਦਾਹੀ ਜ਼ਿਲ੍ਹਾ ਮਥੂਬਨੀ (ਬਿਹਾਰ) ਵਿਖੇ ਹੋਇਆ।
ਪੰਜਾਬੀ ਤੇ ਮੈਥਲੀ ਭਾਸ਼ਾ ‘ਚ ਬਹੁਤਾ ਫਰਕ ਨਹੀਂ ਪ੍ਰਕਿਰਤੀ : ਪ੍ਰਕਿਰਤੀ ਨੇ ਦੱਸਿਆ ਕਿ ਬੇਸ਼ੱਕ ਉਸਦੀ ਮਾਤ ਭਾਸ਼ਾ ਪੰਜਾਬੀ ਨਹੀਂ ਪਰ ਪੰਜਾਬੀ ਤੇ ਬਿਹਾਰ ਦੀ ਮੈਥਲੀ ਭਾਸ਼ਾ ਵਿਚ ਬਹੁਤਾ ਫਰਕ ਨਹੀਂ। ਕੁਝ ਸ਼ਬਦ ਤਾਂ ਪੂਰੀ ਤਰ੍ਹਾਂ ਆਪਸ ਵਿਚ ਮਿਲਦੇ ਹਨ। ਜਿਵੇਂ ‘ਮਨੁੱਖ’ ਸ਼ਬਦ ਦੋਵਾਂ ਭਾਸ਼ਾਵਾਂ ਵਿਚ ਹੀ ਬੋਲਿਆ ਜਾਂਦਾ ਹੈ, ਜਦਕਿ ‘ਕੀ’ ਸ਼ਬਦ ਵੀ ਮੰਥਲੀ ਤੇ ਭਾਸ਼ਾ ਵਿਚ ਇਕੋ ਤਰ੍ਹਾਂ ਬੋਲਿਆ ਜਾਂਦਾ ਹੈ। ਪ੍ਰਕਿਰਤੀ ਨੇ ਦੱਸਿਆ ਕਿ ਉਨ੍ਹਾਂ ਦਾ ਪੰਜਾਬ ਵਿਚ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਇਸ ਲਈ ਕੁਝ ਪੜ੍ਹਾਈ ਪੰਜਾਬ ਅਤੇ ਕੁਝ ਬਿਹਾਰ ਵਿਚ ਹੋਈ, ਜਦਕਿ ਸੰਨ 2013 ਵਿਚ ਉਨ੍ਹਾਂ ਪੱਕੇ ਤੌਰ ‘ਤੇ ਆਪਣਾ ਰੈਣ ਬਸੇਰਾ ਲੁਧਿਆਣਾ ਵਿਚ ਕਰ ਲਿਆ ਅਤੇ ਰਾਮਗੜ੍ਹੀਆ ਐਲੀਮੈਂਟਰੀ ਸਕੂਲ ਮਿਲਰਗੰਜ ਵਿਚ ਦਾਖਲਾ ਲੈ ਲਿਆ ਤੇ ਚੌਥੀ ਕਲਾਸ ਵਿਚ ਪਹਿਲੀ ਵਾਰ ‘ਊੜਾ ਐੜਾ’ ਸਿੱਖਿਆ। ਇਥੋਂ ਪੰਜਵੀਂ ਪਾਸ ਕਰਨ ਪਿੱਛੋਂ ਉਸ ਨੇ ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਖਲਾ ਲੈ ਲਿਆ ਅਤੇ 6ਵੀਂ ਤੋਂ 12ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ। ਫਿਰ ਰਾਮਗੜ੍ਹੀਆ ਗਰਲਜ਼ ਕਾਲਜ ਵਿਚ ਦਾਖਲਾ ਲੈ ਕੇ ਬੀਕਾਮ ਕਾਮਰਸ ਪਾਰਟ ਵਨ ਪਾਸ ਕੀਤਾ, ਜਦਕਿ ਇਸ ਵੇਲੇ ਉਹ ਬੀਕਾਮ ਕਾਮਰਸ ਪਾਰਟ ਟੂ ਦੀ ਪੜ੍ਹਾਈ ਕਰ ਰਹੀ ਹੈ। ਪ੍ਰਕਿਰਤੀ ਨੇ ਦੱਸਿਆ ਕਿ ਇਕ ਦਿਨ ਕਲਾਸ
