ਸਿੱਖਿਆ ਮੰਤਰੀ ਦੇ ਹਲਕੇ ’ਚ ਘਰ-ਘਰ ਜਾ ਕੇ ਮੰਗੀ ਭੀਖ
ਜਲੰਧਰ/ਬਿਊਰੋ ਨਿਊਜ਼
ਪਿਛਲੇ ਕਈ ਦਿਨਾਂ ਤੋਂ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਵੱਲੋਂ 180 ਬੇਰੁਜ਼ਗਾਰ ਅਧਿਆਪਕਾਂ ਨੂੰ ਇਨਸਾਫ਼ ਦਿਵਾਉਣ ਲਈ ਸਿੱਖਿਆ ਮੰਤਰੀ ਦੇ ਘਰ ਨੇੜੇ ਰੋਸ ਧਰਨਾ ਸ਼ੁਰੂ ਕੀਤਾ ਗਿਆ ਸੀ। ਧਰਨੇ ’ਤੇ ਬੈਠੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਖਿਲਾਫ਼ ਭੰਡੀ ਪ੍ਰਚਾਰ ਕਰਨ ਲਈ ਇਕ ਅਨੋਖੀ ਮੁਹਿੰਮ ਚਲਾਈ। ਜਿਸ ਦੇ ਤਹਿਤ ਅੱਜ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਹਲਕੇ ਵਿਚ ਘਰ-ਘਰ ਪਹੁੰਚ ਕੇ ਭੀਖੀ ਮੰਗੀ ਅਤੇ ਪਰਗਟ ਸਿੰਘ ਖਿਲਾਫ਼ ਭੰਡੀ ਪ੍ਰਚਾਰ ਕੀਤਾ। ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਅਤੇ ਗੁਰਮੁਖ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਅਧਿਆਪਕਾਂ ਨੂੰ ਦਿੱਤੇ ਜਾ ਰਹੇ ਝੂਠੇ ਭਰੋਸਿਆਂ ਦੀ ਪੋਲ ਖੋਲ੍ਹਣ ਲਈ ਉਨ੍ਹਾਂ ਇਹ ਭੀਖ ਮੰਗਣ ਵਾਲੀ ਮੁਹਿੰਮ ਚਲਾਈ ਹੈ ਤਾਂ ਜੋ ਲੋਕਾਂ ਨੂੰ ਸਰਕਾਰ ਦੀ ਨੀਅਤ ਅਤੇ ਨੀਤੀ ਤੋਂ ਜਾਣੂ ਕਰਵਾਇਆ ਜਾਣੂ ਕਰਵਾਇਆ ਜਾ ਸਕੇ। ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਰਫ਼ ਲੋਕਾਂ ਨਾਲ ਝੂਠੇ ਵਾਅਦੇ ਹੀ ਕੀਤੇ ਜਾ ਰਹੇ ਹਨ ਜਦਕਿ ਹਕੀਕਤ ਵਿਚ ਕੁੱਝ ਵੀ ਨਹੀਂ ਹੋ ਰਿਹਾ।