ਕਿਸਾਨ ਜਥੇਬੰਦੀਆਂ ਕਰਨ ਲੱਗੀਆਂ ਵਿਰੋਧ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਸਰਕਾਰ ਬਦਲਦੇ ਹੀ ਕਿਸਾਨਾਂ ਦੀ ਫੜੋ-ਫੜੀ ਸ਼ੁਰੂ ਹੋ ਗਈ ਹੈ। ਖੇਤੀ ਵਿਕਾਸ ਬੈਂਕਾਂ ਦਾ ਕਰਜ਼ਾ ਨਾ ਵਾਪਸ ਕਰਨ ਵਾਲਿਆਂ ਖਿਲਾਫ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਜਿਹੀ ਕਾਰਵਾਈ ਕਰ ਰਹੀ ਹੈ। ਇਸਦੇ ਲਈ ਸੂਬੇ ਵਿਚ 2 ਹਜ਼ਾਰ ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਤਿਆਰ ਹੋ ਗਏ ਹਨ।
ਇਨ੍ਹਾਂ ਵਿਚ ਕੁਝ ਨਵੇਂ ਹਨ, ਜਦਕਿ ਕੁਝ ਪੁਰਾਣੇ ਵਾਰੰਟ ਵੀ ਰੀਨਿਊ ਕੀਤੇ ਗਏ ਹਨ। ਸਰਕਾਰ ਨੇ 71 ਹਜ਼ਾਰ ਕਿਸਾਨਾਂ ਕੋਲੋਂ 3200 ਕਰੋੜ ਰੁਪਏ ਦੀ ਵਸੂਲੀ ਕਰਨੀ ਹੈ। ਇਸ ਕਾਰਵਾਈ ਦਾ ਪਤਾ ਲੱਗਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਿਚ ਵੀ ਨਰਾਜ਼ਗੀ ਦੇਖੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ, ਹਾਲਾਂਕਿ ਇਸ ਮਾਮਲੇ ‘ਤੇ ਸਰਕਾਰੀ ਅਫਸਰਾਂ ਨੇ ਚੁੱਪੀ ਸਾਧ ਰੱਖੀ ਹੈ। ਇਸੇ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਜਲਾਲਾਬਾਦ ਵਿਚ ਇਕ ਕਿਸਾਨ ‘ਤੇ ਕਾਰਵਾਈ ਕੀਤੀ ਗਈ ਹੈ ਅਤੇ ਪੰਜਾਬ ਵਿਚ ਕਈ ਕਿਸਾਨਾਂ ਨੂੰ ਵਾਰੰਟ ਜਾਰੀ ਹੋ ਚੁੱਕੇ ਹਨ। ਰਾਜੇਵਾਲ ਨੇ ਕਿਹਾ ਕਿ ਅਸੀਂ ਬਰਨਾਲਾ ਸਰਕਾਰ ਦੇ ਸਮੇਂ ਇਹ ਧਾਰਾ ਸਸਪੈਂਡ ਕਰਵਾਈ ਸੀ ਕਿ ਇਸ ਧਾਰਾ ਨੂੰ ਬੰਦ ਕਰੋ ਨਹੀਂ ਤਾਂ ਕਿਸਾਨ ਚੁੱਪ ਨਹੀਂ ਬੈਠਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਹਿਕਾਰੀ ਬੈਂਕਾਂ ਨੂੰ ਹਦਾਇਤ ਦੇਣ ਕਿ ਉਹ ਕਿਸਾਨਾਂ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨੇ ਬੰਦ ਕਰਨ। ਚੀਮਾ ਨੇ ਹੈਰਾਨੀ ਪ੍ਰਗਟ ਕੀਤੀ ਕਿ ਬਠਿੰਡਾ, ਮਾਨਸਾ ਤੇ ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ‘ਚ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਤੋਂ ਲਏ ਕਰਜ਼ੇ ਮੋੜਨ ਵਿਚ ਫੇਲ੍ਹ ਹੋਏ ਕਿਸਾਨਾਂ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾ ਰਹੇ ਹਨ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …