ਬਾਲਟੀ ਚੋਣ ਨਿਸ਼ਾਨ ਹੋਇਆ ਅਲਾਟ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਾਲਟੀ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਚੋਣ ਡਾਇਰਟੋਰੇਟ ਨੇ 25 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ‘ਚ ਅਕਾਲੀ ਦਲ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਸੀ, ਜਦੋਂਕਿ ਛੇ ਹੋਰ ਪਾਰਟੀਆਂ ਨੂੰ ਚੋਣ ਲੜਨ ਦੇ ਯੋਗ ਦੱਸਿਆ ਗਿਆ ਸੀ। ਆਖਿਆ ਜਾ ਰਿਹਾ ਸਿੱਖਾਂ ਦੀਆਂ ਧਾਰਮਿਕ ਸਫ਼ਾਂ ਨਾਲ ਜੁੜਿਆ ਮਸਲਾ ਮੀਡੀਆ ‘ਤੇ ਭਖਣ ਕਰਕੇ ਦਿੱਲੀ ਸਰਕਾਰ ਨੂੰ ਫੈਸਲਾ ਬਦਲਣਾ ਪਿਆ। ਇਸ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਗਈ ਸੀ ਉਨ੍ਹਾਂ ਵਿੱਚ ਪੰਥਕ ਸੇਵਾ ਦਲ, ਆਮ ਅਕਾਲੀ ਦਲ, ਜਾਗੋ ਜਗ ਆਸਰਾ ਗੁਰੂ ਓਟ, ਪੰਥਕ ਅਕਾਲੀ ਲਹਿਰ, ਸਿੱਖ ਸਦਭਾਵਨਾ ਦਲ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 25 ਅਪਰੈਲ ਨੂੰ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 28 ਅਪਰੈਲ ਨੂੰ ਕੀਤੀ ਜਾਏਗੀ।