ਵਿੱਤ ਮੰਤਰੀ ਡੌਮੀਨਿਕ ਲੈਬਲਾਂਕ ਅਤੇ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਮੀਟਿੰਗ ਨੂੰ ਦੱਸਿਆ ਸਾਰਥਿਕ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਦੋ ਕੈਬਨਿਟ ਮੰਤਰੀਆਂ ਨੇ ਮਾਰ-ਏ-ਲਾਗੋ ਵਿੱਚ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਦੇ ਵਣਜ ਸਕੱਤਰ ਵਜੋਂ ਨਾਮਜ਼ਦ ਕੀਤੇ ਹੋਵਰਡ ਲੁਟਨਿਕ ਨਾਲ ਇਕ ਮੀਟਿੰਗ ਕੀਤੀ।
ਇਸ ਮੀਟਿੰਗ ਦੌਰਾਨ ਉਨ੍ਹਾਂ ਨੂੰ ਇਹ ਭਰੋਸਾ ਨਹੀਂ ਮਿਲਿਆ ਕਿ ਟਰੰਪ ਵੱਲੋਂ ਅਮਰੀਕਾ ਦੇ ਪ੍ਰਮੁੱਖ ਕਾਰੋਬਾਰੀ ਭਾਈਵਾਲ ਕੈਨੇਡਾ ਤੋਂ ਆਉਣ ਵਾਲੇ ਸਾਰੇ ਉਤਪਾਦਾਂ ‘ਤੇ ਭਾਰੀ ਟੈਕਸ ਲਾਉਣ ਸਬੰਧੀ ਧਮਕੀ ਨੂੰ ਵਾਪਸ ਲੈ ਲਿਆ ਜਾਵੇਗਾ।
ਦੂਜੇ ਪਾਸੇ ਕੈਨੇਡਾ ਦੇ ਮੰਤਰੀਆਂ ਨੇ ਗੱਲਬਾਤ ਨੂੰ ‘ਫਾਇਦੇਮੰਦ’ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਸਬੰਧੀ ਅੱਗੇ ਵੀ ਗੱਲਬਾਤ ਹੋਵੇਗੀ, ਜਦਕਿ ਇਕ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਨਾਲ ਵਪਾਰ ਸਬੰਧੀ ਆਪਣੇ ਫੈਸਲੇ ‘ਤੇ ਅਮਰੀਕਾ ਹਾਲੇ ਵੀ ਕਾਇਮ ਹੈ।
ਕੈਨੇਡਾ ਦੇ ਵਿੱਤ ਮੰਤਰੀ ਡੌਮੀਨਿਕ ਲੈਬਲਾਂਕ ਅਤੇ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਟਰੰਪ ਦੇ ਵਣਜ ਸਕੱਤਰ ਲਈ ਨਾਮਜ਼ਦ ਹੋਵਰਡ ਲੁਟਨਿਕ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਟਰੰਪ ਵੱਲੋਂ ਗ੍ਰਹਿ ਵਿਭਾਗ ਲਈ ਚੁਣੇ ਗਏ ਉੱਤਰੀ ਡਕੋਟਾ ਦੇ ਗਵਰਨਰ ਡੱਗ ਬਰਗਮ ਨਾਲ ਵੀ ਮੁਲਾਕਾਤ ਕੀਤੀ।
ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਕੈਨੇਡਾ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਪਰਵਾਸੀਆਂ ਅਤੇ ਫੈਂਟਾਨਿਲ ਦੇ ਪ੍ਰਵਾਹ ਨੂੰ ਨਾ ਰੋਕਿਆ ਤਾਂ ਕੈਨੇਡਾ ਦੇ ਸਾਰੇ ਉਤਪਾਦਾਂ ‘ਤੇ 25 ਫੀਸਦ ਟੈਕਸ ਲਗਾਇਆ ਜਾਵੇਗਾ। ਲੈਬਲਾਂਕ ਦੇ ਤਰਜਮਾਨ ਜੀਨ-ਸੈਬੇਸਟੀਅਨ ਕੋਮੀਓ ਨੇ ਕਿਹਾ, ”ਲੈਬਲਾਂਕ ਅਤੇ ਜੋਲੀ ਦੀ ਮਾਰ-ਏ-ਲਾਗੋ ਵਿੱਚ ਹੋਵਰਡ ਲੁਟਨਿਕ ਤੇ ਡੱਗ ਬਰਗਮ ਨਾਲ ਸਾਰਥਿਕ ਮੀਟਿੰਗ ਹੋਈ।
ਇਹ ਮੀਟਿੰਗ ਪਿਛਲੇ ਮਹੀਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੀ ਰਾਤ ਦੇ ਖਾਣੇ ‘ਤੇ ਹੋਈ ਮੁਲਾਕਾਤ ਤੋਂ ਬਾਅਦ ਹੋਈ ਹੈ।”