ਬਿਪਿਨ ਰਾਵਤ ਦੀ ਪਤਨੀ ਅਤੇ 12 ਹੋਰ ਫੌਜੀ ਅਧਿਕਾਰੀਆਂ ਦੀ ਵੀ ਗਈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਤਾਮਿਲਨਾਡੂ ’ਚ ਕੂਨਰ ਦੇ ਜੰਗਲਾਂ ’ਚ ਅੱਜ ਫੌਜ ਦਾ ਐਮ ਆਈ-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਸੰਘਣੇ ਜੰਗਲਾਂ ’ਚ ਵਾਪਰੇ ਇਸ ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਇਸ ਹਾਦਸੇ ਦੌਰਾਨ ਦੇਸ਼ ਦੇ ਪਹਿਲੇ ਚੀਫ਼ ਆਫ ਡਿਫੈਂਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਪਤਨੀ ਮਧੁਲਿਕਾ ਰਾਵਤ ਤੋ ਇਲਾਵਾ 12 ਹੋਰ ਫੌਜੀ ਅਧਿਕਾਰੀਆਂ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹੈਲੀਕਾਪਟਰ ਸਲੂਰ ਏਅਰਬੇਸ ਤੋਂ ਵੇਲਿੰਗਟਨ ਜਾ ਰਿਹਾ ਸੀ। ਹੈਲੀਕਾਪਟਰ ਦੁਪਹਿਰ 12: 30 ਵਜੇ ਉਦੋਂ ਹਾਦਸਾਗ੍ਰਸਤ ਹੋਇਆ ਜਦੋਂ ਉਹ ਲੈਂਡ ਸਪੌਟ ਤੋਂ ਮਹਿਜ 10 ਕਿਲੋਮੀਟਰ ਦੂਰ ਸੀ। ਧਿਆਨ ਰਹੇ ਕਿ ਬਿਪਿਨ ਰਾਵਤ ਦੇਸ਼ ਦੇ ਪਹਿਲੇ ਚੀਫ਼ ਡਿਫੈਂਸ ਸਟਾਫ ਹਨ। ਉਨ੍ਹਾਂ ਨੇ 1 ਜਨਵਰੀ 2020 ਨੂੰ ਇਹ ਅਹੁਦਾ ਸੰਭਾਲਿਆ ਸੀ। ਰਾਵਤ 31 ਦਸੰਬਰ 2016 ਤੋਂ 31 ਦਸੰਬਰ 2019 ਤੱਕ ਸੈਨਾ ਮੁਖੀ ਦੇ ਅਹੁਦੇ ’ਤੇ ਵੀ ਰਹਿ ਚੁੱਕੇ ਹਨ। ਤਾਮਿਲਨਾਡੂ ’ਚ ਵਾਪਰੇ ਇਸ ਭਿਆਨਕ ਹਾਦਸੇ ’ਤੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ, ਤਿੰਨੋਂ ਸੈਨਾਵਾਂ ਦੇ ਮੁਖੀਆਂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਸਮੇਤ ਰਾਜਨੀਤਿਕ ਅਤੇ ਹੋਰ ਉਘੀਆਂ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ ਹੈ।