Breaking News
Home / ਕੈਨੇਡਾ / Front / ਪੰਚਨਦ ਖੋਜ ਸੰਸਥਾ ਨੇ ਚੰਡੀਗੜ੍ਹ ’ਚ ਕਰਵਾਈ ਸਾਲਾਨਾ ਲੈਕਚਰ ਲੜੀ

ਪੰਚਨਦ ਖੋਜ ਸੰਸਥਾ ਨੇ ਚੰਡੀਗੜ੍ਹ ’ਚ ਕਰਵਾਈ ਸਾਲਾਨਾ ਲੈਕਚਰ ਲੜੀ

ਭਾਰਤ ਆਪਣੇ ਗਿਆਨ ਅਤੇ ਆਦਰਸ਼ਾਂ ਨਾਲ ਵਿਸ਼ਵ ਗੁਰੂ ਬਣਿਆ : ਗੁਲਾਬ ਚੰਦ ਕਟਾਰੀਆ
ਭਾਰਤ ਵਿਸ਼ਵ ਪੱਧਰ ’ਤੇ ਇੱਕ ਮਜ਼ਬੂਤ ਰਾਸ਼ਟਰ ਵਜੋਂ ਉੱਭਰਿਆ : ਡਾ: ਪ੍ਰਸ਼ਾਂਤ  ਪੌਲ
ਪੰਚਨਦ ਰਿਸਰਚ ਮੈਗਜ਼ੀਨ ਅਤੇ ਦੋ ਕਿਤਾਬਾਂ ਰਿਲੀਜ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਚਨਦ ਖੋਜ ਸੰਸਥਾ ਦੀ ਸਾਲਾਨਾ ਲੈਕਚਰ ਲੜੀ 5 ਜਨਵਰੀ 2025 ਦਿਨ ਐਤਵਾਰ ਨੂੰ ਚੰਡੀਗੜ੍ਹ ਵਿਖੇ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਮਾਨਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤੀ। ਜਦੋਂ ਕਿ ਉੱਘੇ ਚਿੰਤਕ ਪ੍ਰਸ਼ਾਂਤ ਪੌਲ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਇਸ ਮੌਕੇ ਪੰਚਨਦ ਖੋਜ ਸੰਸਥਾ ਦੇ ਪ੍ਰਧਾਨ ਪ੍ਰੋ. ਬਿ੍ਰਜ ਕਿਸ਼ੋਰ ਕੁਠਿਆਲਾ, ਡਾਇਰੈਕਟਰ ਡਾ. ਕਿ੍ਰਸ਼ਨਚੰਦ ਪਾਂਡੇ ਅਤੇ ਜਨਰਲ ਸਕੱਤਰ ਸੀ.ਏ ਵਿਕਰਮ ਅਰੋੜਾ ਹਾਜ਼ਰ ਸਨ। ਇਹ ਪ੍ਰੋਗਰਾਮ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ.), ਸੈਕਟਰ-26, ਚੰਡੀਗੜ੍ਹ ਵਿਖੇ ਕਰਵਾਇਆ ਗਿਆ।
ਲੈਕਚਰ ਲੜੀ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਦਾ ਇਤਿਹਾਸ ਸੰਘਰਸ਼ਾਂ ਅਤੇ ਜਿੱਤਾਂ ਦਾ ਲੰਮਾ ਸਫਰ ਹੈ। ਉਨ੍ਹਾਂ ਦੱਸਿਆ ਕਿ ਇਹ ਉਹ ਦੇਸ਼ ਹੈ ਜਿਸ ਨੇ ਹਜ਼ਾਰਾਂ ਸਾਲਾਂ ਤੱਕ ਵਿਦੇਸ਼ੀ ਹਮਲਿਆਂ ਦਾ ਸਾਹਮਣਾ ਕੀਤਾ ਅਤੇ ਆਪਣੀ ਵਿਲੱਖਣ ਸੰਸਕਿ੍ਰਤੀ ਨੂੰ ਸੰਭਾਲਿਆ। ਭਾਰਤ ਦੀ ਤਾਕਤ ਕੇਵਲ ਭੌਤਿਕ ਹੀ ਨਹੀਂ ਸਗੋਂ ਅਧਿਆਤਮਿਕ ਅਤੇ ਸੱਭਿਆਚਾਰਕ ਵੀ ਹੈ। ਰਾਜਪਾਲ ਕਟਾਰੀਆ ਨੇ ਕਿਹਾ ਕਿ ਬਾਹਰੀ ਤਾਕਤਾਂ ਨਾਲ ਲੜਦੇ ਹੋਏ ਸਾਡੇ ਪੁਰਖਿਆਂ ਨੇ ਆਪਣੇ ਮਨ ਅਤੇ ਆਤਮਾ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ। ਇਸੇ ਕਰਕੇ ਅੱਜ ਵੀ ਸਾਡਾ ਸੱਭਿਆਚਾਰ ਜਿਉਂਦਾ ਹੈ ਅਤੇ ਸਾਡੇ ਆਦਰਸ਼ ਸਥਿਰ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਸੰਸਕਿ੍ਰਤੀ ਦਾ ਆਧਾਰ ਕੇਵਲ ਭੌਤਿਕ ਖੁਸ਼ਹਾਲੀ ਵਿੱਚ ਹੀ ਨਹੀਂ ਸਗੋਂ ਨੈਤਿਕਤਾ, ਗਿਆਨ ਅਤੇ ਮਨੁੱਖੀ ਕਦਰਾਂ ਕੀਮਤਾਂ ਵਿੱਚ ਹੈ।
ਰਾਜਪਾਲ ਕਟਾਰੀਆ ਨੇ ਕਿਹਾ ਕਿ ਭਾਰਤ ਨੇ ਤਲਵਾਰ ਦੀ ਤਾਕਤ ਨਾਲ ਨਹੀਂ ਸਗੋਂ ਆਪਣੇ ਗਿਆਨ ਅਤੇ ਆਦਰਸ਼ਾਂ ਨਾਲ ਦੁਨੀਆ ਦੀ ਅਗਵਾਈ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਕੁਝ ਤਾਕਤਾਂ ਭਾਰਤ ਨੂੰ ਮੁੜ ਤਾਕਤਵਰ ਹੁੰਦਾ ਨਹੀਂ ਦੇਖਣਾ ਚਾਹੁੰਦੀਆਂ। ਉਨ੍ਹਾਂ ਵਿਅਕਤੀਵਾਦੀ ਸੋਚ ਦੀ ਆਲੋਚਨਾ ਕਰਦਿਆਂ ਕਿਹਾ ਕਿ ਅੱਜ ਦਾ ਮਨੁੱਖ ਆਪਣੇ ਅਤੇ ਆਪਣੇ ਪਰਿਵਾਰ ਤੱਕ ਸੀਮਤ ਹੋ ਗਿਆ ਹੈ। ਇਹ ਪਹੁੰਚ ਸਾਨੂੰ ਸਮਾਜ ਅਤੇ ਦੇਸ਼ ਪ੍ਰਤੀ ਸਾਡੇ ਫਰਜ਼ਾਂ ਤੋਂ ਦੂਰ ਕਰ ਦਿੰਦੀ ਹੈ। ਸਾਨੂੰ ਇਹ ਸਮਝਣਾ ਹੋਵੇਗਾ ਕਿ ਜਿਸ ਦੇਸ਼ ਅਤੇ ਸਮਾਜ ਨੇ ਸਾਨੂੰ ਬਣਾਇਆ ਹੈ, ਉਸ ਪ੍ਰਤੀ ਸਾਡੀ ਵੀ ਜ਼ਿੰਮੇਵਾਰੀ ਹੈ। ਰਾਜਪਾਲ ਨੇ ਅਪੀਲ ਕੀਤੀ ਕਿ ਇਹ ਸਮਾਂ ਵਿਹਲੇ ਬੈਠਣ ਦਾ ਨਹੀਂ ਹੈ, ਸਗੋਂ ਆਪਣੀ ਸੰਸਕਿ੍ਰਤੀ ਅਤੇ ਕਦਰਾਂ-ਕੀਮਤਾਂ ਨੂੰ ਸੁਰਜੀਤ ਕਰਨ ਅਤੇ ਭਾਰਤ ਨੂੰ ਇੱਕ ਵਾਰ ਫਿਰ ਵਿਸ਼ਵ ਨੇਤਾ ਵਜੋਂ ਸਥਾਪਿਤ ਕਰਨ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਸਾਡੇ ਸੱਭਿਆਚਾਰ ਵਿੱਚ ਨਾ ਸਿਰਫ਼ ਸਮੱਸਿਆਵਾਂ ਦਾ ਹੱਲ ਹੁੰਦਾ ਹੈ, ਸਗੋਂ ਇਹ ਆਤਮ ਵਿਸ਼ਵਾਸ ਅਤੇ ਪ੍ਰੇਰਨਾ ਵੀ ਦਿੰਦਾ ਹੈ।