ਵਿਚ ਉਹ ਪਾਠ (ਚੈਪਟਰ) ਸੁਣਾ ਰਹੀ ਸੀ ਤਾਂ ਅਧਿਆਪਕਾ ਨੇ ਉਸਦਾ ਪਾਠ ਸੁਣਾਉਣ ਦਾ ਲਹਿਜ਼ਾ ਵੇਖਦੇ ਹੋਏ ਇਕਦਮ ਕਿਹਾ ਕਿ ਤੂੰ ਭਾਸ਼ਣ ਬਹੁਤ ਵਧੀਆ ਦੇ ਸਕਦੀ ਹੈ, ਜਿਸ ਦਾ ਕਾਰਨ ਤੇਰੀ ਬੁਲੰਦੀ ਆਵਾਜ਼ ਹੈ। ਬੱਸ ਇਥੋਂ ਹੀ ਅਧਿਆਪਕਾ ਦੀ ਹੱਲਾਸ਼ੇਰੀ ਸਦਕਾ ਉਸ ਵਿਚ ਅਜਿਹਾ ਹੌਸਲਾ ਤੇ ਹਿੰਮਤ ਪੈਦਾ ਹੋਈ ਕਿ ਉਹ ਕਲਾਸ ਵਿਚ ਪਹਿਲੀ ਵਾਰ 15 ਅਗਸਤ 2014 ਨੂੰ ਪੰਜਾਬੀ ਭਾਸ਼ਾ ਵਿਚ ‘ਆਜ਼ਾਦ ਭਾਰਤ’ ਵਿਸ਼ੇ ‘ਤੇ ਪਹਿਲਾ ਭਾਸ਼ਣ ਦਿੱਤਾ, ਜਿਸ ਨੂੰ ਇੰਨਾ ਭਰਵਾਂ ਹੁੰਗਾਰਾ ਮਿਲਿਆ ਕਿ ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ।
ਭਾਸ਼ਾ ਵਿਭਾਗ ਪੰਜਾਬ ਨੇ ਕੀਤਾ ਵਿਸ਼ੇਸ਼ ਸਨਮਾਨ : ਜਿੱਥੇ ਭਾਸ਼ਾ ਵਿਭਾਗ ਪੰਜਾਬ ਵਲੋਂ ਕਵਿਤਾ ਮੁਕਾਬਲੇ ਵਿਚ ਜੇਤੂ ਰਹਿਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ, ਉਥੇ ਪ੍ਰਕਿਰਤੀ ਨੇ ਜ਼ਿਲ੍ਹਾ, ਜ਼ੋਨਲ ਅਤੇ ਰਾਜ ਪੱਧਰ ‘ਤੇ ਵੀ ਕਈ ਐਵਾਰਡ ਹਾਸਲ ਕੀਤੇ। ਸੰਨ 2016 ਵਿਚ ਉਸਦੀ ਅਧਿਆਪਕਾ ਪਰਮਿੰਦਰ ਕੌਰ ਸੁੱਖ ਵੱਲੋਂ ਕਰਵਾਈ ਇਕ ਸਾਲ ਦੀ ਤਿਆਰੀ ਪਿੱਛੋਂ ਉਸ ਨੇ ਲਵਲੀ ਯੂਨੀਵਰਸਿਟੀ ਵਿਚ ਕਰਵਾਏ ਕਵੀਸ਼ਰੀ ਤੇ ਢਾਡੀ ਵਾਰਾਂ ਦੇ ਮੁਕਾਬਲੇ ਵਿਚ ਭਾਗ ਲੈ ਕੇ ਪੇਸ਼ ਕੀਤੀ ਗਈ ਕਵੀਸ਼ਰੀ ‘ਤੂੰ ਐਸ਼ ਨਾਲ ਚਾਹੁੰਦਾ ਜੇ ਜਿਊਣਾ ਮਿੱਤਰਾ, ਦੁਨੀਆ ਨੂੰ ਚੂਨਾ ਲਾਉਣਾ ਸਿੱਖ ਮਿੱਤਰਾ’ ਨੂੰ ਦੂਸਰਾ ਸਥਾਨ ਹਾਸਲ ਹੋਇਆ।
ਕਾਲਜ ਮੈਨੇਜਮੈਂਟ ਨੇ ਕੀਤਾ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਮੁਫਤ ਕਰਨ ਦਾ ਐਲਾਨ : ਪ੍ਰਕਿਰਤੀ ਪੜ੍ਹਾਈ ਵਿਚ ਵੀ ਪਿੱਛੇ ਨਹੀਂ। ਇਸੇ ਕਾਬਲੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਜਿੱਥੇ ਰਾਮਗੜ੍ਹੀਆ ਸਕੂਲ ਦੀ ਮੈਨੇਜਮੈਂਟ ਨੇ 8ਵੀਂ ਤੋਂ 12ਵੀਂ ਕਲਾਸ ਤੱਕ ਦੀ ਪੜ੍ਹਾਈ ਮੁਫਤ ਕਰਨ ਦਾ ਐਲਾਨ ਕੀਤਾ। ਕਿ ਜੇ ਉਹ ਇਸੇ ਤਰ੍ਹਾਂ ਮਿਹਨਤ ਨਾਲ ਪੜ੍ਹਾਈ ਕਰਦੀ ਰਹੀ ਤਾਂ ਉਸ ਨੂੰ ਗ੍ਰੈਜੂਏਸ਼ਨ ਤੱਕ ਮੁਫਤ ਪੜ੍ਹਾਈ ਦੀ ਸੁਵਿਧਾ ਮਿਲੇਗੀ। 12ਵੀਂ ਕਲਾਸ ਵਿਚ ਪ੍ਰਕਿਰਤੀ ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਵਾਅਦਾ ਨਿਭਾਇਆ ਅਤੇ ਕਾਲਜ ਮੈਨੇਜਮੈਂਟ ਨੇ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਮੁਫਤ ਕਰਨ ਦਾ ਐਲਾਨ ਕਰਕੇ ਵਾਅਦਾ ਨਿਭਾਇਆ।

ਲੌਕ ਡਾਊਨ ਦੌਰਾਨ ਪਿਆ ਕਵਿਤਾ ਲਿਖਣ ਦਾ ਸ਼ੌਕ
ਪ੍ਰਕਿਰਤੀ ਨੇ ਦੱਸਿਆ ਕਿ ਉਸ ਨੂੰ ਲੌਕਡਾਊਨ ਦੌਰਾਨ ਕਵਿਤਾ ਲਿਖਣ ਦਾ ਸ਼ੌਕ ਪੈਦਾ ਹੋਇਆ। ਇਸੇ ਦੌਰਾਨ ਉਸ ਨੇ ਬਹੁਤ ਕਵਿਤਾਵਾਂ ਲਿਖੀਆਂ ਜਿਨ੍ਹਾਂ ਵਿਚ ਉਸ ਵਲੋਂ ਲਿਖੀ ਪਹਿਲੀ ਕਵਿਤਾ ‘ਮੋਬਾਈਲ ਫੋਨ’, ‘ਮੇਰੀ ਮਾਂ’, ‘ਮੇਰੇ ਪਾਪਾ’, ‘ਕੋਰੋਨਾ ਦੇ ਰਿਸ਼ਤੇ’, ‘ਜ਼ਿੰਦਗੀ ਅਸਾਨ ਨਹੀਂ’, ‘ਅਜੋਕੀ ਸਰਕਾਰ’ ਅਤੇ ‘ਯਾਦਾਂ ਬਚਪਨ ਦੀਆਂ’ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ। ਕੋਰੋਨਾ ਕਾਲ ਵਿਚ ਹੀ ਉਸ ਨੂੰ ਹਾਰਮੋਨੀਅਮ ਦਾ ਸ਼ੌਕ ਵੀ ਪੈਦਾ ਹੋਇਆ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …