Breaking News
Home / ਹਫ਼ਤਾਵਾਰੀ ਫੇਰੀ / ਪੁਲਿਸ ਪੰਜਾਬ ਦੀ-ਸੇਵਾ ਕਰ ਰਹੀ ਦਿੱਲੀ ਸਰਕਾਰ ਦੀ?

ਪੁਲਿਸ ਪੰਜਾਬ ਦੀ-ਸੇਵਾ ਕਰ ਰਹੀ ਦਿੱਲੀ ਸਰਕਾਰ ਦੀ?

ਕੁਮਾਰ ਵਿਸ਼ਵਾਸ ਤੇ ਅਲਕਾ ਨੂੰ ਰੋਪੜ ਪੁਲਿਸ ਨੇ ਕੀਤਾ ਤਲਬ
26 ਅਪ੍ਰੈਲ ਨੂੰ ਪੇਸ਼ੀ – ਕੁਮਾਰ ਦਾ ਸਮਰਥਨ ਕਰਨ ਵਾਲੀ ਲਾਂਬਾ ‘ਤੇ ਵੀ ਕੇਸ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਚੋਣਾਂ ਦੌਰਾਨ ਭੜਕਾਊ ਭਾਸ਼ਣ ਦੇਣ ਦੇ ਆਰੋਪ ਵਿਚ ਰੋਪੜ ਪੁਲਿਸ ਨੇ ਬੁੱਧਵਾਰ ਨੂੰ ਕਵੀ ਕੁਮਾਰ ਵਿਸ਼ਵਾਸ ਅਤੇ ਕਾਂਗਰਸ ਦੀ ਮਹਿਲਾ ਆਗੂ ਅਲਕਾ ਲਾਂਬਾ ਨੂੰ ਉਸਦੇ ਘਰ ਜਾ ਕੇ 26 ਅਪ੍ਰੈਲ ਨੂੰ ਥਾਣੇ ਵਿਚ ਪੇਸ਼ ਹੋਣ ਦਾ ਨੋਟਿਸ ਦਿੱਤਾ। ਪੁਲਿਸ ਨੇ ਕੁਮਾਰ ਵਿਸ਼ਵਾਸ ਨੂੰ ਉਸਦੇ ਨਿਵਾਸ ਸਥਾਨ ਗਾਜ਼ੀਆਬਾਦ ਵਿਚ ਨੋਟਿਸ ਦਿੱਤਾ। ਜ਼ਿਕਰਯੋਗ ਹੈ ਕਿ ਅਲਕਾ ਲਾਂਬਾ ਦੇ ਦਿੱਲੀ ਸਥਿਤ ਘਰ ‘ਚ ਨਾ ਮਿਲਣ ਕਰਕੇ ਪੁਲਿਸ ਨੇ ਨੋਟਿਸ ਉਸਦੇ ਘਰ ਦੀ ਦੀਵਾਰ ‘ਤੇ ਚਿਪਕਾ ਦਿੱਤਾ। ਲਾਂਬਾ ਨੇ ਇਸਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਨੂੰ ਦਿੱਤੇ ਗਏ ਨੋਟਿਸ ‘ਤੇ ਕਾਂਗਰਸ ਸਣੇ ਸਾਰੀਆਂ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਦੀ ਜੰਮ ਕੇ ਆਲੋਚਨਾ ਕੀਤੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਤਾਨਾਸ਼ਾਹੀ ਰਵੱਈਆ ਸਾਹਮਣੇ ਆ ਗਿਆ ਹੈ।
ਇਸੇ ਦੌਰਾਨ ਕੁਮਾਰ ਵਿਸ਼ਵਾਸ ਅਤੇ ਕਾਂਗਰਸੀ ਆਗੂ ਅਲਕਾ ਲਾਂਬਾ ‘ਤੇ ਦਰਜ ਹੋਏ ਮਾਮਲੇ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਗਰਮਾ ਗਈ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਕੇ ਇਸ ਨੂੰ ਅਰਵਿੰਦ ਕੇਜਰੀਵਾਲ ਦਾ ਰਾਜਨੀਤਿਕ ਅੱਤਵਾਦ ਕਰਾਰ ਦਿੱਤਾ। ਕਾਂਗਰਸੀ ਆਗੂ ਅਲਕਾ ਨੇ ਕਿਹਾ ਕਿ ਮੈਂ ਨੋਟਿਸ ਅਨੁਸਾਰ 26 ਅਪ੍ਰੈਲ ਨੂੰ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਪੰਜਾਬ ਜਾਵਾਂਗੀ ਅਤੇ ਮੈਂ ਜੋ ਕਿਹਾ ਸੀ ਉਸ ‘ਤੇ ਸਦਾ ਕਾਇਮ ਰਹਾਂਗੀ। ਮੈਂ ਆਮ ਆਦਮੀ ਪਾਰਟੀ ਵਾਂਗ ਨਸ਼ਾ ਮਾਫ਼ੀਆ ਕੋਲੋਂ ਲਿਖਤੀ ਮੁਆਫ਼ੀ ਮੰਗ ਕੇ ਘਰ ਬੈਠਣ ਵਾਲਿਆਂ ‘ਚੋਂ ਨਹੀਂ। ਉਧਰ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਨੂੰ ਵੀ ਇਸੇ ਦਿਨ ਰੋਪੜ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਸਮੇਂ ਦੀ ਆਹਟ ਸੁਣੋ ਅਤੇ ਨਿਸ਼ਚਿੰਤ ਰਹੋ। ਧਿਆਨ ਕੁਮਾਰ ਵਿਸ਼ਵਾਸ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਵੱਖਵਾਦੀ ਅਨਸਰਾਂ ਨਾਲ ਸਬੰਧ ਹੋਣ ਦੇ ਆਰੋਪ ਲਗਾਏ ਸਨ, ਜਿਸ ਦੀ ਹਮਾਇਤ ਅਲਕਾ ਲਾਂਬਾ ਵੱਲੋਂ ਕੀਤੀ ਗਈ ਸੀ, ਜਿਸ ਨੂੰ ਲੈ ਕੇ ਕੁਮਾਰ ਵਿਸ਼ਵਾਸ ਖਿਲਾਫ ਲੰਘੀ 12 ਅਪ੍ਰੈਲ ਨੂੰ ਰੋਪੜ ਦੇ ਸਦਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ ਜਦਕਿ ਕਾਂਗਰਸੀ ਆਗੂ ਅਲਕਾ ਲਾਂਬਾ ਨੂੰ ਇਸ ਕੇਸ ਵਿਚ ਬਾਅਦ ਵਿਚ ਨਾਮਜ਼ਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੁਮਾਰ ਵਿਸ਼ਵਾਸ ਅਤੇ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਘਰ ਪੰਜਾਬ ਪੁਲਿਸ ਵੱਲੋਂ ਰੇਡ ਕੀਤੀ ਗਈ ਸੀ ਅਤੇ ਉਨ੍ਹਾਂ ਨੋਟਿਸ ਦੇ ਕੇ ਰੋਪੜ ਦੇ ਸਦਰ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ।
ਦਿੱਲੀ ਬੈਠਣ ਵਾਲਾ ਪੰਜਾਬ ਨੂੰ ਵੀ ਦੇਵੇਗਾ ਧੋਖਾ : ਵਿਸ਼ਵਾਸ
ਕੁਮਾਰ ਵਿਸ਼ਵਾਸ ਨੇ ਟਵਿੱਟਰ ‘ਤੇ ਲਿਖਿਆ, ਸਵੇਰੇ-ਸਵੇਰੇ ਪੰਜਾਬ ਪੁਲਿਸ ਮੇਰੇ ਘਰ ਆਈ। ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੌਕਸ ਕਰਦਾ ਹਾਂ ਕਿ ਤੁਸੀਂ ਦਿੱਲੀ ਬੈਠੇ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਵਲੋਂ ਦਿੱਤੀ ਗਈ ਸੱਤਾ ਨਾਲ ਖੇਡਣ ਦੇ ਰਹੇ ਹੋ, ਉਹ ਇਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਧੋਖਾ ਦੇਵੇਗਾ, ਦੇਸ਼ ਮੇਰੀ ਇਸ ਚਿਤਾਵਨੀ ਨੂੰ ਯਾਦ ਰੱਖੇ।
ਪੰਜਾਬ ਪੁਲਿਸ ਨੇ ਨਤੀਜੇ ਭੁਗਤਣ ਦੀ ਦਿੱਤੀ ਧਮਕੀ : ਅਲਕਾ ਲਾਂਬਾ
ਅਲਕਾ ਲਾਂਬਾ ਨੇ ਲਿਖਿਆ ਕਿ ਮੇਰੇ ਘਰ ਵੀ ਪੁਲਿਸ ਪਹੁੰਚੀ ਹੈ। ਦੀਵਾਰ ‘ਤੇ ਨੋਟਿਸ ਚਿਪਕਾ ਕੇ ਪੰਜਾਬ ਪੁਲਿਸ ਨੇ ਜਾਂਦੇ-ਜਾਂਦੇ ਭਗਵੰਤ ਮਾਨ ਸਰਕਾਰ ਵਲੋਂ ਧਮਕੀ ਦੇ ਕੇ ਗਈ ਹੈ। ਜੇਕਰ 26 ਅਪ੍ਰੈਲ ਨੂੰ ਪੇਸ਼ ਨਹੀਂ ਹੋਈ ਤਾਂ ਨਤੀਜੇ ਬੁਰੇ ਹੋਣਗੇ। ਕਾਂਗਰਸ ਦੀ ਇਹ ਗਾਂਧੀਵਾਦੀ ਸਿਪਾਹੀ ਅਲਕਾ ਲਾਂਬਾ ਵੱਡੇ ਸੰਘੀਆਂ ਕੋਲੋਂ ਵੀ ਨਹੀਂ ਡਰੀ ਹੈ।

 

Check Also

ਚੁੱਪ-ਚੁਪੀਤੇ ਹੀ ਤੁਰ ਗਿਆ ਪੰਜਾਬੀ ਮਾਂ ਬੋਲੀ ਦਾ ਪੁੱਤ

ਪੰਜਾਬੀ ਮਾਂ ਬੋਲੀ ਦਾ ਪੁੱਤ ਪਦਮਸ੍ਰੀ ਡਾ. ਸੁਰਜੀਤ ਪਾਤਰ ਚੁੱਪ-ਚੁਪੀਤੇ ਹੀ 11 ਮਈ 2024 ਨੂੰ …