ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਜੀ20 ਸੰਮੇਲਨ ਦੇ ਲਈ ਦੋ ਦਿਨ ਪਹਿਲਾਂ ਹੀ 7 ਸਤੰਬਰ ਨੂੰ ਭਾਰਤ ਪਹੁੰਚ ਜਾਣਗੇ। ਜੋਅ ਬਾਈਡਨ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕੋਈ ਅਮਰੀਕੀ ਰਾਸ਼ਟਰਪਤੀ ਚਾਰ ਦਿਨ ਭਾਰਤ ਵਿਚ ਰਹੇਗਾ। ਧਿਆਨ ਰਹੇ ਕਿ ਜੀ20 ਸੰਮੇਲਨ 9 ਅਤੇ 10 ਸਤੰਬਰ ਨੂੰ ਦਿੱਲੀ ਵਿਚ ਹੋਣਾ ਹੈ। ਖਾਸ ਗੱਲ ਇਹ ਹੈ ਕਿ ਬਾਈਡਨ ਇੰਡੋਨੇਸ਼ੀਆ ਵਿਚ ਹੋਣ ਵਾਲੀ ਆਸਿਅਨ ਸਮਿਟ ਵਿਚ ਸ਼ਿਰਕਤ ਨਹੀਂ ਕਰਨਗੇ, ਕਿਉਂਕਿ ਉਨ੍ਹਾਂ ਨੇ ਭਾਰਤ ਦੌਰੇ ਨੂੰ ਜ਼ਿਆਦਾ ਤਵੱਜੋਂ ਦਿੱਤੀ ਹੈ। ਵਾਈਟ ਹਾਊਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਆਸਿਆਨ ਸਮਿਟ ਵਿਚ ਬਾਈਡਨ ਦੀ ਜਗ੍ਹਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਸ਼ਿਰਕਤ ਕਰਨਗੇ। ਦੱਸਣਯੋਗ ਹੈ ਕਿ ਜੀ20 ਸੰਮੇਲਨ ਦੇ ਚੱਲਦਿਆਂ ਦਿੱਲੀ ਸਰਕਾਰ ਨੇ 8 ਤੋਂ 10 ਸਤੰਬਰ ਤੱਕ ਪਬਲਿਕ ਹੌਲੀ ਡੇਅ ਦਾ ਐਲਾਨ ਕੀਤਾ ਹੈ ਅਤੇ ਸਾਰੇ ਸਕੂਲਾਂ ਵਿਚ ਤਿੰਨ ਦਿਨ ਛੁੱਟੀ ਰਹੇਗੀ। ਦਰਅਸਲ ਦਿੱਲੀ ਪੁਲਿਸ ਨੇ ਜੀ20 ਸੰਮੇਲਨ ਨੂੰ ਲੈ ਕੇ ਸਰਕਾਰ ਨੂੰ ਪਬਲਿਕ ਹੌਲੀ ਡੇਅ ਐਲਾਨ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਤੋਂ ਬਾਅਦ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਮੀਡੀਆ ਰਿਪੋਰਟ ਮੁਤਾਬਕ ਪ੍ਰਾਈਵੇਟ ਦਫਤਰਾਂ ਨੂੰ ਵਰਕ ਫਰੌਮ ਹੋਮ ਕਰਾਉਣ ਦਾ ਨਿਰਦੇਸ਼ ਵੀ ਦਿੱਤਾ ਜਾ ਸਕਦਾ ਹੈ, ਪਰ ਇਸ ਦੌਰਾਨ ਮੈਟਰੋ ਸਰਵਿਸ ਜਾਰੀ ਰਹੇਗੀ।