ਭਾਰਤ ਵਿਸ਼ਵ ਪੱਧਰ ’ਤੇ ਇੱਕ ਮਜ਼ਬੂਤ ਰਾਸ਼ਟਰ ਵਜੋਂ ਉੱਭਰਿਆ : ਡਾ: ਪ੍ਰਸ਼ਾਂਤ  ਪੌਲ
ਪੰਚਨਦ ਖੋਜ ਸੰਸਥਾ ਦੀ 31ਵੀਂ ਸਾਲਾਨਾ ਲੈਕਚਰ ਲੜੀ ਦੇ ਮੌਕੇ ’ਤੇ ਮੁੱਖ ਬੁਲਾਰੇ ਵਜੋਂ ਇਕੱਠ ਨੂੰ ਸੰਬੋਧਨ ਕਰਦਿਆਂ ਉੱਘੇ ਚਿੰਤਕ ਅਤੇ ਖੋਜਕਾਰ ਡਾ. ਪ੍ਰਸ਼ਾਂਤ ਪੌਲ ਨੇ ਹਾਲ ਹੀ ਵਿੱਚ ਬੰਗਲਾਦੇਸ਼ ਵਿੱਚ ਵੰਡ ਦੌਰਾਨ ਹਿੰਦੂਆਂ ’ਤੇ ਹੋਏ ਘਿਨਾਉਣੇ ਅੱਤਿਆਚਾਰਾਂ ਅਤੇ ਨਸਲਕੁਸ਼ੀ ’ਤੇ ਚਿੰਤਾ ਪ੍ਰਗਟ ਕੀਤੀ। ਇਤਿਹਾਸ ਬਾਰੇ ਗੱਲਬਾਤ ਕਰਦਿਆਂ ਡਾ: ਪ੍ਰਸ਼ਾਂਤ ਪੌਲ ਨੇ ਕਿਹਾ ਕਿ ਮੁਸਲਿਮ ਲੀਗ ਦੀ ਸਥਾਪਨਾ 1906 ਵਿੱਚ ਬੰਗਾਲ ਦੀ ਉਸ ਸਮੇਂ ਦੀ ਰਾਜਧਾਨੀ ਢਾਕਾ ਵਿੱਚ ਹੋਈ ਸੀ। ਇਹ ਬੰਗਾ-ਭੰਗਾ ਲਹਿਰ ਦੇ ਪ੍ਰਭਾਵ ਨੂੰ ਕਮਜ਼ੋਰ ਕਰਨ ਲਈ ਅੰਗਰੇਜ਼ਾਂ ਦੀ ਹਮਾਇਤ ਵਾਲੀ ਯੋਜਨਾ ਸੀ।
1947 ਦੀ ਵੰਡ ਦੇ ਦੁਖਾਂਤ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਧਰਮ ’ਤੇ ਆਧਾਰਿਤ ਇਸ ਵੰਡ ਨੇ ਲੱਖਾਂ ਲੋਕਾਂ ਨੂੰ ਉਜਾੜ ਦਿੱਤਾ ਅਤੇ ਹਜ਼ਾਰਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ। ਪ੍ਰਸ਼ਾਸਨਿਕ ਤਿਆਰੀ ਦੀ ਘਾਟ ਅਤੇ ਕਾਂਗਰਸ ਲੀਡਰਸ਼ਿਪ ਦੀ ਕਮਜ਼ੋਰੀ ਨੇ ਇਸ ਸਭ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਹੈ। ਅੱਜ ਦੀਆਂ ਚੁਣੌਤੀਆਂ ’ਤੇ ਚਰਚਾ ਕਰਦਿਆਂ ਡਾ: ਪੌਲ ਨੇ ਕਿਹਾ ਕਿ ਭਾਰਤ ਵਿਸ਼ਵ ਪੱਧਰ ’ਤੇ ਇੱਕ ਮਜ਼ਬੂਤ ਰਾਸ਼ਟਰ ਵਜੋਂ ਉੱਭਰ ਰਿਹਾ ਹੈ ਪਰ ਫਿਰਕਾਪ੍ਰਸਤੀ ਅਤੇ ਅਸਹਿਣਸ਼ੀਲਤਾ ਨੂੰ ਬੜਾਵਾ ਦੇਣ ਵਾਲੀ ਵੰਡ ਦੀ ਮਾਨਸਿਕਤਾ ਮੁੜ ਸਿਰ ਚੁੱਕ ਰਹੀ ਹੈ। ਬੰਗਲਾਦੇਸ਼ ਵਿੱਚ ਵਾਪਰੀਆਂ ਤਾਜ਼ਾ ਘਟਨਾਵਾਂ ਨੇ ਇਸ ਖਤਰੇ ਨੂੰ ਸਪਸ਼ਟ ਰੂਪ ਵਿੱਚ ਉਜਾਗਰ ਕੀਤਾ ਹੈ।
ਪੰਚਨਦ ਰਿਸਰਚ ਮੈਗਜ਼ੀਨ ਅਤੇ ਦੋ ਕਿਤਾਬਾਂ ਰਿਲੀਜ਼
ਪੰਚਨਦ ਖੋਜ ਸੰਸਥਾ ਦੀ 31ਵੀਂ ਸਾਲਾਨਾ ਲੈਕਚਰ ਲੜੀ ਦੇ ਮੌਕੇ ਸੰਸਥਾ ਵੱਲੋਂ ਪ੍ਰਕਾਸ਼ਿਤ ਪੰਚਨਦ ਰਿਸਰਚ ਮੈਗਜ਼ੀਨ ਅਤੇ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ ਪਹਿਲੀ ਪੁਸਤਕ ‘ਵਿਚਾਰ ਪ੍ਰਵਾਹ’ ਨੂੰ ਸੰਸਥਾ ਦੇ ਪ੍ਰਧਾਨ ਪ੍ਰੋ. ਬਿ੍ਰਜ ਕਿਸ਼ੋਰ ਕੁਠਿਆਲਾ ਦੁਆਰਾ ਲਿਖਿਆ ਗਿਆ ਹੈ। ਦੂਜੀ ਪੁਸਤਕ ‘ਹਿਊਮਨ ਵੈਲਿਊਜ਼ ਐਂਡ ਰਾਈਟਸ ਇਨ ਦਾ ਕੁਰਾਨ’ ਦਿੱਲੀ ਯੂਨੀਵਰਸਿਟੀ ਦੇ ਦਿੱਲੀ ਕਾਲਜ ਆਫ਼ ਆਰਟਸ ਐਂਡ ਕਾਮਰਸ ਦੇ ਪੱਤਰਕਾਰੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਤੇ ਦਿੱਲੀ ਰਾਜ ਦੇ ਕੋਆਰਡੀਨੇਟਰ ਡਾ: ਅਮਰੇਂਦਰ ਕੁਮਾਰ ਆਰੀਆ ਦੁਆਰਾ ਲਿਖੀ ਖੋਜ-ਅਧਾਰਿਤ ਰਚਨਾ ਹੈ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਵਿਕਰਮ ਅਰੋੜਾ ਨੇ ਪੰਚਨਦ ਖੋਜ ਸੰਸਥਾ ਸਬੰਧੀ ਜਾਣਕਾਰੀ ਦਿੱਤੀ, ਜਦੋਂ ਕਿ ਸੰਸਥਾ ਦੇ ਡਾਇਰੈਕਟਰ ਡਾ: ਕਿ੍ਰਸ਼ਨ ਚੰਦ ਪਾਂਡੇ ਨੇ ਪਿਛਲੇ ਸਾਲ ਦਾ ਲੇਖਾ-ਜੋਖਾ ਸਾਂਝਾ ਕੀਤਾ। ਸੰਸਥਾ ਦੇ 45 ਅਧਿਐਨ ਕੇਂਦਰਾਂ ਦੇ ਕਰੀਬ 500 ਵਰਕਰਾਂ ਨੇ ਇਸ ਸਮਾਗਮ ਵਿੱਚ ਸਰਗਰਮੀ ਨਾਲ ਭਾਗ ਲਿਆ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਅਕਾਲੀ ਦਲ ਦੇ ਵਫਦ ਨੇ ਕੀਤੀ ਮੁਲਾਕਾਤ

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ : ਅਕਾਲੀ ਦਲ ’ਚ ਨਵੀਂ ਭਰਤੀ ਪ੍ਰਕਿਰਿਆ ਬਾਰੇ ਕੀਤੀ …